ਟੱਲੇਵਾਲ – ਰਾਮਗੜ੍ਹ ਵਾਲੇ ਮੋੜ ‘ਤੇ ਹੋਇਆ ਹਾਦਸਾ
ਸੋਨੀ ਪਨੇਸਰ ਬਰਨਾਲਾ
ਜਿਲ੍ਹੇ ਦੇ ਪਿੰਡ ਟੱਲੇਵਾਲ ਨੇੜੇ ਹੋਏ ਇੱਕ ਭਿਆਣਕ ਸੜਕ ਹਾਦਸੇ ਵਿੱਚ ਬਾਪ ਤੇ ਬੇਟੀ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਮਾਂ-ਬੇਟੇ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪ੍ਰਾਪਤ ਸੂਚਨਾ ਅਨੁਸਾਰ ਕੁਲਦੀਪ ਸਿੰਘ ਵਾਸੀ ਤਲਵੰਡੀ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੋਗਾ ਸਾਈਡ ਤੋਂ ਬਰਨਾਲਾ ਵੱਲ ਜਾ ਰਿਹਾ ਸੀ। ਜਦੋਂ ਪਰਿਵਾਰ ਟੱਲੇਵਾਲ ਤੇ ਰਾਮਗੜ੍ਹ ਵਾਲੇ ਮੋੜ ‘ਤੇ ਪਹੁੰਚਿਆ ਤਾਂ ਬਰਨਾਲਾ ਸਾਈਡ ਤੋਂ ਜਾ ਰਹੇ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ । ਹਾਦਸੇ ਚ, ਮੋਟਰਸਾਈਕਲ ਸਵਾਰ 28 ਵਰ੍ਹਿਆਂ ਦੇ ਕੁਲਦੀਪ ਸਿੰਘ ਤੇ ਉਸ ਦੀ 4 ਕੁ ਸਾਲਾ ਦੀ ਬੇਟੀ ਗੁਰਲੀਨ ਕੌਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ । ਜਦੋਂ ਕਿ ਮ੍ਰਿਤਕ ਕੁਲਦੀਪ ਦੀ ਘਰਵਾਲੀ ਰਜਨੀ ਕੌਰ ਤੇ 6 ਸਾਲਾ ਦਾ ਬੇਟਾ ਅਨਮੋਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਲਿਆਂਦਾ ਗਿਆ ਹੈ। ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਨੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀਆਂ ਹਨ। ਮ੍ਰਿਤਕ ਦੇ ਭਰਾ ਅਜਾਇਬ ਸਿੰਘ ਦੇ ਬਿਆਨ ਤੇ ਟਰੱਕ ਡਰਾਇਵਰ ਰਾਮ ਸਿੰਘ ਨਿਵਾਸੀ ਕਾਂਝਲੀ ਦੇ ਖਿਲਾਫ ਕੇਸ ਦਰਜ਼ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।