ਹਰਿੰਦਰ ਨਿੱਕਾ , ਬਰਨਾਲਾ 6 ਜਨਵਰੀ 2024
ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਟਰੱਕ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ , ਅੱਜ ਸ਼ਾਮ ਅੰਨ੍ਹੇਵਾਹ ਤਾੜ ਤਾੜ ਚਲਾਈਆਂ ਗੋਲੀਆਂ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਬਾਲਾ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਹੋਣ ਕਾਰਣ,ਡਾਕਟਰਾਂ ਨੇ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਧਨੌਲਾ ਦੇ ਐਸ.ਐਚ.ਓ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਾਰਦਾਤ ਵਾਲੀ ਥਾਂ ਤੇ ਪਹੁੰਚ ਗਈ। ਪੁਲਿਸ ਨੇ ਸ਼ੱਕੀ ਦੋਸ਼ੀਆਂ ਦੀ ਗਿਰਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸੁਰਿੰਦਰ ਪਾਲ ਬਾਲਾ, ਆਪਣੇ ਹੋਰ ਸਾਥੀਆਂ ਸਣੇ ਸ਼ਾਮ ਕਰੀਬ ਚਾਰ ਕੁ ਵਜੇ ਮਾਨਾ ਪੱਤੀ ਧਨੌਲਾ ਖੇਤਰ ਕੋਲ ਪੈਂਦੇ ਆਪਣੇ ਖੇਤ ਵਿੱਚ ਮੌਜੂਦ ਸੀ। ਤਾਂ ਉੱਥੇ ਪਹੁੰਚੇ ਹਥਿਆਰਬੰਦ ਵਿਅਕਤੀਆਂ ਨੇ ਉਸ ਪਰ, ਫਾਈਰਿੰਗ ਕਰਦਿਆਂ ਜਾਨਲੇਵਾ ਹਮਲਾ ਕਰ ਦਿੱਤਾ। ਗੋਲੀਆਂ ਲੱਗਣ ਕਾਰਣ। ਕਾਂਗਰਸੀ ਆਗੂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਦੋਸ਼ੀ ਵਾਰਦਾਤ ਉਪਰੰਤ ਫਰਾਰ ਹੋ ਗਏ। ਬਾਲਾ ਨੂੰ ਉਸ ਦੇ ਸਾਥੀਆਂ ਨੇ ਲਹੂ ਲੁਹਾਣ ਹਾਲਤ ਵਿੱਚ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਜਿੱਥੇ ਉਸ ਦੀ ਹਾਲਤ ਸਥਿਰ ਪਰੰਤੂ ਗੰਭੀਰ ਬਣੀ ਹੋਈ ਹੈ। ਕਾਂਗਰਸੀ ਆਗੂ ਤੇ ਜਾਨਲੇਵਾ ਹਮਲੇ ਦੀ ਸੂਚਨਾ ਮਿਲਦਿਆਂ ਹੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕਾਲਾ ਢਿੱਲੋਂ, ਬਲਾਕ ਕਾਂਗਰਸ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ ਸਣੇ ਵੱਡੀ ਗਿਣਤੀ ਵਿੱਚ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਸਪਤਾਲ ਵਿੱਚ ਪਹੁੰਚ ਗਏ। ਇਹ ਹਮਲਾ ਕਿਸ ਨੇ, ਕਿਉਂ ਕੀਤਾ, ਇਸ ਸਬੰਧੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਥਾਣਾ ਧਨੌਲਾ ਦੇ ਐਸ.ਐਚ.ਓ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਸ਼ੱਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਰਿੰਦਰ ਪਾਲ ਬਾਲਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗ, ਦੋਸ਼ੀ ਦੇ ਨਾਮ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।