ਨਾ ਖੁਦ ਨੂੰ ਖਤਰੇ ’ਚ ਪਾਉ ਨਾ ਹੀ ਦੂਸਰਿਆਂ ਲਈ ਖਤਰਾ ਬਣੋ-ਐਸਐਸਪੀ ਨਾਨਕ ਸਿੰਘ
ਅਸ਼ੋਕ ਵਰਮਾ ਬਠਿੰਡਾ
ਜਿਲ੍ਹਾ ਪੁਲਿਸ ਨੇ ਕਰੋਨਾ ਵਾਇਰਸ ਸਬੰਧੀ ਬਣਾਏ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 24.28 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਖੁਦ ਨੂੰ ਖਤਰੇ ’ਚ ਪਾਉਣ ਅਤੇ ਦੂਸਰਿਆਂ ਲਈ ਖਤਰਾ ਬਣਨ ਦੀ ਥਾਂ ਸਰਾਰੀ ਹਦਾਇਤਾਂ ਦੀ ਪਾਲਣਾ ਕਰਨ। ਇਸ ਦੇ ਬਾਵਜੂਦ ਵੀ ਲੋਕ ਕਾਨੂੰਨਾਂ ਨੂੰ ਟਿੱਚ ਜਾਣਦੇ ਹਨ ਜਿੰਨ੍ਹਾਂ ਖਿਲਾਫ ਸਖਤੀ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋ ਕਰੋਨਾ ਮਹਾਂਮਾਰੀ ਫੇੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਬਿਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ ਅਤੇ ਨਾਲ ਹੀ ਜਨਤਕ ਥਾਵਾਂ ਤੇ ਥੁੱਕਣ ਤੇ ਜੁਰਮਾਨਾ ਲਾਇਆ ਜਾਂਦਾ ਹੈ। ਇਸੇ ਤਰਾਂ ਲੋਕਾਂ ਨੂੂੰ ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵਿਭਾਗ ਵੱਲੋਂ ਵੀ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਬਠਿੰਡਾ ਵੱਲੋ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਲਈ ਨਾਕੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਹੁਣ ਤੱਕ ਕੋਵਿਡ 19 ਨਾਲ ਸਬੰਧਤ ਉਲੰਘਣਾ ਕਰਨ ਵਾਲਿਆਂ ਨੂੰ 24.28 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਲੋਕਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਿਯਮ ਸਾਡੀ ਸਭ ਦੀ ਸਿਹਤ ਸੁਰੱਖਿਆ ਲਈ ਬਣਾਏ ਗਏ ਹਨ ਅਤੇ ਪੁਲਿਸ ਨੂੰ ਸਮੂਚੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤੀ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਦੋਸਤ ਹੈ ਅਤੇ ਇਹ ਸਖ਼ਤੀ ਸਮਾਜ ਦੇ ਵੱਡੇਰੇ ਹਿੱਤਾਂ ਲਈ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 7748 ਵਿਅਕਤੀਆ ਦਾ ਮਾਸਕ ਨਾ ਪਾਉਣ ਲਈ ਚਲਾਨ ਕੀਤਾ ਗਿਆ ਹੈ ਜਿਸ ਰਾਹੀ 23,11,400 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ਤੇ ਥੁੱਕਣ ਵਾਲੇ 927 ਲੋਕਾਂ ਨੂੰ 1,08,300 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਕਾਂਤਵਾਸ ਦਾ ਉਲੰਘਣਾ ਕਰਨ ਵਾਲੇ 17 ਲੋਕਾਂ ਦੇ 8500 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਇਕਾਂਤਵਾਸ ਤੋੜਨ ਵਾਲਿਆਂ ਖਿਲਾਫ ਦੋ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਕਰੋਨਾ ਸਬੰਧੀ ਹੁਕਮਾਂ ਦੀ ਇਨ ਬਿੰਨ ਪਾਲਣਾ ਕਰਨ। ਇਹ ਹੁਕਮਾਂ ਦੀ ਪਾਲਣਾ ਕੇਵਲ ਜੁਰਮਾਨੇ ਦੇ ਡਰ ਤੋ ਕੀਤੀ ਜਾਵੇ ਬਲਕਿ ਹਰ ਇੱਕ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਆਪਣੀ ਨਿੱਜੀ ਜਿੰਮੇਵਾਰੀ ਸਮਝ ਕੇ ਕਰੋਨਾ ਦੇ ਫੇਲਾਅ ਨੂੰ ਰੋਕਣ ਵਿੱਚ ਆਪਣਾ ਅਹਿਮ ਯੋਗਦਾਨ ਦੇਵੇ।