ਅਮਰ ਸਾਈਕਲ ਸਟੈਂਡ ਤੋਂ ਮਿਲੀ ਸਕੂਟਰੀ, ਥਾਣੇ ਪਹੁੰਚਿਆ ਪਰਿਵਾਰ
ਸ਼ੱਕ- ਕਿਸੇ ਨੇ ਅਗਵਾ ਕਰਕੇ ਬਣਾ ਲਿਆ ਬੰਦੀ
ਹਰਿੰਦਰ ਨਿੱਕਾ ਬਰਨਾਲਾ 11 ਜੂਨ 2020
ਥਾਣਾ ਸਿਟੀ 1 ਦੇ ਖੇਤਰ ਚ,ਪੈਂਦੇ ਸੰਘੇੜਾ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਸਵਿੰਦਰ ਸਿੰਘ ਉਮਰ ਕਰੀਬ 24 ਸਾਲ ਬੁੱਧਵਾਰ ਸਵੇਰੇ ਆਪਣੇ ਘਰੋਂ ਸਕੂਟੀ ਤੇ ਸਵਾਰ ਹੋ ਕੇ ਲੁਧਿਆਣਾ ਜਾਣ ਲਈ ਨਿੱਕਲਿਆ। ਪਰ 28 ਘੰਟੇ ਬਾਅਦ ਵੀ ਉਹ ਹਾਲੇ ਤੱਕ ਘਰ ਨਹੀਂ ਮੁੜਿਆ। ਜਸਵਿੰਦਰ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਅਤੇ ਸਕੂਟੀ ਅਮਰ ਸਾਈਕਲ ਸਟੈਂਡ ਨਜਦੀਕ ਬੱਸ ਸਟੈਂਡ ਬਰਨਾਲਾ ਕੋਲੋ ਮਿਲੀ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਜਸਵਿੰਦਰ ਆਖਿਰ ਕਿੱਥੇ ਗਾਇਬ ਹੋ ਗਿਆ। ਅਵਤਾਰ ਸਿੰਘ ਨਿਵਾਸੀ ਸੰਘੇੜਾ ਨੇ ਦੱਸਿਆ ਕਿ ਜਸਵਿੰਦਰ ਮੰਗਲਵਾਰ ਦੀ ਰਾਤ ਨੁੰ ਕਹਿ ਰਿਹਾ ਸੀ ਕਿ ਉਹ ਬੁੱਧਵਾਰ ਸਵੇਰੇ ਆਪਣਾ ਫੋਨ ਠੀਕ ਕਰਵਾਉਣ ਲਈ ਲੁਧਿਆਣਾ ਜਾਵੇਗਾ। ਸਵੇਰੇ ਉੱਠਿਆ ਤੇ ਤਿਆਰ-ਬਿਆਰ ਹੋ ਕੇ ਆਪਣੀ ਮੰਮੀ ਤੋਂ 1 ਹਜ਼ਾਰ ਰੁਪਏ ਲੈ ਕੇ ਚਿੱਟੇ ਰੰਗ ਦੀ ਸਕੂਟੀ ਨੰਬਰ- ਪੀਬੀ-19 ਈ- 7430 ਤੇ ਸਵਾਰ ਹੋ ਕੇ ਘਰੋਂ ਕਰੀਬ 7 ਵਜੇ ਬਰਨਾਲਾ ਵੱਲ ਚਲਾ ਗਿਆ। ਥੋੜੀ ਦੇਰ ਬਾਅਦ ਹੀ ਉਸਦਾ ਫੋਨ ਬੰਦ ਹੋ ਗਿਆ। ਪੂਰਾ ਦਿਨ ਅਸੀਂ ਜਸਵਿੰਦਰ ਨਾਲ ਸੰਪਰਕ ਕਰਨ ਲਈ ਫੋਨ ਲਾਉਣ ਦੀ ਟਰਾਈ ਕਰਦੇ ਰਹੇ। ਪਰ ਫੋਨ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਜਦੋਂ ਰਾਤ ਤੱਕ ਵੀ ਉਹ ਘਰ ਨਹੀਂ ਪਹੁੰਚਿਆਂ ਤਾਂ ਅਸੀਂ ਆਪਣੀਆਂ ਰਿਸ਼ਤੇਦਾਰੀਆਂ ਚ, ਵੀ ਫੋਨ ਕਰਕੇ ਪਤਾ ਕੀਤਾ, ਪਰ ਉਸ ਦਾ ਕੋਈ ਵੀ ਸੁਰਾਗ ਹਾਲੇ ਤੱਕ ਕਿਤੋਂ ਨਹੀਂ ਮਿਲਿਆ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਮੈੱਨੂੰ ਸ਼ੱਕ ਹੈ ਕਿ ਜਸਵਿੰਦਰ ਸਿੰਘ ਨੂੰ ਅਣਪਛਾਤੇ ਬੰਦਿਆਂ ਨੇ ਅਗਵਾ ਕਰਕੇ ਕਿਸੇ ਥਾਂ ਤੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਦੁਰਖਾਸਤ ਵੀ ਦੇ ਦਿੱਤੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦੇ ਬੇਟੇ ਦੀ ਤਲਾਸ਼ ਕੀਤੀ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ।