*ਜ਼ਿਲ੍ਹੇ ਵਿੱਚ 1611 ਹੈਕਟੇਅਰ ਰਕਬੇ ਵਿੱਚ ਹੋ ਚੁੱਕੀ ਹੈ ਮੱਕੀ ਦੀ ਬਿਜਾਈ
* ਲਗਭਗ 17700 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਅਨੁਮਾਨ
ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਤੇ ਖੇਤੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ
ਅਜੀਤ ਸਿੰਘ ਬਰਨਾਲਾ, 10 ਜੂਨ2020
ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਅਤੇ ਖੇਤੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈÎਣ ਲਈ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਿਹਤ ਵਿਭਾਗ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਸਹਾਇਕ ਕਮਿਸ਼ਨਰ ਸ੍ਰੀ ਅਸ਼ੋਕ ਕੁਮਾਰ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਹਾਜ਼ਰ ਸਨ।
ਇਸ ਮੌਕੇ ਸਿਹਤ ਸਕੀਮਾਂ ਦੇ ਜਾਇਜ਼ੇ ਦੌਰਾਨ ਤੰਬਾਕੂ ਕੰਟਰੋਲ ਪ੍ਰੋਗਰਾਮ, ਰਾਸ਼ਟਰੀ ਬਾਲ ਸਵਾਸਥਯ ਕਾਰਿਆ¬ਕ੍ਰਮ, ਨੈਸ਼ਨਲ ਹੈਲਥ ਮਿਸ਼ਨ ’ਤੇ ਚਰਚਾ ਹੋਈ। ਜ਼ਿਲਾ ਉਤਪਾਦਨ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕਿਸਾਨਾਂ ਨੂੰ ਮੱਕੀ, ਨਰਮਾ, ਸਬਜ਼ੀਆਂ ਦੀ ਕਾਸ਼ਤ ਅਤੇ ਹੋਰ ਫਸਲਾਂ ’ਤੇ ਤੁਪਕਾ ਸਿੰਜਾਈ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਮੈਮ ਸਕੀਮ ਦੀਆਂ ਗਾਇਡਲਾਇਨਜ਼ ਅਨੁਸਾਰ ਸਾਲ 2020—21 ਦੌਰਾਨ ਛੋਟੇ ਕਿਸਾਨ/ਦਰਮਿਆਨੇ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਸਰਕਾਰੀ ਰੇਟਾਂ ਦੇ ਹਿਸਾਬ ਨਾਲ 50 ਪ੍ਰਤੀਸ਼ਤ ਅਤੇ ਹੋਰ ਕਿਸਾਨ ਭਾਵ ਵੱਡੇ ਕਿਸਾਨਾਂ ਨੂੰ 40 ਪ੍ਰਤੀਸ਼ਤ ਸਬਸਿਡੀ ’ਤੇ ਮਸ਼ੀਨਰੀ (ਪੈਡੀ ਟਰਾਸਪਲਾਟਰ 60, ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ, ਮੇਜ਼ ਥਰੈਸ਼ਰ/ਮੇਜ਼ ਸ਼ੈਲਰ, ਮੇਜ਼ ਡਰਾਇਰ, ਫੌਰਜ ਹਰਵੈਸ਼ਟਰ) ਮੁਹੱਈਆ ਕਰਵਾਏ ਜਾ ਰਹੇ ਹਨ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਬੀਜਣ ਵਾਲੇ ਕਿਸਾਨਾਂ ਲਈ ਮੱਕੀ ਲਗਾਓ ਪੈਸਾ ਕਮਾਓ ਸਕੀਮ ਚਲਾਈ ਗਈ ਹੈ। ਜਿਹੜੇ ਕਿਸਾਨ ਇਸ ਸਕੀਮ ਦਾ ਲਾਹਾ ਲੈਣਾ ਚਾਹੁੰਦੇ ਹਨ, ਉਹ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਜਾਂ ਫਿਰ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1611 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ ਅਤੇ ਹੋਰ ਕਿਸਾਨ ਜਿਹੜੇ ਝੋਨਾ ਬੀਜਣ ਦੀ ਬਜਾਇ ਮੱਕੀ ਲਗਾ ਰਹੇ ਹਨ, ਉਹ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਖੇ ਆਪਣਾ ਨਾਮ ਨੋਟ ਕਰਵਾਉਣ ਤਾਂ ਜੋ ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰਕੇ ਉਨ੍ਹਾਂ ਨੂੰ ਸਕੀਮ ਦਾ ਲਾਭ ਦਿਵਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਾਲ ਬਰਨਾਲੇ ਜ਼ਿਲ੍ਹੇ ਵਿੱਚ 1736 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ ਅਤੇ ਫਸਲ ਦੀ ਹਾਲਤ ਬਹੁਤ ਵਧੀਆ ਹੈ। ਇਸ ਸਾਲ ਲਗਭਗ 17700 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ 100 ਏਕੜ ਵਿੱਚ ਵੱਟਾਂ ’ਤੇ ਅਤੇ 110 ਏਕੜ ਵਿੱਚ ਬੈੱਡ ਬਣਾ ਕੇ ਝੋਨਾ ਲਗਾਏ ਜਾਣ ਦਾ ਅਨੁਮਾਨ ਹੈ। ਪੈਡੀ ਟਰਾਂਸਪਲਾਂਟਰ ਨਾਲ 800 ਹੈਕਟੇਅਰ ਝੋਨਾ ਬੀਜੇ ਜਾਣ ਦੀ ਸੰਭਾਵਨਾ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਕੇ ਵੀ ਕੇ ਬਰਨਾਲਾ ਸ੍ਰੀ ਪ੍ਰਹਲਾਦ ਤੰਵਰ ਨੇ ਕੇਵੀਕੇ ਵਿਖੇ ਕਰਵਾਈਆਂ ਜਾ ਰਹੀਆਂ ਟ੍ਰੇਨਿੰਗਾਂ ਤੇ ਭੂਮੀ ਰੱਖਿਆ ਅਫਸਰ ਭੁਪਿੰਦਰਪਾਲ ਸਿੰਘ ਨੇ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ।