ਮੈਂ ਆਪਣੇ ਹਲਕੇ ਨੂੰ ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ
ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ
ਰਘਵੀਰ ਹੈਪੀ, ਬਰਨਾਲਾ 12 ਮਾਰਚ 2024
ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਘੇਰਿਆ। ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅੱਜ ਰੈਸਟ ਹਾਊਸ ਬਰਨਾਲਾ ਵਿਖੇ ਮੀਡੀਆ ਦੇ ਰੂਬਰੂ ਹੋਏ। ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦਾ ਸਿਹਰਾ ਖੁਦ ਲੈ ਕੇ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ, ਜਦੋਂਕਿ ਇਹ ਪ੍ਰੋਜੈਕਟ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ |
ਉਨ੍ਹਾਂ ਆਪਣੇ ਵੱਲੋਂ ਕੇਂਦਰ ਸਰਕਾਰ ਨੂੰ ਲਿਖੀਆ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਿਖੀਆ ਚਿੱਠੀਆਂ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਪਾਏ ਦਬਾਅ ਸਦਕਾ ਹੀ ਇਸ ਕ੍ਰਿਟੀਕਲ ਕੇਅਰ ਸੈਂਟਰ ਦੇ ਟੈਂਡਰ ਹੋਏ ਹਨ | ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬਕਾਇਦਾ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਤਰ ਲਿਖ ਕੇ ਪ੍ਰੋਜੈਕਟ ਦੀ ਜਾਣਕਾਰੀ ਹਾਸਲ ਕਰਨ ਅਤੇ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਸੰਬੰਧੀ ਉਨ੍ਹਾਂ ਨੇ ਇੱਕ ਹਫਤਾ ਪਹਿਲਾ ਸਿਵਲ ਸਰਜਨ ਬਰਨਾਲਾ ਨੂੰ ਸੂਚਨਾ ਵੀ ਭੇਜੀ ਸੀ ਕਿ ਉਹ 12 ਮਾਰਚ ਨੂੰ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਪਹੁੰਚ ਰਹੇ ਹਨ । ਪਰ ਸਿਵਲ ਸਰਜਨ ਵੱਲੋਂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ |
ਸ. ਮਾਨ ਨੇ ਕਿਹਾ ਕਿ ਬਰਨਾਲਾ ਵਿਖੇ ਕ੍ਰਿਟੀਕਲ ਕੇਅਰ ਸੈਂਟਰ ਬਨਣ ਨਾਲ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ । ਅਨੇਕਾਂ ਮਹਾਂਮਾਰੀਆਂ, ਜਿਨ੍ਹਾਂ ਦਾ ਇਲਾਜ ਇੱਥੇ ਸੰਭਵ ਹੋ ਸਕੇਗਾ | ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕਾ ਸੰਗਰੂਰ ਨੂੰ ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ, ਜਦੋਂਕਿ ਮੌਜੂਦਾ ਪੰਜਾਬ ਸਰਕਾਰ ਹਮੇਸ਼ਾ ਝੂਠੀ ਵਾਹਵਾਹੀ ਖੱਟਣ ਦੀ ਫਿਰਾਕ ਵਿੱਚ ਹੀ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਸਰਜਨ ਦੀ ਕੁਤਾਹੀ ਸੰਬੰਧੀ ਉਹ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਣਗੇ |ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੁੱਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਹਾਜਰ ਸਨ |