ਡੇਰਾ ਪ੍ਰੇਮੀਆਂ ਦੇ ਘਰੀਂ ਵੀ ਜਗਣਗੇ ਪ੍ਰਾਣ ਪ੍ਰਤਿਸ਼ਠਾ ਮੌਕੇ ਖੁਸ਼ੀਆਂ ਦੇ ਦੀਵੇ

Advertisement
Spread information

ਅਸ਼ੋਕ ਵਰਮਾ ,ਬਠਿੰਡਾ 21 ਜਨਵਰੀ 2024

      ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਡੇਰੇ ਪ੍ਰਬੰਧਕਾਂ ਅਤੇ ਡੇਰਾ ਪ੍ਰੇਮੀਆਂ ਨੇ 22 ਜਨਵਰੀ ਨੂੰ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਮੰਦਰ ਬਣਨ ਦੀ ਖੁਸ਼ੀ ’ਚ ਕਰਵਾਏ ਜਾ ਰਹੇ ਇਤਿਹਾਸਕ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਮੌਕੇ ਦਿਵਾਲੀ ਦੀ ਤਰਾਂ ਦੀਪ ਮਾਲਾ ਕਰਨ ਅਤੇ ਦੀਵੇ ਆਦਿ ਲਾਉਣ ਲਈ ਜੰਗੀ ਪੱਧਰ ਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਦੋ ਦਿਨ ਪਹਿਲਾਂ ਪੈਰੋਲ ਮਿਲਣ ਉਪਰੰਤ ਵੀਡੀਓ ਜਾਰੀ ਕਰਕੇ ਡੇਰਾ ਸਿਰਸਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਇਸ ਦਿਨ ਵੱਡੀ ਪੱਧਰ ਤੇ ਖੁਸ਼ੀਆਂ ਮਨਾਉਣ ਅਤੇ ਢੋਲ ਢਮੱਕਾ ਕਰਨ ਦਾ ਸੱਦਾ ਦੇਣ ਦੇ ਨਾਲ ਨਾਲ ਜਨਵਰੀ ਮਹੀਨੇ ਦੌਰਾਨ ਕਰਵਾਏ ਜਾਣ ਵਾਲੇ ਭੰਡਾਰੇ ਸੰਬਧੀ ਆਸ਼ੀਰਵਾਦ ਵੀ ਦਿੱਤਾ ਸੀ।                                                     ਰਾਮ ਰਹੀਮ ਨੇ ਡੇਰਾ ਪੈਰੋਕਾਰਾਂ ਨੂੰ ਇਸ ਦਿਨ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਅਤੇ ਦਿਵਾਲੀ ਵਰਗਾ ਤਿਉਹਾਰ ਮਨਾਉਣ ਲਈ ਕਿਹਾ ਹੈ। ਉਨ੍ਹਾਂ ਆਖਿਆ ਕਿ ਰਾਮ ਜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਤੁਸੀਂ ਵੀ ਸਾਰੇ ਉਸ ਵਿੱਚ ਸ਼ਾਮਲ ਹੋਵੋ  ਕਿਉਂਕਿ ਅਸੀਂ ਸਾਰੇ ਉਸੇ ਰਾਮ ਜੀ ਦੀ ਸੰਤਾਨ ਹਾਂ । ਦੱਸਣਯੋਗ ਹੈ ਕਿ ਸ੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ ਵਿਖੇ ਰਾਮ ਲੱਲਾ ਪ੍ਰਾਣ- ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਬਾਅਦ ਦੁਪਹਿਰ 12 ਵੱਜਕੇ 20 ਮਿੰਟ ਤੇ ਸ਼ੁਰੂ ਹੋਣਗੇ । ਜਿੰਨ੍ਹਾਂ ਦੇ 1 ਵਜੇ ਤੱਕ ਸਮਾਪਤ ਹੋਣ ਦੀ ਉਮੀਦ ਹੈ। ਗੁਰਮੀਤ ਰਾਮ ਰਹੀਮ ਸਿੰਘ ਇਨ੍ਹਾਂ ਦਿਨਾਂ ਦੌਰਾਨ 50 ਦਿਨਾਂ ਦੀ ਪੈਰੋਲ ਤੇ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਬਰਨਾਵਾ ਡੇਰੇ ’ਚ ਰੁਕੇ ਹੋਏ ਹਨ।                                                   
         ‘ਮਾਲਵੇ ਦੀਆਂ ਵੱਖ ਵੱਖ ਥਾਵਾਂ ਤੋਂ ਇਸ ਪੱਤਰਕਾਰ  ਕੋਲ ਪੁੱਜੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੇ ਡੇਰਾ ਪ੍ਰੇਮੀਆਂ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਧੂਮ ਧਾਮ ਨਾਲ ਮਨਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਠੰਢ ਦੇ ਬਾਵਜੂਦ ਡੇਰਾ ਸੱਚਾ ਸੌਦਾ ਸਿਰਸਾ ਦੇ ਬਠਿੰਡਾ ਡੇਰੇ ’ਚ ਆਗੂ ਪ੍ਰਬੰਧਕ ਅਤੇ ਵਲੰਟੀਅਰ ਅੱਜ ਸਵੇਰ ਵਕਤ ਹੀ ਪੁੱਜ ਗਏ ਸਨ ਅਤੇ ਸਜਾਵਟ ਦੇ ਨਾਲ ਨਾਲ ਸਾਫ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜੋ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਪਤਾ ਲੱਗਿਆ ਹੈ ਕਿ  ਕਈ ਥਾਵਾਂ ਤੇ ਤਾਂ ਦੁਪਿਹਰ ਤੱਕ ਪ੍ਰਬੰਧਕਾਂ ਨੇ ਲੜੀਆਂ ਆਦਿ ਲਾਉਣ ਅਤੇ ਸਾਫ ਸਫਾਈ ਕਾਰਜਾਂ ਨੂੰ ਅੰਤਿਮ ਛੋਹਾਂ ਵੀ ਦੇ ਦਿੱਤੀਆਂ ਸਨ ਜਦੋਂਕਿ ਕੁੱਝ ਥਾਈਂ ਇਹ ਕੰਮ ਦੇਰ ਸ਼ਾਮ ਤੱਕ ਵੀ ਜਾਰੀ ਰਿਹਾ ਦੱਸਿਆ ਗਿਆ ਹੈ ।
      ਅਯੁੱਧਿਆ ਵਿਖੇ ਮੁੱਖ ਸਮਾਗਮ ਤੋਂ ਪਹਿਲਾਂ ਕਈ ਸ਼ਹਿਰਾਂ ’ਚ ਭਗਵਾਨ ਰਾਮ ਚੰਦਰ ਜੀ ਨਾਲ ਸਬੰਧਤ ਕੱਢੀਆਂ ਗਈਆਂ ਸ਼ੋਭਾ ਯਾਤਰਾ ਅਤੇ ਹੋਰ ਸਮਾਰੋਹਾਂ ਵਿੱਚ ਵੀ ਡੇਰਾ ਪ੍ਰੇਮੀਆਂ ਵੱਲੋਂ ਸ਼ਿਰਕਤ ਕਰਨ ਦੀ ਖਬਰਾਂ ਹਨ। ਰਾਮ ਰਹੀਮ ਦੇ ਸੱਦੇ ਤਹਿਤ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਲਈ ਉਤਸ਼ਾਹ ਦਾ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਬਠਿੰਡਾ ਜਿਲ੍ਹੇ ਦੇ ਹਲਕਾ ਰਾਮਪੁਰਾ ਫੂਲ ’ਚ ਸਥਿਤ ਡੇਰਾ ਸਲਾਬਤਪੁਰਾ ਵਿਖੇ ਦੂਸਰੇ ਡੇਰਾ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਵਸ ਸਬੰਧੀ ਜਨਵਰੀ ਮਹੀਨੇ ’ਚ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾ ਸਤਿਸੰਗ ਭੰਡਾਰਾ ਸਮਾਗਮ ਐਤਕੀ ਰੱਦ ਕਰ ਦਿੱਤਾ ਗਿਆ ਹੈ। ਇਸ ਸਮਾਗਮ ’ਚ 50 ਲੱਖ ਤੋਂ ਵੱਧ ਡੇਰਾ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੇ ਅਨੁਮਾਨ ਲਾਏ ਗਏ ਸਨ ਜੋ ਹੁਣ 22 ਜਨਵਰੀ ਦੇ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ।
       ਤਪਾ ਮੰਡੀ ਦੇ ਡੇਰਾ ਪ੍ਰੇਮੀ ਸੁਰਿੰਦਰ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਡੇਰੇ ਦੀ ਸੰਗਤ ਸੋਮਵਾਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਦਿਵਾਲੀ ਦੀ ਤਰਾਂ ਮਨਾਉਣ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਮੰਡੀ ਦੀਆਂ ਹਿੰਦੂ ਜੱਥੇਬੰਦੀਆਂ ਨੇ ਅੱਜ ਸ਼ੋਭਾ ਯਾਤਰਾ ਕੱਢੀ ਸੀ, ਜਿਸ ਵਿੱਚ ਵੀ ਡੇਰਾ ਪੈਰੋਕਾਰਾਂ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਲਈ ਉਨ੍ਹਾਂ ਦੇ ਗੁਰੂ ਵੱਲੋਂ ਲਾਇਆ ਗਿਆ ਹੁਕਮ ਇਲਾਹੀ ਹੈ। ਮਾਲਵਾ ਖਿੱਤੇ ਨਾਲ ਸਬੰਧਤ ਜਿਆਦਾਤਰ ਇਲਾਕਾ ਅਜਿਹਾ ਹੈ । ਜਿੱਥੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਹੈ ਅਤੇ ਬਾਕੀ ਹਿੱਸਾ  ਵੀ ਡੇਰੇ ਦੇ ਅਸਰ ਤੋਂ ਪੂਰੀ ਤਰਾਂ ਮੁਕਤ ਨਹੀਂ ਹੈ।  ਹਾਲਾਂਕਿ ਇਹ ਸਮਾਗਮ ਨਿਰੋਲ ਧਾਰਮਿਕ ਹੈ ਪਰ ਭਾਜਪਾ ਵੱਲੋਂ ਮੁੱਖ ਸ਼ਮੂਲੀਅਤ ਕਰਨ ਕਰਕੇ ਰਾਮ ਰਹੀਮ ਵੱਲੋਂ ਦਿੱਤੇ ਗਏ ਸੱਦੇ ਨੂੰ ਸਿਆਸੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ।
 ਸ਼ਰਧਾਲੂਆਂ ਵਿੱਚ ਉਤਸ਼ਾਹ: ਪ੍ਰਬੰਧਕ
    ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ 85 ਮੈਂਬਰ ਗੁਰਦੇਵ ਸਿੰਘ ਬਠਿੰਡਾ ਦਾ ਕਹਿਣਾ ਹੈ ਕਿ ਡੇਰਾ ਸ਼ਰਧਾਲੂਆਂ ’ਚ 22 ਜਨਵਰੀ ਦੇ ਪ੍ਰੋਗਰਾਮ ਨੂੰ ਲੈਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਹੋਰ ਵੱਖ ਵੱਖ ਥਾਵਾਂ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਦਿਵਾਲੀ ਦੀ ਤਰਾਂ ਦੀਵੇ ਲਾਏ ਜਾਣਗੇ ਅਤੇ ਲੜੀਆਂ ਆਦਿ ਵੀ ਲਾਈਆਂ ਜਾ ਰਾਹੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਐਮ.ਐਸ.ਜੀ. ਮਾਨਵਤਾ ਭਲਾਈ ਕੇਂਦਰ ’ਚ ਵੀ ਦੀਪ ਮਾਲਾ ਕੀਤੀ ਜਾ ਰਹੀ ਹੈ। ਜਿਸ ਲਈ ਸੇਵਾਦਾਰਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਟੈਲੀਵਿਯਨ ਦੇ ਮਾਧਿਅਮ ਰਾਂਹੀਂ ਪ੍ਰਾਣ ਪ੍ਰਤਿਸ਼ਠਾ ਸਮਾਗਮ ਵੀ ਦੇਖਿਆ ਜਾਏਗਾ। ਉਨ੍ਹਾਂ ਕਿਹਾ ਕਿ ਜੇਕਰ ਤਕਨੀਕੀ ਤੌਰ ਤੇ ਸੰਭਵ ਹੋ ਸਕਿਆ ਤਾਂ ਸ਼ਰਧਾਲੂਆਂ ਨੂੰ ਇਹ ਸਮਾਗਮ ਲਾਈਵ ਦਿਖਾਇਆ ਜਾਏਗਾ ਜਿਸ ਲਈ ਕੋਸ਼ਿਸ਼ਾਂ ਜਾਰੀ ਹਨ।

Advertisement
Advertisement
Advertisement
Advertisement
Advertisement
Advertisement
error: Content is protected !!