ਕੀ ਵਿਜੀਲੈਂਸ ਡਰੋਂ ‘ਭਾਜਪਾ ਆਗੂ’ ਦੀ ਛਤਰ ਛਾਇਆ ਹੇਠ ਡੇਰਾ ਲਾਈ ਬੈਠੇ ਮਨਪ੍ਰੀਤ ਬਾਦਲ ?

Advertisement
Spread information
ਅਸ਼ੋਕ ਵਰਮਾ, ਬਠਿੰਡਾ, 2 ਅਕਤੂਬਰ2023
          ਕੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਚਣ ਵਾਸਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸੇ ਭਾਜਪਾ ਆਗੂ ਕੋਲ ਗੁਪਤ ਰੂਪ ਵਿੱਚ ਪਨਾਹ ਲਈ ਹੋਈ ਹੈ। ਆਮ ਲੋਕਾਂ ਵਿੱਚ ਇਸ ਸਬੰਧੀ ਚੱਲ ਰਹੀ ਚੁੰਝ ਚਰਚਾ ਦੀ ਮੰਨੀਏ ਤਾਂ ਇਹ ਗੱਲ 100 ਫੀਸਦੀ ਸੱਚ ਜਾਪਦੀ ਹੈ। ਇੱਕ ਪਾਸੇ ਜਿੱਥੇ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਉੱਥੇ ਹੀ ਸਾਬਕਾ ਵਿੱਤ ਮੰਤਰੀ ਅਫਸਰਾਂ ਲਈ ਪਹੇਲੀ ਬਣਦਾ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ ਦੀ ਖਾਕ ਛਾਨਣ ਦੇ ਬਾਵਜੂਦ ਅਜੇ ਤੱਕ ਵਿਜੀਲੈਂਸ ਇਸ ਭਾਜਪਾ ਲੀਡਰ ਦਾ ਕੋਈ ਖੁਰਾ ਖ਼ੋਜ ਨਹੀਂ ਕੱਢ ਸਕੀ ਹੈ।         ਵਿਜੀਲੈਂਸ ਅਧਿਕਾਰੀ ਖੁਦ ਹੈਰਾਨ ਹਨ ਕਿ ਦਿਨ ਰਾਤ ਆਮ ਲੋਕਾਂ ‘ਚ ਵਿਚਰਨ ਵਾਲੇ ਇਸ ਸਿਆਸੀ ਨੇਤਾ ਨੂੰ ਆਖਰ ਜਮੀਨ ਖਾ ਗਈ ਜਾਂ ਅਸਮਾਨ ਨਿਗਲ ਗਿਆ ਹੈ। ਸੂਤਰ ਦੱਸਦੇ ਹਨ ਕਿ ਮਨਪ੍ਰੀਤ ਨੇ ਪਹਿਲਾਂ ਰਾਜਸਥਾਨ ਦੇ ਕਿਸੇ ਇਲਾਕੇ ਵਿੱਚ ਪਨਾਹ ਲਈ ਸੀ ਪਰ ਐਲਓਸੀ ਜਾਰੀ ਹੋਣ ਪਿੱਛੋਂ ਟਿਕਾਣਾ ਤਬਦੀਲ ਕਰ ਲਿਆ। ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਦੀ ਅੰਤਿਮ ਲੋਕੇਸ਼ਨ ਦਿੱਲੀ ਵਿੱਚ ਮਿਲੀ ਹੋਣ ਕਰਕੇ ਵਿਜੀਲੈਂਸ ਨੇ ਕੌਮੀ ਰਾਜਧਾਨੀ ਤੇ ਫੋਕਸ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ ਨੇ ਵੀ ਇਹੋ ਦੱਸਿਆ ਹੈ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਮਨਪ੍ਰੀਤ ਬਾਦਲ ਦਿੱਲੀ ਵਿੱਚ ‘ਰੂਪੋਸ਼’ ਹਨ  ਅਤੇ ਉਨ੍ਹਾਂ ਦੀ ‘ਠਹਿਰ’ ਭਾਜਪਾ ਦੇ ਇੱਕ ਵੱਡੇ ਆਗੂ ਕੋਲ ਹੈ ਜਿੱਥੇ ਕਾਨੂੰਨ ਦੇ ਲੰਬੇ ਹੱਥ ਪਹੁੰਚਣੇ ਫਿਲਹਾਲ ਮੁਸ਼ਕਲ ਹਨ।
          ਲੋਕਾਂ ‘ਚ ਚਰਚੇ ਹਨ ਕਿ ਕੀ ਵਿਜੀਲੈਂਸ ਸਾਬਕਾ ਵਿੱਤ ਮੰਤਰੀ ਦੇ ਕਥਿਤ ‘ਛੁਪਣ ਟਿਕਾਣੇ’ ’ਤੇ ਦਸਤਕ ਦੇਣ ਦੀ ਹਿੰਮਤ ਜੁਟਾ ਸਕੇਗੀ?  ਇਸ ਦੇ ਬਾਵਜੂਦ ਵਿਜੀਲੈਂਸ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਲਈ ਯਤਨਸ਼ੀਲ ਦੱਸੀ ਜਾ ਰਹੀ ਹੈ। ਸ੍ਰੀ ਬਾਦਲ ਵੱਲੋਂ ਅਗਾਊਂ ਜ਼ਮਾਨਤ  ਲਈ ਦਿੱਤੀ ਗਈ ਅਰਜ਼ੀ ਤੇ  4 ਅਕਤੂਬਰ ਨੂੰ ਸੁਣਵਾਈ  ਹੈ।ਬਠਿੰਡਾ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਕਰਕੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਮਨਪ੍ਰੀਤ ਬਾਦਲ ਨੂੰ  ਰਾਹਤ ਮਿਲਣ ਦੀ ਆਸ ਮੱਧਮ ਹੈ। ਇਸੇ ਕਾਰਨ ਲੰਮੀ ਅਦਾਲਤੀ ਪ੍ਰਕਿਰਿਆ ਦਾ ਫਾਇਦਾ ਚੁੱਕਣ ਲਈ ਵਿਜੀਲੈਂਸ ਪੱਬਾਂ-ਭਾਰ ਨਜ਼ਰ ਆ ਰਹੀ ਹੈ।ਉਂਜ ਅਰਜ਼ੀ ਤੇ ਆਪਣੇ ਹੱਥੀਂ ਦਸਤਖ਼ਤਾਂ ਦੀ ਪੁਸ਼ਟੀ ਹੋਣ ਪਿੱਛੋਂ  ਵਿਜੀਲੈਂਸ ਲਈ ਇਹ ਹੌਸਲੇ ਵਾਲੀ ਗੱਲ ਹੈ ਕਿ ਸਾਬਕਾ ਵਿੱਤ ਮੰਤਰੀ ਦੇਸ਼ ਵਿੱਚ ਹੀ ਹਨ।
     ਮਨਪ੍ਰੀਤ ਦੇ ਕਰੀਬੀਆਂ ਤੇ ਬਾਜ਼ ਅੱਖ
      ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਕਾਸ ਅਥਾਰਟੀ ਕੋਲੋਂ ਖਰੀਦੇ ਪਲਾਟਾਂ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਵਿਜੀਲੈਂਸ ਦੀ ਬਾਜ਼ ਅੱਖ ਹੁਣ ਮਨਪ੍ਰੀਤ ਦੇ ਕਰੀਬੀਆਂ ਤੇ ਦੱਸੀ ਜਾ ਰਹੀ ਹੈ।
       ਵਿਜੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਇਕ ਸ਼ਰਾਬ ਦੇ ਕਾਰੋਬਾਰੀ ਜਸਵਿੰਦਰ ਸਿੰਘ ਉਰਫ ‘ਜੁਗਨੂੰ’ ਅਤੇ ਉਸ ਦੇ ਰਿਸ਼ਤੇਦਾਰ ਕੌਂਸਲਰ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਕਥਿਤ ਕਾਫ਼ੀ ਸਬੂਤ ਇਕੱਠੇ ਕਰਨ ਤੋਂ ਬਾਅਦ ਹੁਣ ਅੱਧੀ ਦਰਜਨ ਹੋਰ ਚਹੇਤਿਆਂ ਨੂੰ ਨਿਸ਼ਾਨੇ ਤੇ ਲੈਣ ਦਾ ਫੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ’ਚ ਉਨ੍ਹਾਂ ’ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਤਿੰਨੋ ਮਨਪ੍ਰੀਤ ਬਾਦਲ ਦੇ ਕਾਫੀ ਕਰੀਬੀ ਹਨ।
   
 ਇਹ ਹੈ ਮਨਪ੍ਰੀਤ ਬਾਦਲ ਪਲਾਟ ਮਾਮਲਾ
       ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਫੇਸ ਵਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਦੋ ਪਲਾਟ ਖਰੀਦੇ ਸਨ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਸ਼ਿਕਾਇਤ ਕੀਤੀ ਸੀ ਕਿ ਪਲਾਟਾਂ ਦੀ ਖਰੀਦੋ ਫਰੋਖਤ ਮੌਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਲਾਟ ਖਰੀਦਣ ਵੇਲੇ ਨਿਯਮਾਂ ਦੀਆਂ ਵੱਡੀ ਪੱਧਰ ਤੇ ਧੱਜੀਆਂ ਉਡਾਈਆਂ ਗਈਆਂ ਹਨ। ਮਾਮਲੇ ਦੀ ਪੜਤਾਲ ਤੋਂ ਬਾਅਦ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਸੁਪਰਡੈਂਟ ਪੰਕਜ਼ ਕਾਲੀਆ ,ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ‌ । 
Advertisement
Advertisement
Advertisement
Advertisement
Advertisement
error: Content is protected !!