ਹਰਿੰਦਰ ਨਿੱਕਾ ,ਬਰਨਾਲਾ 17 ਸਤੰਬਰ 2023
ਲਗਾਤਾਰ ਇੱਕ ਮਹੀਨੇ ਤੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮੂਹਰੇ,ਕਾਲਜ ਦੀ ਪ੍ਰਬੰਧਕ ਕਮੇਟੀ ਦੀਆਂ ਕਥਿਤ ਘਪਲੇਬਾਜੀਆਂ ‘ਤੇ ਬੇਨਿਯਮੀਆਂ ਖਿਲਾਫ ਉੱਠ ਰਹੀਆਂ ਆਵਾਜਾਂ ਨੂੰ ਖਾਮੋਸ਼ ਕਰਨ ਲਈ ਕਾਲਜ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਅਤੇ ਧਰਨਾਕਾਰੀਆਂ ਚੋਂ ਇੱਕ ਆਪ ਦੇ ਐਮ.ਸੀ. ਬਲਵੀਰ ਸਿੰਘ ਲੱਕੀ ਦਰਮਿਆਨ ਹੋ ਰਹੀ ਸੌਦੇਬਾਜ਼ੀ ਦੀ ਆਡੀਓ ਵਾਇਰਲ ਹੋ ਜਾਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਤਰਥੱਲੀ ਮੱਚ ਗਈ। ਦੋਵੇਂ ਧਿਰਾਂ ਦੇ ਸਮੱਰਥਕ ਵਾਇਰਲ ਆਡਿਓ ਨੂੰ ਇੱਕ ਦੂਜੇ ਦਾ ਚਿਹਰਾ ਬੇਨਕਾਬ ਕਰਨ ਲਈ ਇਸਤੇਮਾਲ ਕਰਨ ਦਾ ਮਿਲਿਆ ਮੌਕਾ ਹੱਥੋਂ ਖੁੰਝਣ ਨਹੀਂ ਦੇ ਰਹੇ । ਆਪ ਕੌਂਸਲਰ ਬਲਵੀਰ ਸਿੰਘ ਲੱਕੀ ਨੇ ਕਿਹਾ ਕਿ ਮੈਂ ਇੱਕ ਵੀ ਰੁਪੱਈਆ ਭੋਲਾ ਸਿੰਘ ਵਿਰਕ ਤੋਂ ਨਹੀਂ ਲਿਆ, ਆਡਿਓ ਦੀ ਪੂਰੀ ਸਚਾਈ ਮੈਂ ਛੇਤੀ ਹੀ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਆਵਾਂਗਾ। ਉੱਧਰ ਆਮ ਆਦਮੀ ਪਾਰਟੀ ਲਈ ਵੀ, ਆਪਣੇ ਕੌਂਸਲਰ ਦੀ ਸੌਦੇਬਾਜੀ ਕਰਦਿਆਂ ਦੀ ਵਾਇਰਲ ਆਡਿੳ ਗਲੇ ਦੀ ਹੱਡੀ ਬਣ ਗਈ ਹੈ।
ਅੰਦਰ ਵੜ੍ਹਕੇ ਹੋ ਰਿਹੈ ਸੌਦਾ, ਆਡਿਓ ਨੇ ਕੱਢਿਆ ਬਾਹਰ,,,
ਆਡਿਓ ਰਿਕਾਰਡਿੰਗ ‘ਚ ਕਾਲਜ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ , ਧਰਨਾਕਾਰੀਆਂ ਦੀ ਧਿਰ ‘ਚੋਂ ਸੌਦੇਬਾਜੀ ਲਈ ਬੁਲਾਏ ਆਮ ਆਦਮੀ ਪਾਰਟੀ ਦੇ ਕੌਂਸਲਰ ਬਲਵੀਰ ਸਿੰਘ ਲੱਕੀ ਸੰਘੇੜਾ (ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 2) ਨਾਲ ਕਰੀਬ 9 ਮਿੰਟ ਦੀ ਗੱਲਬਾਤ ਹੈ। ਕੌਂਸਲਰ ਬਲਵੀਰ ਸਿੰਘ ਅਨੁਸਾਰ ਗੱਲਬਾਤ ਕਰਵਾਉਣ ਵਿੱਚ ਅਹਿਮ ਭੂਮਿਕਾ ਪਿੰਡ ਕਰਮਗੜ੍ਹ ਦੇ ਸਰਪੰਚ ਜੱਗਾ ਸਿੰਘ ਨੇ ਨਿਭਾਈ ਹੈ। ਦੋਵਾਂ ਦਰਮਿਆਨ ਹੋ ਰਹੀ ਗੱਲਬਾਤ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਹ ਆਡਿਓ ਸੌਦਾ ਤੈਅ ਹੋ ਜਾਣ ਤੋਂ ਬਾਅਦ ਸੌਦੇਬਾਜੀ ਨੂੰ ਰਿਕਾਰਡ ਤੇ ਲਿਆਉਣ ਲਈ ਹੀ ਕੀਤੀ ਗਈ ਹੈ। ਕਿਉਂਕਿ ਭੋਲਾ ਸਿੰਘ ਵਿਰਕ 10 ਲੱਖ ਵਿੱਚ ਪਹਿਲਾਂ ਤੈਅ ਹੋਏ ਸੌਦੇ ਨੂੰ ਗੱਲੀਂਬਾਤੀ ਘੁੰਮਾ ਫਿਰਾ ਕੇ ਦੁਹਰਾ ਹੀ ਰਿਹਾ ਹੈ। ਭੋਲਾ ਸਿੰਘ ਵਿਰਕ , ਬਲਵੀਰ ਸਿੰਘ ਨੂੰ ਕਹਿ ਰਿਹਾ ਹੈ ਕਿ ਬਾਈ ਤੂੰ ਮੇਰੀ ਮਾੜੀ ਜਿਹੀ ਇੱਜਤ ਰੱਖ ਦੇ, ਯਾਨੀ 10 ਲੱਖ ਰੁਪਏ ਤੋਂ ਇੱਕ ਲੱਖ ਰੁਪਏ ਘੱਟ ਕਰ ਦੇਹ, ਪਰੰਤੂ ਬਲਵੀਰ ਸਿੰਘ ,ਭੋਲਾ ਸਿੰਘ ਦੇ ਵਾਰ ਵਾਰ ਕਹਿਣ ਤੇ ਸਾਢੇ 9 ਲੱਖ ਤੇ ਗੱਲ ਮੁਕਾ ਦਿੰਦਾ ਹੈ। ਇੱਥੇ ਹੀ ਬੱਸ ਨਹੀਂ, ਗੱਲਬਾਤ ਦੌਰਾਨ ਪਹਿਲੀ ਕਿਸ਼ਤ 1 ਲੱਖ ਰੁਪਏ (ਸਾਈ- ਟੋਕਨ ਮਨੀ )ਦੇਣ ਦਾ ਵੀ ਜਿਕਰ ਹੋ ਰਿਹਾ ਹੈ। ਬਾਕੀ ਸਾਢੇ ਅੱਠ ਲੱਖ ਰੁਪਏ ਦੋ ਕਿਸ਼ਤਾਂ ‘ਚ ਯਾਨੀ 4 ਲੱਖ ਅਤੇ 4 ਲੱਖ 50 ਹਜ਼ਾਰ ਦੇਣਾ ਤੈਅ ਹੋ ਗਿਆ ਹੈ।
ਭੋਲਾ ਸਿੰਘ ਵਿਰਕ ਕਿਉਂ ਦੇ ਰਿਹੈ ਲੱਖਾਂ ਰੁਪਏ ,,?
ਭੋਲਾ ਸਿੰਘ ਵਿਰਕ ਆਡਿਓ ਵਿੱਚ ਸਾਫ ਸਾਫ ਆਪਣੀ ਮੰਸ਼ਾ ਦੱਸ ਰਿਹਾ ਹੈ, ਪਹਿਲੀ ਗੱਲ ਕਾਲਜ ਦੀਆਂ ਗਰਾਂਟਾਂ ਵਿੱਚ ਹੋਈ ਕਥਿਤ ਘਪਲੇਬਾਜੀ/ਬੇਨਿਯਮੀਆਂ ਸਬੰੰਧੀ ਐਸ.ਡੀ.ਐਮ. ਬਰਨਾਲਾ ਗੋਪਾਲ ਸਿੰਘ ਕੋਲ ਪੜਤਾਲ ਅਧੀਨ ਸ਼ਕਾਇਤ ਨੂੰ (ਡੈਡ)ਬੰਦ ਕਰਵਾਉਣਾ ਅਤੇ ਦੂਜਾ ਕਾਲਜ ਦੇ ਬਾਹਰ ਚੱਲ ਰਹੇ ਪਿੰਡ ਵਾਸੀਆਂ ਦੇ ਧਰਨੇ ਨੂੰ ਕਿਸੇ ਵੀ ਢੰਗ ਤਰੀਕੇ ਨਾਲ ਗਿਣਤੀ ਪੱਖੋਂ ਫੇਲ ਕਰਨਾ।
ਚੰਗਾ ਹੋਇਆ ਬਿੱਲੀ ਥੈਲਿਓਂ ਬਾਹਰ ਆ ਗਈ,,,
ਸੰਘੇੜਾ ਕਾਲਜ ਬਚਾਓ ਐਕਸ਼ਨ ਕਮੇਟੀ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਸੰਘੇੜਾ ਨੇ ਆਡਿਓ ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਐਕਸ਼ਨ ਕਮੇਟੀ ਗੁਰੂ ਘਰ ਅੰਦਰ ਲੋਕਾਂ ਨੇ ਬਕਾਇਦਾ ਅਰਦਾਸ ਕਰਕੇ, ਕਾਲਜ ਬਚਾਉਣ ਲਈ ਕਾਇਮ ਕੀਤੀ ਸੀ। ਇਹ ਧਰਨਾ ਕਿਸੇ ਇਕੱਲੇ ਵਿਅਕਤੀ ਦੇ ਧਰਨੇ ‘ਚ ਸ਼ਾਮਿਲ ਹੋਣ ਜਾਂ ਧਰਨੇ ਤੋਂ ਭੱਜ ਜਾਣ ਨਾਲ ਖਤਮ ਹੋਣ ਵਾਲਾ ਨਹੀਂ ਹੈ। ਭੋਲਾ ਸਿੰਘ ਵਿਰਕ ਦੀ ਅਜਿਹੀ ਗੈਰ ਇਖਲਾਕੀ ਸਾਜਿਸ਼ ਨੂੰ ਸੰਘਰਸ਼ੀ ਲੋਕ ਮੂੰਹ ਤੋੜਵਾਂ ਜੁਆਬ, ਧਰਨਾ ਪ੍ਰਦਰਸ਼ਨ ਹੋਰ ਤੇਜ਼ ਕਰਕੇ ਦੇਣਗੇ। ਉਨ੍ਹਾਂ ਕਿਹਾ ਕਿ ਆਡੀਓ ਵਿੱਚ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਪੂਰੀ ਆਡਿਓ ਵਿੱਚ ਭੋਲਾ ਸਿੰਘ ਵਿਰਕ, ਦੋਸ਼ਾਂ ਵਿੱਚ ਘਪਲੇ ਨਾ ਹੋਣ ਸਬੰਧੀ ਕੋਈ ਸਫਾਈ ਜਾਂ ਖੁਦ ਦੇ ਬੇਗੁਨਾਹ ਹੋਣ ਦੀ ਇੱਕ ਵੀ ਗੱਲ ਨਹੀਂ ਬੋਲ ਰਿਹਾ। ਜਿਸ ਤੋਂ ਸਾਫ ਹੁੰਦਾ ਹੈ ਕਿ ਭੋਲਾ ਸਿੰਘ ਵਿਰਕ, ਸੌਦਾ ਕਰਕੇ,ਧਰਨੇ ਨੂੰ ਖਤਮ ਕਰਵਾਉਣ ਅਤੇ ਸ਼ਕਾਇਤ ਤੋਂ ਹਰ ਕੀਮਤ ਤੇ ਛੁਟਕਾਰਾ ਹੀ ਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਇਆ ਬਿੱਲੀ ਥੈਲਿਓਂ ਬਾਹਰ ਆ ਗਈ,,। ਲੋਕਾਂ ਨੂੰ ਭੋਲਾ ਸਿੰਘ ਵਿਰਕ ਦੀ ਹਕੀਕਤ ਸਾਹਮਣੇ ਆ ਗਈ ਹੈ। ਉੱਧਰ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਬਲਵੀਰ ਸਿੰਘ ਐਮ.ਸੀ. ਨੂੰ ਐਕਸ਼ਟ ਕਮੇਟੀ ਵਿੱਚੋਂ ਕੱਢ ਦਿੰਤਾ ਹੈ। ਹੁਣ ਉਸ ਦਾ ਧਰਨੇ ਅਤੇ ਐਕਸ਼ਨ ਕਮੇਟੀ ਨਾਲ ਕੋਈ ਸਬੰਧ ਨਹੀਂ ਰਿਹਾ।