‘ਮਿਹਣੋ – ਮਿਹਣੀ ਹੋ ਕੇ ਟੁੱਟਗੀ ਲੋਕੀਂ ਕਹਿਣਗੇ’ ਕਾਂਗਰਸੀਆਂ ਦੀ ਆੜੀ,,,! 

Advertisement
Spread information
ਅਸ਼ੋਕ ਵਰਮਾ, ਬਠਿੰਡਾ 17 ਅਕਤੂਬਰ 2023
    ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਲਈ ਅੱਜ ਕਾਂਗਰਸੀ ਕੌਂਸਲਰਾਂ ਨੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਮਿਸ਼ਨਰ ਕਮ ਡਿਪਟੀ ਕਮਿਸ਼ਨ ਸ਼ੌਕਤ ਅਹਿਮਦ ਪਰੇ ਨੂੰ ਮੇਅਰ ਖਿਲਾਫ ਬੇਭਰੋਸਗੀ ਦਾ ਮਤਾ ਸੌਂਪ ਦਿੱਤਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਮਿਹਣੋ ਮਿਹਣੀ ਹੁੰਦੇ ਆ ਰਹੇ ਕਾਂਗਰਸੀਆਂ ਦੀ  ਜੰਗ ਹੁਣ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਗਈ ਹੈ। ਸਿਆਸੀ ਮਾਹਿਰਾਂ ਨੇ ਇਸ  ਨੂੰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸ਼ਰੀਕੇਬਾਜ਼ੀ ਦਾ ਸਿੱਟਾ ਦੱਸਿਆ  ਹੈ। ਮਤੇ ਨੂੰ ਲੈ ਕੇ  ਕਾਂਗਰਸੀ ਕੌਂਸਲਰਾਂ ਦੇ ਇੱਕ ਮੋਰੀ ਨਿਕਲਣ  ਦੇ ਪੈਂਤੜੇ ਕਾਰਨ ਠੰਡ ਦੇ ਬਾਵਜੂਦ ਸਿਆਸੀ ਮੌਸਮ ਉਬਾਲੇ ਮਾਰਨ ਲੱਗਿਆ ਹੈ।
         ਜਾਣਕਾਰੀ ਅਨੁਸਾਰ  ਬੇਭਰੋਸਗੀ ਦੇ ਮਤੇ ਤੇ 30 ਤੋਂ ਵੱਧ ਕੌਂਸਲਰਾਂ ਦੇ ਦਸਤਖ਼ਤ ਹਨ ਜਿਨ੍ਹਾਂ ਵਿੱਚ ਕੁੱਝ ਹੋਰ ਸਿਆਸੀ ਧਿਰਾਂ ਦੇ ਵੀ ਦੱਸੇ ਜਾ ਰਹੇ ਹਨ। ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਕਮਿਸ਼ਨਰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦਣ ਅਤੇ ਮੇਅਰ ਰਮਨ ਗੋਇਲ ਨੂੰ ਬਹੁਮਤ ਸਾਬਤ ਕਰਨ ਲਈ ਕਹਿਣ। ਮੇਅਰ ਨੂੰ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੇ ਹੱਥ ਹੋਣ ਕਰਕੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਕਾਨੂੰਨੀ ਨੁਕਤੇ ਵਿਚਾਰਨ ਉਪਰੰਤ ਹੀ ਇਹ ਮੁਹਿੰਮ ਵਿੱਢੀ ਹੈ। ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਹ  ਮਤੇ ਤੇ ਕਾਨੂੰਨ ਮੁਤਾਬਕ ਅਗਲਾ ਫੈਸਲਾ ਲੈਣਗੇ । ਇਸ ਤੋਂ ਬਾਅਦ ਹੁਣ ਬਠਿੰਡਾ ਵਾਸੀਆਂ ਦੀ ਨਜ਼ਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੇ ਟਿਕ ਗਈਆਂ ਹਨ।
        ਦੱਸਣ ਯੋਗ ਹੈ ਕਿ ਨਗਰ ਨਿਗਮ ਚੋਣਾਂ ਮੌਕੇ  ਕਾਂਗਰਸ ਪਾਰਟੀ ਨੇ ਸੀਨੀਅਰ ਆਗੂ ਜਗਰੂਪ ਗਿੱਲ ਨੂੰ ਮੇਅਰ ਦੇ ਚਿਹਰੇ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਜ਼ਿਲ੍ਹਾ ਯੋਜਨਾ ਬੋਰਡ ਦੇ  ਚੇਅਰਮੈਨ ਦੇ ਵੱਕਾਰੀ ਅਹੁਦੇ ਤੋਂ ਅਸਤੀਫਾ ਦੇਕੇ ਕੌਂਸਲਰ ਦੀ ਚੋਣ ਲੜਨ ਕਾਰਨ ਵੀ ਲੋਕਾਂ ਵਿੱਚ ਵੀ ਇਹੋ ਰਾਏ ਪਾਈ ਜਾ ਰਹੀ ਸੀ।ਜਦੋਂ ਮੇਅਰ ਦੀ ਚੋਣ ਕੀਤੀ ਤਾਂ ਪਹਿਲੀ ਵਾਰ ਜਿੱਤੀ ਸਧਾਰਨ ਘਰੇਲੂ ਔਰਤ ਰਮਨ ਗੋਇਲ ਨੂੰ ਇਸ ਅਹੁਦੇ ਤੇ ਬਿਠਾ ਦਿੱਤਾ ਗਿਆ। ਹਾਲਾਂਕਿ ਉਸ ਵਕਤ ਵੀ ਕਾਂਗਰਸ ਪਾਰਟੀ ਵਿੱਚ ਮੇਅਰ ਦਾ ਵਿਰੋਧ ਸਾਹਮਣੇ ਆਇਆ ਸੀ ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਕੂਮਤੀ ਰੋਹਬ ਕਰਕੇ ਸਿਵਾਏ ਜਗਰੂਪ ਸਿੰਘ ਗਿੱਲ ਤੋਂ ਕਿਸੇ ਹੋਰ ਨੇ ਸਾਹ ਕੱਢਣ ਦੀ ਹਿੰਮਤ ਵੀ ਨਹੀਂ ਕੀਤੀ। ਇਸ ਤੋਂ ਪਿੱਛੋਂ ਵੀ ਕਈ ਵਾਰ ਮੇਅਰ ਨੂੰ ਅਹੁਦੇ ਤੋਂ ਹਟਾਉਣ ਦੇ ਯਤਨ ਕੀਤੇ ਗਏ ਜਿਨ੍ਹਾਂ ਨੂੰ ਬੂਰ ਨਾ ਪੈ ਸਕਿਆ।
     ਹੁਣ ਜਦੋਂ ਸਾਬਕਾ ਵਿੱਤ ਮੰਤਰੀ ਪਲਾਟ ਖਰੀਦਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਜਾਂਚ ਵਿੱਚ ਘਿਰੇ ਹੋਏ ਹਨ ਤਾਂ ਕਾਂਗਰਸ ਇਸ ਦਾ ਲਾਹਾ ਲੈਂਦੀ ਨਜ਼ਰ ਆ ਰਹੀ ਹੈ। ਇੱਕ ਸੀਨੀਅਰ ਕਾਂਗਰਸੀ ਕੌਂਸਲਰ ਨੇ ਅੱਜ ਦਾਅਵਾ ਕੀਤਾ ਕਿ ਉਹਨਾਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਦੀ ਹਮਾਇਤ ਵੀ ਹਾਸਲ ਹੈ। ਉਨ੍ਹਾਂ ਦੱਸਿਆ ਕਿ ਇਹ ਕੌਂਸਲਰ ਮੇਅਰ ਅਤੇ ਉਨ੍ਹਾਂ ਦੇ ਪਤੀ ਨਾਲ ਅੰਦਰੋਂ ਅੰਦਰੀ ਨਰਾਜ਼ ਚੱਲੇ ਆ ਰਹੇ ਹਨ।ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ 43 ਕੌਂਸਲਰ ਜਿੱਤੇ ਸਨ ਜਿਨ੍ਹਾਂ ਚੋਂ ਜਗਰੂਪ ਸਿੰਘ ਗਿੱਲ ਵਿਧਾਇਕ ਚੁਣੇ ਗਏ ਤੇ ਉਨਾਂ ਦਾ ਕੌਂਸਲਰ ਭਾਣਜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। ਇਨ੍ਹਾਂ ਗਿਣਤੀਆਂ ਮਿਣਤੀਆਂ ਮੁਤਾਬਕ  ਮਨਪ੍ਰੀਤ ਬਾਦਲ ਨੂੰ ਅਜੇ ਵੀ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਦੀ ਡੱਟਵਈਂ ਹਮਾਇਤ ਹਾਸਲ ਹੈ।
    ਮਨਪ੍ਰੀਤ ਦੀ ਹਮਾਇਤੀ ਮੰਨੀ ਜਾਂਦੀ ਮੇਅਰ 
      ਮੇਅਰ ਰਮਨ ਗੋਇਲ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਮਾਇਤੀ ਮੰਨਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਸਾਲ 2021 ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਕੌਂਸਲਰਾਂ ਨੂੰ ਅੱਖੋ-ਪਰੋਖੇ ਕਰਦਿਆਂ ਬੀਬੀ ਰਮਨ ਗੋਇਲ ਦੇ ਸਿਰ ਮੇਅਰ ਦਾ ਤਾਜ਼ ਸਜ਼ਾਉਣਾ ਸੀ। ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਦੇ ਵੀ ਮਨਪ੍ਰੀਤ ਸਿੰਘ ਬਾਦਲ ਅਤੇ ਉਨਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨਾਲ ਕਰੀਬੀ ਅਤੇ ਕਾਫੀ ਨਿੱਘੇ ਸੰਬੰਧ ਹਨ। ਜਦੋਂ ਮਨਪ੍ਰੀਤ ਬਾਦਲ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਿਲ ਹੋਏ ਤਾਂ ਉਦੋਂ ਵੀ ਮੇਅਰ ਅਤੇ ਉਨ੍ਹਾਂ ਦੇ ਪਤੀ ਮਨਪ੍ਰੀਤ ਦੀ ਹਮਾਇਤ ਵਿੱਚ ਡਟੇ ਰਹੇ ਜਦੋਂ ਕਿ ਕਈ ਅਖੌਤੀ ਆਪਣਿਆਂ ਨੇ ਅੱਖਾਂ ਫੇਰ ਲਈਆਂ ਸਨ। ਵੱਡੀ ਗੱਲ ਹੈ ਕਿ ਇਹ ਤੱਥ ਕਦੇ ਮੇਅਰ ਨੇ ਲੁਕਾ ਕੇ ਨਹੀਂ ਰੱਖੇ ਹਨ। ਉਂਜ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਦੀ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹੋਈ ਹਾਰ ਦਾ ਕਾਰਨ ਵੀ ਰਮਨ ਗੋਇਲ ਨੂੰ ਮੇਅਰ ਬਣਾਉਣਾ ਹੀ ਮੰਨਿਆ ਜਾਂਦਾ ਹੈ।
   ਬਾਕੀ ਕੌਂਸਲਰ ਹਮਾਇਤ ਕਰਨ: ਪ੍ਰਧਾਨ 
        ਸ਼ਹਿਰੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਅਸਲ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਵੱਡੀ ਪੱਧਰ ਤੇ ਖੜੋਤ ਆ ਗਈ ਹੈ । ਉਨ੍ਹਾਂ ਕਿਹਾ ਕਿ ਮੇਅਰ ਰਮਨ ਗੋਇਲ ਵੱਲੋਂ ਕੰਮ ਵਿੱਚ ਰੁਚੀ ਵੀ ਨਹੀਂ ਲਈ ਜਾ ਰਹੀ ਅਤੇ ਉਹ ਇੱਕ ਵਿਅਕਤੀ ਵਿਸ਼ੇਸ਼ ਦੀ ਰਬੜ ਦੀ ਮੋਹਰ ਬਣ ਕੇ ਰਹਿ ਗਏ ਹਨ ਜਿਸ ਕਰਕੇ ਇਹ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਹੋਰਨਾਂ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਖਾਤਰ ਇਸ ਮਤੇ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਵਿਧਾਇਕ ਜਗਰੂਪ ਗਿੱਲ ਅਤੇ ਅਕਾਲੀ ਕੌਂਸਲਰਾਂ ਨੂੰ ਵੀ ਇਸ ਮਤੇ ਦੀ ਹਿਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਰਮਨ ਗੋਇਲ ਨੂੰ ਮੇਅਰ ਬਣਾਉਣ ਦਾ ਵਿਰੋਧ ਸਭ ਤੋਂ ਪਹਿਲਾਂ ਇਹਨਾਂ  ਨੇ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ਮਤਾ ਪ੍ਰਵਾਨ ਹੋਣ ਤੋਂ ਬਾਅਦ ਅਗਲੇ ਮੇਅਰ ਦੀ ਚੋਣ ਸਮੂਹ ਕੌਂਸਲਰਾਂ ਵੱਲੋਂ  ਆਪਸੀ ਸਲਾਹ ਮਸ਼ਵਰੇ ਅਤੇ ਲੋਕਤੰਤਰੀ ਢੰਗ ਨਾਲ ਕੀਤੀ ਜਾਏਗੀ।
Advertisement
Advertisement
Advertisement
Advertisement
Advertisement
error: Content is protected !!