ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਹੀਆ ਮੈਨੂੰ ਯਾਦ ਆਂਵਦਾ  ਵਾਲਾ ਚਰਖਾ ਗੁੰਮ

Advertisement
Spread information
ਅਸ਼ੋਕ ਵਰਮਾ,ਬਠਿੰਡਾ,22 ਸਤੰਬਰ2023


      ਵਿਸ਼ਵ ਦੇ ਨਾਮਵਰ ਗਾਇਕ ਨੁਸਰਤ ਫਤਹਿ ਅਲੀ ਖ਼ਾਨ ਵੱਲੋਂ ਗਾਇਆ ਗੀਤ ‘ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਹੀਆ ਸਾਨੂੰ ਯਾਦ ਆਂਵਦਾ’ ਬੇਸ਼ੱਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਏਗਾ ਪਰ ਇਸ ਗੀਤ ਦਾ ਧੁਰਾ ਅਤੇ ਪੰਜਾਬ ਦੇ ਅਮੀਰ ਵਿਰਸੇ ਦਾ ਮੁਦਈ ਮੰਨੇ ਜਾਂਦੇ ਚਰਖੇ ਦੀ ਮਿੱਠੀ ਮਿੱਠੀ ਘੂਕ ਹੁਣ ਕਿਧਰੇ ਵੀ ਸੁਣਾਈ ਨਹੀਂ ਦਿੰਦੀ ਹੈ। ਹੁਣ ਤਾਂ ਇਹ ਹਾਲ ਹੈ ਕਿ ਚਰਖਾ ਜਾਂ ਤਾਂ ਵਿਰਾਸਤ ਮੇਲਿਆਂ ਵਿੱਚ ਨਜ਼ਰ ਆਉਂਦਾ ਹੈ ਜਾਂ ਫਿਰ ਸਟੇਜਾਂ ਤੇ ਨੱਚਣ ਗਾਉਣ ਦਾ ਪ੍ਰੋਗ੍ਰਾਮ ਕਰਨ ਵਾਲੇ ਆਪਣੀ ਕਲਾ ਨੂੰ ਵਿਰਾਸਤੀ ਰੰਗ ਦੇਣ ਲਈ ਚਰਖਾ ਸਟੇਜ਼ ਦੇ ਉੱਪਰ ਸਜਾਉਂਦੇ ਹਨ। ਕੋਈ ਸਮਾਂ ਸੀ ਜਦੋਂ ਪੰਜਾਬੀ ਸੱਭਿਆਚਾਰ ‘ਚ ਚਰਖੇ ਦੀ ਇੱਕ ਵਿਸ਼ੇਸ਼ਤਾ ਹੁੰਦੀ ਸੀ ਜੋ ਹੁਣ ਪੂਰੀ ਤਰਾਂ ਗਾਇਬ ਹੋ ਗਈ ਹੈ।                     
       ਇੱਕ ਪੜਤਾਲ ਅਨੁਸਾਰ ਪੁਰਾਤਨ ਵੇਲਿਆਂ ‘ਚ ਚਰਖਾ ਪੰਜਾਬ ਦੇ ਲਗਭਗ ਹਰ ਘਰ ਦੀ ਸ਼ਾਨ ਹੁੰਦਾ ਸੀ। ਹਾਲਾਂਕਿ ਪੰਜਾਬ ਵਿੱਚ ਚਰਖਾ ਵੱਡੀ ਗਿਣਤੀ ਥਾਵਾਂ ਤੇ ਬਣਦਾ ਸੀ ਪਰ ਚੜ੍ਹਾਈ ਦੇ ਦਿਨਾਂ ਦੌਰਾਨ ਬਠਿੰਡਾ ਜ਼ਿਲ੍ਹੇ ਦਾ ਪਿੰਡ ਜੋਧਪੁਰ ਪਾਖਰ ਚਰਖੇ ਬਨਾਉਣ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਸੀ। ਜਾਣਕਾਰੀ ਅਨੁਸਾਰ ਇਸ ਪਿੰਡ ਦੇ ਵਿੱਚ ਪੰਜ ਦਰਜਨ ਤੋਂ ਵੱਧ ਕਾਰੀਗਰ ਚਰਖਾ ਤਿਆਰ ਕਰਦੇ ਸਨ ਜਿਨ੍ਹਾਂ ਦੀ ਗਿਣਤੀ ਹੁਣ ਉਂਗਲਾਂ ਤੇ ਗਿਣਨ ਜੋਗੀ ਵੀ ਨਹੀਂ ਰਹਿ ਗਈ ਹੈ। ਇਸ ਪਿੰਡ ਵਿੱਚੋਂ ਹੁਣ ਚਰਖਿਆਂ ਦੀ ਬਣਵਾਈ ਦਾ ਕੰਮ ਖਤਮ ਹੋਣ ਕੰਢੇ ਹੈ। ਇਸ ਦਾ ਮੁੱਖ  ਕਾਰਨ ਨਵੇਂ ਪੋਚ ਵਿੱਚ ਹੱਥੀਂ ਕੱਤਣ ਦੀ ਰੁਚੀ ਦਾ ਪੂਰੀ ਤਰਾਂ ਖਾਤਮਾ, ਨਰਮੇ-ਕਪਾਹ ਦੀ ਘਟੀ ਕਾਸ਼ਤ , ਚਰਖਾ ਬਨਾਉਣ ਲਈ ਵਰਤੇ ਜਾਂਦੇ ਸਮਾਨ ਦੀਆਂ ਕੀਮਤਾਂ ‘ਚ ਆਈ ਤੇਜੀ ਨੇ ਵੀ ਚਰਖੇ ਦੇ ਵਜੂਦ ਨੂੰ ਸੱਟ ਮਾਰੀ ਹੈ।
      ਚਾਰ ਪੰਜ ਦਹਾਕੇ ਪਹਿਲਾਂ ਜਦੋਂ ਪਿੰਡਾਂ ‘ਚ ਕੁੜੀਆਂ ਦੇ ਦਾਜ ਵਿਚ ਚਰਖੇ ਦੇਣ ਦਾ ਰਿਵਾਜ ਸੀ ਤਾਂ ਉਸ ਵੇਲੇ  ਮਿਸਤਰੀਆਂ ਕੋਲ ਚਰਖੇ ਬਣਵਾਉਣ ਦੀ ਵਾਰੀ ਨਹੀਂ ਆਉਂਦੀ ਸੀ। ਜਦੋਂ ਕਿ ਅੱਜ ਇਸ ਵਿਰਾਸਤ ਨੂੰ ਡੁਬਦੀ ਦੇਖ ਝੂਰਨ ਵਾਲੇ ਮਿਸਤਰੀ ਚਰਖਾ ਖਰੀਦਣ ਵਾਲਿਆਂ ਨੂੰ ਉਡੀਕਦੇ ਹਨ । ਵੱਡੀ ਗੱਲ ਹੈ ਕਿ ਚਰਖੇ ਦਾ ਅਹਿਮ ਅੰਗ ਤੱਕਲਾ ਤਿਆਰ ਕਰਨ ਦੇ ਮਾਹਿਰ ਵੀ ਖਤਮ ਹੁੰਦੇ ਜਾ ਰਹੇ ਹਨ।ਪਿੰਡ ਜੋਧਪੁਰ ਪਾਖਰ ਦੀ ਮਹਿਲਾ ਸਰਪੰਚ ਸ਼ਿੰਦਰ ਕੌਰ ਦੇ ਪਤੀ ਕਪੂਰ ਸਿੰਘ ਦਾ ਕਹਿਣਾ ਸੀ ਕਿ ਹੁਣ ਇਸ ਧੰਦੇ ‘ਚ ਪਹਿਲਾਂ ਵਾਲਾ ਜਲੌਅ ਬਿਲਕੁਲ ਵੀ ਨਹੀਂ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਤਾਂ ਲੋਕ ਪਿੰਡ ਦੇ ਕਾਰੀਗਰਾਂ ਕੋਲੋਂ ਚਰਖੇ ਨਹੀਂ ਸਜਾਵਟ ਲਈ ਸਿਰਫ ਚਰਖੀਆਂ ਬਣਵਾਉਣ ਆਉਂਦੇ ਹਨ । ਉਨ੍ਹਾਂ ਦੱਸਿਆ ਕਿ ਸੂਤ ਤੋਂ ਬਣਿਆ ਹਰ ਸਮਾਨ ਬਣਿਆ ਬਣਾਇਆ ਮਿਲਦਾ ਹੋਣ ਕਰਕੇ ਵੀ ਇਸ ਧੰਦੇ ਨੂੰ ਖੋਰਾ ਲੱਗਿਆ ਹੈ।
        ਦੂਜੇ ਪਾਸੇ ਚਰਖੇ ਤਿਆਰ ਕਰਨ ਵਾਲਿਆਂ ਦੀ ਮੌਜੂਦਾ ਪੀੜ੍ਹੀ ਨੇ ਇਸ ਕੰਮ ਤੋਂ ਤਾਂ ਪਾਸਾ ਵੱਟ ਲਿਆ ਹੈ। ਨੌਜਵਾਨ ਆਖਦੇ ਹਨ ਕਿ ਵਡੇਰਿਆਂ ਦੀ ਕਲਾ ਸੰਭਾਲਣਾ ਤਾਂ ਠੀਕ ਹੈ ਪਰ ਹੁਣ ਇਸ ਨਾਲ ਰੋਜੀ ਰੋਟੀ ਦਾ ਮਸਲਾ ਹੱਲ ਨਹੀਂ ਹੁੰਦਾ ਹੈ।ਨੌਜਵਾਨਾਂ ਦਾ ਪ੍ਰਤੀਕਰਮ ਹੈ ਕਿ ਜਦੋਂ ਰੁਜਗਾਰ ਦੇ ਹੋਰ ਚੰਗੇ ਮੌਕੇ ਅਤੇ ਚੰਗੀ ਤਨਖਾਹ ਮਿਲ ਰਹੀ ਹੋਵੇ ਤਾਂ ਇਸ ਕਾਰੋਬਾਰ ਨਾਲ ਬੱਝੇ  ਰਹਿਣਾ ਵੀ ਕੋਈ ਸਿਆਣਪ ਨਹੀਂ ਹੈ। ਦੱਸਣ ਯੋਗ ਹੈੈ ਕਿ ਕੋਈ ਵਕਤ ਸੀ ਜਦੋਂ ਕੁੜੀਆਂ ਰਲ-ਮਿਲ ਕੇ ਚਰਖਾ ਕੱਤਦੀਆਂ ਹੁੰਦੀਆਂ ਸਨ। ਬਦਲੇ ਸਮਾਜਿਕ ਹਾਲਾਤਾਂ  ਕਾਰਨ ਬਣੇ ਬੇਵਿਸ਼ਵਾਸੀ ਦੇ ਮਾਹੌਲ ਕਰਕੇ ਹੁਣ ਪਿੰਡਾਂ ਦੀਆਂ ਸੁਆਣੀਆਂ ਵਿੱਚ ਪਿੱਪਲਾਂ ਦੀ ਛਾਵੇਂ ਜਾਂ ਸਿਆਲੂ ਰਾਤਾਂ ਨੂੰ  ਚਰਖੇ ਕੱਤਣ ਦਾ ਰੁਝਾਨ ਖਤਮ ਹੋ ਗਿਆ ਹੈ। ਇਨ੍ਹਾਂ ਕਾਰਨਾਂ ਕਰਕੇ ਟਾਂਵੇਂ ਝੱਲੇ ਘਰਾਂ ਵਿੱਚ ਪੜਛੱਤੀਆਂ ਤੇ ਰੱਖੇ ਚਰਖੇ ਘੂਕ ਦੀ ਥਾਂ ਖੁਰਦੇ ਵਿਰਸੇ ਨੂੰ ਦੇਖ ਹੌਕੇ ਭਰਦੇ ਹਨ।
ਮਸ਼ੀਨੀਕਰਨ ਨੇ ਮਿਟਾਈ ਚਰਖੇ ਦੀ ਹੋਂਦ
ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਤਰੀ  ਕੇਂਦਰ ਬਠਿੰਡਾ ਦੇ ਸਾਬਕਾ ਮੁੱਖੀ ਪ੍ਰੋਫੈਸਰ ਡਾਕਟਰ ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ  ਇਸ ਵਿਰਾਸਤ ਦੀ ਹੋਂਦ ਮਿਟਾਉਣ ‘ਚ ਮਸ਼ੀਨੀਕਰਨ ਦਾ ਯੋਗਦਾਨ ਹੈ। ਉਨ੍ਹਾ ਕਿਹਾ ਕਿ ਆਧੁਨਿਕ ਤਕਨੀਕਾਂ ਵਾਲੀਆਂ ਧਾਗਾ ਮਿੱਲਾਂ ‘ਚ ਸੂਤ ਜਲਦੀ ਤਿਆਰ ਹੋ ਜਾਂਦਾ ਹੈ ਜਿਸ ਤੋਂ ਬਣੀਆਂ ਤੋਂ ਨਵੇਂ-ਨਮੂਨਿਆਂ ਦੀਆਂ ਵਸਤਾਂ ਨੂੰ ਲੋਕ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਕੁੜੀਆਂ ਦੀ ਪਹਿਲ ਆਈਲੈਟਸ ਕਰਕੇ ਵਿਦੇਸ਼ ਜਾਣਾ ਜਾਂ ਕੰਪਿਊਟਰ ਸਿੱਖ ਕੇ ਨੌਕਰੀ ਤਲਾਸ਼ ਕਰਨਾ ਰਹਿ ਗਈ ਹੈ ਚਰਖੇ ਵਗੈਰਾ ਸਿੱਖਣੇ ਤਾਂ ਦੂਰ ਦੀ ਗੱਲ ਹੈ।
ਪੱਛਮੀ ਵਾਅ ਨੇ  ਖਤਮ ਕੀਤੀ ਵਿਰਾਸਤ
 ਤ੍ਰਵੈਣੀ ਕਲੱਬ ਬਠਿੰਡਾ ਦੀ ਆਗੂ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਡਾ  ਅਮਰਜੀਤ ਕੌਰ ਕੋਟਫੱਤਾ ਦਾ ਕਹਿਣਾ ਸੀ ਕਿ ਅੱਜ ਦੇ ਗੰਧਲੇ ਮਹੌਲ ‘ਚ ਵਿਰਾਸਤ ਜਾਂ ਵਿਰਸੇ ਦੀ ਸੰਭਾਲ ਸਿਰਫ ਕਿਤਾਬੀ ਗੱਲਾਂ ਬਣ ਕੇ ਰਹਿ ਗਈਆਂ ਹਨ ।ਉਨ੍ਹਾਂ ਆਖਿਆ ਕਿ ਸਮਾਜਿਕ ਜੀਵਨ ਵਿੱਚ ਤ੍ਰਿੰਝਣਾਂ ‘ਚ ਬੈਠ ਕੇ ਕੱਤੀਆਂ ਤੰਦਾਂ ਰਿਸ਼ਤਿਆਂ ਨੂੰ ਮਜਬੂਤੀ ਨਾਲ ਬੰਨ੍ਹੀ ਰੱਖਦੀਆਂ ਸਨ ਜਿਨ੍ਹਾਂ ਨੂੰ ਪੱਛਮੀ ਵਾਅ ਨੇ ਖਤਮ ਕਰਕੇ ਰੱਖ ਦਿੱਤਾ ਹੈ ।ਉਨ੍ਹਾਂ ਦੁੱਖ ਜਾਹਰ ਕੀਤਾ ਕਿ ਪੰਜਾਬ ਦੇ ਅਮੀਰ ਵਿਰਸੇ ਦਾ ਪ੍ਰਤੀਕ ਚਰਖਾ ਅੱਜ ਕੱਲ ਵਿਰਾਸਤ ਮੇਲਿਆਂ ਜਾਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
 
      ਕੁੜੀਆਂ ਨੂੰ ਮੋਬਾਇਲਾਂ ਤੋਂ ਵਿਹਲ ਨਹੀਂ
ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਰਾਜ਼ ਦੀ ਬਜੁਰਗ ਮਹਿਲਾ ਰਣਜੀਤ ਕੌਰ ਦਾ ਕਹਿਣਾ ਸੀ ਕਿ ਪੁਰਾਣੇ ਵੇਲਿਆਂ ‘ਚ ਕੁੜੀਆਂ ਮਿਲ ਕੇ ਛੋਪ ਕੱਤਦੀਆਂ ਸਨ ਜਿਸ ਦੇ ਵਿਚਕਾਰੋਂ ਉੱਠਣ ਦੀ ਮਨਾਹੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਂਝੀ ਬੋਹਟੀ ਵਿੱਚ ਬਰਾਬਰ ਪੂਣੀਆਂ ਤੋਲ ਕੇ ਰੱਖੀਆਂ ਜਾਂਦੀਆਂ ਸਨ ਜਿਸ ਚੋਂ ਆਪੋ ਆਪਣੀ ਪੂਣੀ ਕੱਤੀ ਜਾਂਦੀ ਸੀ ।ਉਨ੍ਹਾਂ ਦੱਸਿਆ ਕਿ ਕਿ ਇਸ ਮੌਕੇ ਫ਼ਿਜ਼ਾ ‘ਚ ਰਸ ਘੋਲਦੀ ਹਾਸੇ-ਠੱਠਿਆਂ ਦੀ ਆਵਾਜ਼ ਤੋਂ ਪਤਾ ਲੱਗਦਾ ਸੀ ਕਿ ਕੁੜੀਆਂ ਤ੍ਰਿੰਞਣੀਂ ਚਰਖਾ ਕੱਤ ਰਹੀਆਂ ਹਨ  । ਉਨ੍ਹਾਂ  ਕਿਹਾ ਕਿ ਹੁਣ ਦੀਆਂ ਕੁੜੀਆਂ ਨੂੰ ਤਾਂ ਮੋਬਾਈਲ ਫੋਨ ਤੋਂ ਹੀ ਵਿਹਲ ਨਹੀਂ ਰਹਿ ਗਈ ਹੈ।
Advertisement
Advertisement
Advertisement
Advertisement
Advertisement
error: Content is protected !!