ਅਸ਼ੋਕ ਵਰਮਾ,ਬਠਿੰਡਾ,21 ਸਤੰਬਰ 2023
ਵਿਦੇਸ਼ ‘ਚ ਬੈਠੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਨੂੰ ਫੜਨ ਲਈ ਵੀਰਵਾਰ ਨੂੰ ਪੰਜਾਬ ਭਰ ‘ਚ ਪੁਲਸ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ ਬਠਿੰਡਾ ਵਿੱਚ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ 300 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਪੂਰੇ ਜ਼ਿਲ੍ਹੇ ਵਿੱਚ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੂੰ ਕੁਝ ਖਾਸ ਨਹੀਂ ਮਿਲਿਆ।ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਵਾਈ ਖਤਮ ਹੋਣ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਇੱਕ ਘਰ ਜਾ ਕੇ ਖੁਦ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਦਾ ਮੁੰਡਾ ਕਤਲ ਕੇਸ ਵਿੱਚ ਸ਼ਾਮਿਲ ਸੀ ਜੋ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੱਸਦੇ ਗੈਂਗਸਟਰ ਅਕਸਰ ਅਜਿਹੀਆਂ ਥਾਵਾਂ ਨੂੰ ਛੁਪਣਗਾਹਾਂ ਵਜੋਂ ਵਰਤਦੇ ਹਨ ਜਿਸ ਕਰਕੇ ਅੱਜ ਇਸ ਘਰ ਵਿੱਚ ਵਿਸ਼ੇਸ਼ ਤੌਰ ਤੇ ਤਲਾਸ਼ੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਗੈਂਗਸਟਰਾਂ ਜਦੋਂ ਕੋਈ ਜ਼ੁਰਮ ਕਰਨਾ ਹੁੰਦਾ ਹੈ ਤਾਂ ਅਪਰਾਧ ਵਿਚ ਸ਼ਾਮਿਲ ਲੋਕਾਂ ਨੂੰ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਅੱਜ ਇਸ ਪਰਿਵਾਰ ਨਾਲ ਗੱਲਬਾਤ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ ਜਿਸ ਨਾਲ ਉਨ੍ਹਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਉਲਝਣ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸ਼ੱਕੀ ਲੋਕਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਦੇ ਕਰੀਬ 1200 ਸਾਥੀ ਪੂਰੇ ਪੰਜਾਬ ਵਿੱਚ ਉਸ ਲਈ ਕੰਮ ਕਰ ਰਹੇ ਹਨ। ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ‘ਤੇ ਵੀਰਵਾਰ ਨੂੰ ਗੈਂਗਸਟਰਾਂ ਦੇ ਸਾਥੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿਚ 350 ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ81 ਥਾਵਾਂ ‘ਤੇ ਚੈਕਿੰਗ ਕੀਤੀ | ਉਨ੍ਹਾਂ ਦੱਸਿਆ ਕਿ ਗੋਲਡੀ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਵੀ ਜੁੜਿਆ ਹੋਇਆ ਹੈ।