ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 19 ਸਤੰਬਰ 2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇੱਥੇ ਭੱਠਿਆਂ ਵਿਚ ਪਰਾਲੀ ਦੀ ਵਰਤੋਂ ਕਰਨ ਸਬੰਧੀ ਭੱਠਾ ਮਾਲਕਾਂ ਨਾਲ ਇਕ ਬੈਠਕ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਭੱਠਿਆਂ ਦੇ ਬਾਲਣ ਦਾ 20 ਫੀਸਦੀ ਹਿੱਸਾ ਪਰਾਲੀ ਦਾ ਬਣਿਆ ਹੋਣਾ ਚਾਹੀਦਾ ਹੈ। ਇਸ ਲਈ ਭੱਠਿਆਂ ਦੇ ਸੰਚਾਲਕ ਆਪਣੀ ਜਰੂਰਤ ਅਨੁਸਾਰ ਹੁਣ ਤੋਂ ਹੀ ਪਰਾਲੀ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਰਾਲੀ ਦੀ ਪੈਲਟਸ ਵਰਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਨ ਹਰ ਇਕ ਮਨੁੱਖ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਲਈ ਇਸਦਾ ਨਿਪਟਾਰਾ ਕਰਨਾ ਸਿਰਫ ਕਿਸਾਨ ਦੀ ਹੀ ਜਿੰਮੇਵਾਰੀ ਨਹੀਂ ਹੈ ਸਗੋਂ ਬਾਕੀ ਸਭ ਨੂੰ ਵੀ ਪਰਾਲੀ ਪ੍ਰਬੰਧਨ ਵਿਚ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਭੱਠਾ ਸੰਚਾਲਕ ਇਸ ਲਈ ਸਰਕਾਰੀ ਹਦਾਇਤਾਂ ਅਨੁਸਾਰ ਪਰਾਲੀ ਦੀ ਵਰਤੋਂ ਕਰਨ ਅਤੇ ਆਪਣੇ ਨੇੜੇ ਦੇ ਛੋਟੇ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿਚ ਮਦਦ ਕਰਨ।
ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਪਰਾਲੀ ਦੀ ਪਸ਼ੂ ਚਾਰੇ ਵਜੋਂ ਵਰਤੋਂ ਲਈ ਪਰਾਲੀ ਨੇੜੇ ਦੀ ਗਊਸ਼ਾਲਾ ਵਿਚ ਵੀ ਭੇਜੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਛੋਟੇ ਕਿਸਾਨਾਂ ਦੀ ਪਰਾਲੀ ਦੀ ਭੱਠਿਆਂ ਵਿਚ ਖਪਤ ਲਈ ਭੱਠਾ ਸੰਚਾਲਕਾਂ ਅਤੇ ਕਿਸਾਨਾਂ ਦਾ ਤਾਲਮੇਲ ਕਰਵਾਏ।
ਇਸ ਮੌਕੇ ਭੱਠਾ ਸੰਚਾਲਕਾਂ ਨੇ ਇਸ ਸਬੰਧੀ ਭਰੋਸਾ ਦਿੱਤਾ ਕਿ ਉਹ ਵੱਧ ਤੋਂ ਵੱਧ ਇਸ ਮੁਹਿੰਮ ਵਿਚ ਸਹਿਯੋਗ ਕਰਣਗੇ ਅਤੇ ਜਿ਼ਲ੍ਹੇ ਵਿਚ ਪਰਾਲੀ ਪ੍ਰਬੰਧਨ ਵਿਚ ਜਿ਼ਲ੍ਹਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਣਗੇ। ਬੈਠਕ ਵਿਚ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਹਿਮਾਂਸੂ ਕੁੱਕੜ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਵੀ ਹਾਜਰ ਸਨ।