ਅਸ਼ੋਕ ਵਰਮਾ ,ਬਠਿੰਡਾ 7 ਦਸੰਬਰ 2023
ਬਠਿੰਡਾ (ਸ਼ਹਿਰੀ) ਹਲਕੇ ’ਚ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਾਰਟੀ ਦੀ ਤਿੰਨ ਰਾਜਾਂ ’ਚ ਜਿੱਤ ਦੀ ਖੁਸ਼ੀ ’ਚ ਬੀਜੇਪੀ ਦੇ ਨੌਜਵਾਨ ਆਗੂਆਂ ਹੱਥੋਂ ਖਾਧੇ ਬੂੰਦੀ ਦੇ ਲੱਡੂਆਂ ਨੇ ਨਵੀਂਆਂ ਸਿਆਸੀ ਮਹਿਕਾਂ ਖਿਲਾਰ ਦਿੱਤੀਆਂ ਹਨ। ਲੰਘੇ ਐਤਵਾਰ ਨੂੰ ਸਾਬਕਾ ਵਿੱਤ ਮੰਤਰੀ ਵੱਖ ਵੱਖ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਪੁੱਜੇ ਸਨ। ਜਿੱਥੇ ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ ਅਤੇ ਸੰਦੀਪ ਅਗਰਵਾਲ ਨੇ ਆਪਣੇ ਸਾਥੀਆਂ ਰੋਹਿਤ ਭਾਰਦਵਾਜ ਅਤੇ ਸੰਜੀਵ ਡਾਗਰ ਸਮੇਤ ਮਨਪ੍ਰੀਤ ਬਾਦਲ ਨਾਲ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਅਤੇ ਵਧਾਈਆਂ ਦਾ ਅਦਾਨ ਪ੍ਰਦਾਨ ਕੀਤਾ। ਦਿਲਚਸਪ ਗੱਲ ਇਹ ਵੀ ਹੈ ਕਿ ਮਨਪ੍ਰੀਤ ਬਾਦਲ ਇਸ ਮੌਕੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਜਿਸ ਤੋਂ ਭਾਜਪਾ ਦਾ ਇੱਕ ਹਿੱਸਾ ਫਿਕਰਮੰਦ ਹੋ ਗਿਆ ਹੈ।
ਕਾਂਗਰਸੀ ਉਮੀਦਵਾਰ ਵਜੋਂ ਆਮ ਆਦਮੀ ਪਾਰਟੀ ਹੱਥੋਂ ਬੁਰੀ ਤਰਾਂ ਸ਼ਿਕਸ਼ਤ ਹਾਸਲ ਕਰਨ ਉਪਰੰਤ ਸਾਬਕਾ ਮੰਤਰੀ ਨੂੰ ਪਹਿਲੀ ਵਾਰ ਪ੍ਰਸੰਨ ਚਿੱਤ ਦੇਖਿਆ ਗਿਆ ਹੈ। ਇਸ ਦਿਨ ਹੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਬਠਿੰਡਾ ’ਚ ਪਾਰਟੀ ਆਗੂਆਂ ਨਾਲ ਵੱਖਰੇ ਤੌਰ ’ਤੇ ਲੱਡੂ ਵੰਡੇ ਸਨ। ਸ਼ਹਿਰ ’ਚ ਹੋਣ ਦੇ ਬਾਵਜੂਦ ਬਠਿੰਡਾ ਹਲਕੇ ਤੋਂ ਜਿੱਤਕੇ ਪੰਜ ਸਾਲ ਵਜ਼ੀਰ ਰਹਿ ਚੁੱਕੇ ਮਨਪ੍ਰੀਤ ਬਾਦਲ ਦੀ ਖੁਸ਼ੀਆਂ ਦੇ ਸਮਾਗਮ ਚੋਂ ਗੈਰਹਾਜ਼ਰੀ ਕਈ ਤਰਾਂ ਦੇ ਸਵਾਲ ਪਿੱਛੇ ਛੱਡ ਗਈ ਹੈ। ਸਾਬਕਾ ਮੰਤਰੀ ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ਤੇ ਪੂਰੀ ਤਰਾਂ ਚੁੱਪ ਸਨ ਤੇ ਖਾਸ ਤੌਰ ਤੇ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਮਗਰੋਂ ਮਨਪ੍ਰੀਤ ਬਾਦਲ ਦੀਆਂ ਸਿਆਸੀ ਗਤੀਵਿਧੀਆਂ ਬੰਦ ਵਰਗੀਆਂ ਸਨ।
ਹੁਣ ਜਦੋਂ ਹਾਈਕੋਰਟ ਨੇ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਕੇਸ ’ਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤਾਂ ਉਨ੍ਹਾਂ ਲਈ ਸਿਆਸੀ ਬੂਹੇ ਵੀ ਖੁੱਲ੍ਹ ਗਏ ਹਨ।ਸੂਤਰ ਦੱਸਦੇ ਹਨ ਕਿ ਜਦੋਂ ਤੋਂ ਮਨਪ੍ਰੀਤ ਬਾਦਲ ਦੇ ਮੂੰਹ ਨੂੰ ਸ਼ਹਿਰ ਦੇ ਲੀਡਰਾਂ ਨੇ ਲੱਡੂ ਲਾਏ ਹਨ ਤਾਂ ਭਾਜਪਾ ਦਾ ਇੱਕ ਧੜਾ ਅੰਦਰੋ ਅੰਦਰੀ ਇਸ ਦੇ ਕਈ ਮਾਅਨੇ ਕੱਢਣ ਲੱਗਾ ਹੈ। ਸਿਆਸੀ ਹਲਕੇ ਆਖਦੇ ਹਨ ਕਿ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਸ਼ਹਿਰੀ ਹਲਕੇ ’ਚ ਭਾਜਪਾ ਦੇ ਨੌਜਵਾਨ ਆਗੂਆਂ ਨਾਲ ਖੁਸ਼ੀ ਮਨਾਉਣਾ ਸਹਿਜ ਨਹੀਂ ਹੈ। ਸਿਆਸੀ ਮਾਹਿਰਾਂ ਵੱਲੋਂ ਵੀ ਬੂੰਦੀ ਵਾਲੇ ਲੱਡੂਆਂ ਦੀ ਮਿਠਾਸ ਨੂੰ ਸ਼ਹਿਰੀ ਹਲਕੇ ’ਚ ਮਨਪ੍ਰੀਤ ਬਾਦਲ ਦੀ ਅਣਕਿਆਸੀ ਸਰਗਰਮੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਅੱਧੀ ਦਰਜਨ ਸਾਬਕਾ ਕਾਂਗਰਸੀ ਆਗੂਆਂ ਵੱਲੋਂ ਭਾਜਪਾ ਨਾਲ ਤੋੜ ਵਿਛੋੜਾ ਕਰਕੇ ਮੁੜ ’ਚ ਕਾਂਗਰਸ ਨਾਲ ਜਾ ਮਿਲਣ ਤੋਂ ਬਾਅਦ ਬੀਜੇਪੀ ਦੀ ਕੇਂਦਰੀ ਲੀਡਰਸ਼ਿੱਪ ਹੋਰ ਸਿਆਸੀ ਨੁਕਸਾਨ ਦੇ ਰੌਂਅ ’ਚ ਦਿਖਾਈ ਨਹੀਂ ਦੇ ਰਹੀ ਹੈ। ਇਸ ਤਰਾਂ ਦੀਆਂ ਪ੍ਰਸਥਿਤੀਆਂ ਦਰਮਿਆਨ ਮਨਪ੍ਰੀਤ ਬਾਦਲ ਵੱਲੋਂ ਆਪਣੇ ਪੁਰਾਣੇ ਹਲਕੇ ’ਚ ਵਾਪਿਸੀ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ ਜੋ ਸਰੂਪ ਸਿੰਗਲਾ ਲਈ ਸ਼ੁਭ ਸੰਕੇਤ ਨਹੀਂ ਹਨ। ਦਰਅਸਲ ਸਾਬਕਾ ਵਿੱਤ ਮੰਤਰੀ ਦੀ ਆਪਣੀ ਮੌਜੂਦਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਨਾਲ ਸਰੂਪ ਚੰਦ ਸਿੰਗਲਾ ਨਾਲ ਕਾਫੀ ਪੁਰਾਣੀ ਖੜਕਦੀ ਚਲੀ ਆ ਰਹੀ ਹੈ। ਜਦੋਂ ਕਾਂਗਰਸ ਦੇ ਰਾਜ ’ਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਸਨ ਤਾਂ ਅਕਾਲੀ ਆਗੂ ਵਜੋਂ ਸਰੂਪ ਸਿੰਗਲਾ ਵੱਲੋਂ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਕਾਂਗਰਸ ਦੇ ਰਾਜ ਭਾਗ ਵੇਲੇ ਵਿੱਤ ਮੰਤਰੀ ਹੁੰਦਿਆਂ ਮਨਪ੍ਰੀਤ ਬਾਦਲ ਨੇ ਸ਼ਹਿਰ ’ਚ ਰਿਹਾਇਸ਼ ਬਨਾਉਣ ਲਈ ਬਠਿੰਡਾ ਵਿਕਾਸ ਅਥਾਰਟੀ ਕੋਲੋਂ ਦੋ ਪਲਾਟ ਖਰੀਦੇ ਸਨ। ਜਿਸ ਬਾਰੇ ਸਰਕਾਰ ਕੋਲ ਸਰੂਪ ਚੰਦ ਸਿੰਗਲਾ ਨੇ ਸ਼ਕਾਇਤ ਕਰ ਦਿੱਤੀ ਸੀ । ਸ਼ਕਾਇਤ ਦੀ ਪੜਤਾਲ ਉਪਰੰਤ ਹੀ ਮਨਪ੍ਰੀਤ ਬਾਦਲ , ਬੀਡੀਏ ਦੇ ਅਧਿਕਾਰੀਆਂ ਅਤੇ ਕੁੱਝ ਪ੍ਰਾਈਵੇਟ ਲੋਕਾਂ ਖਿਲਾਫ ਵਿਜੀਲੈਂਸ ਕੇਸ ਦਰਜ ਕੀਤਾ ਗਿਆ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਦੋਵੇਂ ਸਿਆਸੀ ਵਿਰੋਧੀ ਆਹਮੋ ਸਾਹਮਣੇ ਸਨ। ਪਰ ਦੋਨਾਂ ਨੂੰ ਹੀ ਹਾਰ ਦਾ ਮੂੰਹ ਦੇਖਣਾ ਪਿਆ ਸੀ । ਇਸ ਹਾਰ ਦਾ ਠੀਕਰਾ ਅਕਾਲੀ ਲੀਡਰਸ਼ਿਪ ਤੇ ਭੰਨਕੇ ਆਪਣੇ ਵਿਰੋਧੀ ਮਨਪ੍ਰੀਤ ਬਾਦਲ ਦੀ ਸਹਾਇਤਾ ਕਰਨ ਦੇ ਦੋਸ਼ ਲਾਉਂਦਿਆਂ ਸਰੂਪ ਸਿੰਗਲਾ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਸਨ।
ਸਰੂਪ ਸਿੰਗਲਾ ਨੇ ਭਾਜਪਾ ’ਚ ਸ਼ਮੂਲੀਅਤ ਕਰ ਲਈ ਅਤੇ ਪਾਰਟੀ ਨੇ ਉਨ੍ਹਾਂ ਨੂੰ ਜਿਲ੍ਹਾ ਬਠਿੰਡਾ ਸ਼ਹਿਰੀ ਦਾ ਪ੍ਰਧਾਨ ਬਣਾ ਦਿੱਤਾ। ਸੰਯੋਗਵੱਸ ਮਨਪ੍ਰੀਤ ਬਾਦਲ ਨੇ ਵੀ ਚੋਣਾਂ ’ਚ ਹੋਈ ਵੱਡੀ ਹਾਰ ਪਿੱਛੇ ਕਾਂਗਰਸ ਦੇ ਚੋਟੀ ਦੇ ਆਗੂਆਂ ਨੂੰ ਜਿੰਮੇਵਾਰ ਮੰਨਦਿਆਂ ਭਾਜਪਾ ਦਾ ਕਮਲ ਫੜ੍ਹ ਲਿਆ। ਹਾਲਾਂਕਿ ਦੋਹਾਂ ਨੇ ਸਿਆਸੀ ਮਜਬੂਰੀਆਂ ਕਾਰਨ ਭਾਜਪਾ ’ਚ ਸ਼ਮੂਲੀਅਤ ਕਰ ਲਈ ਪਰ ਆਪਸੀ ਇੱਟ ਖੜਿੱਕਾ ਖਤਮ ਨਾਂ ਹੋ ਸਕਿਆ। ਵਿਰੋਧ ਕਾਰਨ ਹੀ ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ਤੇ ਸੁਣਵਾਈ ਮੌਕੇ ਸਰੂਪ ਸਿੰਗਲਾ ਨੇ ਅਦਾਲਤ ’ਚ ਆਪਣਾ ਵਕੀਲ ਖੜ੍ਹਾ ਕਰ ਦਿੱਤਾ ਸੀ। ਨਿਰਪੱਖ ਭਾਜਪਾ ਹਲਕਿਆਂ ਦਾ ਮੰਨਣਾ ਹੈ ਕਿ ਦੋਵਾਂ ਵਿਚਕਾਰ ਸਮਝੌਤੇ ਦੀ ਸੰਭਾਵਨਾ ਮੱਧਮ ਹੀ ਜਾਪਦੀ ਹੈ ਫਿਰ ਵੀ ਜੇ ਕੋਈ ਸਹਿਮਤੀ ਬਣਦੀ ਹੈ ਤਾਂ ਇਸ ਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ।
ਜਰੂਰ ਸੱਦਾਂਗੇ ਬਠਿੰਡਾ:ਅਸ਼ੋਕ ਭਾਰਤੀ
ਭਾਰਤੀ ਜੰਤਾ ਪਾਰਟੀ ਦੀ ਸੂਬਾ ਕਾਰਕਾਰਨੀ ਦੇ ਮੈਂਬਰ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਅਸ਼ੋਕ ਭਾਰਤੀ ਦਾ ਕਹਿਣਾ ਸੀ ਕਿ ਹੁਣ ਜਦੋਂ ਮਨਪ੍ਰੀਤ ਬਾਦਲ ਪਾਰਟੀ ’ਚ ਹਨ ਤਾਂ ਉਨ੍ਹਾਂ ਨੂੰ ਜਰੂਰ ਬਠਿੰਡਾ ਸੱਦਿਆ ਜਾਏਗਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਵਧੀਆ ਬੁਲਾਰੇ ਹਨ ਤਾਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।