ਜ਼ਮਾਨਤ ਲਈ ਫਿਰ ਦਿੱਤੀ ਮਨਪ੍ਰੀਤ ਬਾਦਲ ਨੇ ਬਠਿੰਡਾ ਅਦਾਲਤ ਦੇ ਬੂਹੇ ਤੇ ਦਸਤਕ
ਅਸ਼ੋਕ ਵਰਮਾ,ਬਠਿੰਡਾ, 29 ਸਤੰਬਰ 2023
ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਜ਼ਮਾਨਤ ਖਾਤਰ ਪਟੀਸ਼ਨ ਦਾਇਰ ਕੀਤੀ ਹੈ। ਮਨਪ੍ਰੀਤ ਬਾਦਲ ਨੇ ਸੀਆਰਪੀਸੀ ਦੀ ਧਾਰਾ 438 ਤਹਿਤ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਅਦਾਲਤ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਾਇਰ ਅਰਜ਼ੀ’ਤੇ ਸੁਣਵਾਈ 4 ਅਕਤੂਬਰ ਨੂੰ ਤਹਿ ਕੀਤੀ ਹੈ। ਵਿਜੀਲੈਂਸ ਵੱਲੋਂ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਦੌਰਾਨ ਹੁਣ ਸਭ ਦੀਆਂ ਨਜ਼ਰਾਂ ਮਨਪ੍ਰੀਤ ਬਾਦਲ ਦੇ ਇਸ ਪੈਂਤੜੇ ਤੇ ਟਿਕ ਗਈਆਂ ਹਨ।
ਦੱਸਣ ਯੋਗ ਹੈ ਕਿ ਇਸ ਤੋਂ ਕਰੀਬ ਇੱਕ ਹਫਤਾ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸੰਭਾਵਿਤ ਗ੍ਰਿਫਤਾਰੀ ਦੇ ਡਰੋਂ ਆਪਣੇ ਖਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਕਾਰਨ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਤੋਂ ਅਗਾਊਂ ਜਮਾਨਤ ਮੰਗੀ ਸੀ ਪਰ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਇਹ ਅਰਜ਼ੀ ਵਾਪਸ ਲੈ ਲਈ ਸੀ।ਮਨਪ੍ਰੀਤ ਬਾਦਲ ਨੇ ਆਪਣੀ ਅਰਜ਼ੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿਆਸੀ ਰੰਜ਼ਿਸ਼ ਤਹਿਤ ਫ਼ਸਾਉਣ ਦੇ ਦੋਸ਼ ਲਾਏ ਸਨ ਅਤੇ ਉਨ੍ਹਾਂ ਇਸ ਸੰਬੰਧ ਵਿੱਚ ਕੁੱਝ ਸਬੂਤਾਂ ਨੂੰ ਵੀ ਅਦਾਲਤ ਅੱਗੇ ਪੇਸ਼ ਕੀਤਾ ਸੀ।ਸਬੂਤ ਦੇ ਤੌਰ ਤੇ ਉਦੋਂ ਇੱਕ ਵੀਡੀਓ ਵੀ ਪੇਸ਼ ਕੀਤੀ ਦੱਸੀ ਗਈ ਜਿਸ ਵਿੱਚ ਮੁੱਖ ਮੰਤਰੀ ਵੱਲੋਂ ਉਨ੍ਹਾਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਤੋਂ ਦੋ ਪਲਾਟ ਖਰੀਦੇ ਸਨ। ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਪਲਾਟ ਖਰੀਦਣ ਵੇਲੇ ਵੱਡੀ ਪੱਧਰ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਸੁਪਰਡੈਂਟ ਪੰਕਜ਼ ਕਾਲੀਆ ,ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ।