ਬੇਅੰਤ ਬਾਜਵਾ, ਲੁਧਿਆਣਾ 24 ਨਵੰਬਰ 2023
ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ, ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਇਲਾਵਾ ਹੋਰ ਪ੍ਰਮੁੱਖ ਮੰਗਾਂ ਸ਼ਾਮਲ ਸਨ, ਨੂੰ ਅੱਖੋਂ-ਪਰੋਖੇ ਕਰਦਿਆਂ ਮੁਲਾਜ਼ਮਾਂ ਪ੍ਰਤੀ ਬੇਰੁਖੀ ਵਾਲਾ ਵਤੀਰਾ ਅਖਤਿਆਰ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਜੱਥੇਬੰਦੀ ਵਲੋਂ ਰੋਸ ਪ੍ਰਗਟਾਉਂਦਿਆਂ ਲਾਰਿਆਂ ਅਤੇ ਝੂਠ ਦੀ ਪੰਡ ਸਮੇਤ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਸ.ਯੂ.) ਵੱਲੋਂ ਜਾਰੀ ਹੜਤਾਲ ਅੱਜ 17ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ, ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਅਤੇ ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਦੀ ਅਗਵਾਈ ਵਿੱਚ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਬਾਹਰ ਸਾਰੇ ਵਿਭਾਗਾਂ ਦੇ ਸਮੂਹ ਦਫਤਰੀ ਕਾਮਿਆਂ ਵੱਲੋ ਧਰਨਾ ਵੀ ਦਿੱਤਾ ਗਿਆ।
ਧਰਨੇ ਦੌਰਾਨ ਗੁਰਚਰਨ ਸਿੰਘ ਸਿਵਲ ਸਰਜਨ ਦਫਤਰ, ਅਮਰਜੀਤ ਸਿੰਘ ਵਾਟਰ ਸਪਲਾਈ ਅਤੇ ਮੈਡਮ ਰਜਿੰਦਰ ਕੌਰ ਐੱਸ.ਡੀ.ਐੱਮ. ਦਫਤਰ ਵੱਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੀ ਪੰਜਾਬ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮੁੱਚਾ ਮੁਲਾਜ਼ਮ ਵਰਗ ਆਪਣੀਆਂ ਬੁਨਿਆਦੀ ਮੰਗਾਂ ਲਈ ਦਰੀਆਂ ਤੇ ਬੈਠਾ ਹੋਇਆ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ।
ਇਸ ਧਰਨੇ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਨੇ ਵੀ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ। ਫੈਡਰੇਸ਼ਨ ਵੱਲੋਂ ਨਿਰਭੈ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸਮੂਹ ਮੁਲਾਜ਼ਮਾਂ ਵੱਲੋਂ ਦਫਤਰ ਡਿਪਟੀ ਕਮਿਸ਼ਨਰ ਚੌਂਕ ਵਿੱਚ ਰੋਸ ਵੱਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਨਾਲ ਹੀ ਲਾਰਿਆਂ ਅਤੇ ਝੂਠ ਦੀ ਪੰਡ ਵੀ ਸਾੜੀ ਗਈ।
ਸੰਜੀਵ ਭਾਰਗਵ ਜ਼ਿਲ੍ਹਾ ਪ੍ਰਧਾਨ ਅਤੇ ਅਮਿਤ ਅਰੌੜਾ ਸੂਬਾ ਵਧੀਕ ਜਰਨਲ ਸਕੱਤਰ ਨੇ ਦੁਹਰਾਇਆ ਕਿ 22 ਨਵੰਬਰ 2023 ਨੂੰ ਕੈਬਨਿਟ ਸਬ ਕਮੇਟੀ ਨਾਲ ਪੁਰਾਣੀ ਪੈਨਸ਼ਨ ਸਬੰਧੀ ਮੀਟਿੰਗ ਹੋਈ, ਜਿਸ ਦਾ ਕਿ ਕੋਈ ਸਾਰਥਕ ਸਿੱਟਾ ਨਾ ਨਿੱਕਲਿਆ। ਇਸ ਸਬੰਧ ਵਿੱਚ ਸਰਕਾਰ ਵੱਲੋਂ ਮੁੜ ਤੋਂ 07 ਦਸੰਬਰ 2023 ਨੂੰ ਜੱਥੇਬੰਦੀ ਨਾਲ ਪੁਰਾਣੀ ਪੈਨਸ਼ਨ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ। ਜੇਕਰ ਫਿਰ ਵੀ ਕੋਈ ਠੋਸ ਹੱਲ ਨਹੀਂ ਨਿੱਕਲਦਾ ਤਾਂ 09 ਦਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ । ਇਹਨਾਂ ਆਗੂਆਂ ਵੱਲੋਂ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ 09 ਦਸਬੰਰ ਨੂੰ ਹੋਣ ਵਾਲੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ.
ਸੰਦੀਪ ਭਾਂਬਕ ਜ਼ਿਲ੍ਹਾ ਪ੍ਰਧਾਨ ਸੀ.ਪੀ.ਐੱਫ. ਅਤੇ ਲਖਵੀਰ ਸਿੰਘ ਗਰੇਵਾਲ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵੱਲੋਂ 1000 ਦੇ ਕਰੀਬ ਮੁਲਾਜ਼ਮ 09 ਦਸੰਬਰ ਦੀ ਰੈਲੀ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਮੁੱਖ ਬੁਲਾਰੇ ਹਰਵਿੰਦਰ ਸਿੰਘ, ਏ.ਪੀ. ਮੌਰੀਆ, ਅਮਨ ਪਰਾਸ਼ਰ, ਗੁਰਬਾਜ ਸਿੰਘ ਮੱਲ਼ੀ, ਧਰਮ ਸਿੰਘ, ਗੁਰਜਰਨ ਸਿੰਘ, ਜਗਦੇਵ ਸਿੰਘ, ਤਲਵਿੰਦਰ ਸਿੰਘ, ਸੰਦੀਪ ਨਾਰੰਗ, ਆਕਾਸ਼ਦੀਪ, ਥਰਮ ਪਾਲ ਸਿੰਘ ਪਾਲੀ, ਮੁਨੀਸ਼ ਵਰਮਾ, ਗੁਰਦਾਸ ਸਿੰਘ, ਗੁਰਚਰਨ ਸਿੰਘ, ਰਜਨੀ ਦਹੂਜਾ, ਵਿਨੋਦ ਕੁਮਾਰ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।