ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 6 ਸਤੰਬਰ 2023
ਸਰਕਾਰ ਵੱਲੋਂ ਇੱਟਾਂ ਦੇ ਭੱਠਿਆਂ ਵਿਚ ਵਰਤੇ ਜਾਂਦੇ ਬਾਲਣ ਵਿਚ 20 ਫੀਸਦੀ ਹਿੱਸਾ ਪਰਾਲੀ ਤੋਂ ਬਣੀਆਂ ਪੈਲਟਸ ਦਾ ਵਰਤਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਹ ਨਿਯਮ 1 ਜ਼ੁਲਾਈ 2023 ਤੋਂ ਲਾਗੂ ਹੈ। ਇਸ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਅੱਜ ਇੱਥੇ ਅਧਿਕਾਰੀਆਂ ਨਾਲ ਸਰਕਾਰੀ ਹਦਾਇਤਾਂ ਲਾਗੂ ਕਰਨ ਲਈ ਬੈਠਕ ਕਰਦਿਆਂ ਭੱਠਾ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪਰਾਲੀ ਦੀਆਂ ਪੈਲਟਸ ਦੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦ ਪਰਾਲੀ ਦੀ ਅਸੀਂ ਵੱਖ ਵੱਖ ਤਰੀਕਿਆਂ ਨਾਲ ਸੁਯੋਗ ਵਰਤੋਂ ਕਰਾਂਗੇ ਤਾਂ ਇਸ ਨਾਲ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਨਾ ਆਸਾਨ ਹੋਵੇਗਾ ਇਸ ਲਈ ਸਾਰੀਆਂ ਧਿਰਾਂ ਇਸ ਵੱਡੇ ਸਮਾਜਿਕ ਸਰੋਕਾਰ ਲਈ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਡੀਐਫਐਸਸੀ ਨੂੰ ਇਸ ਸਬੰਧੀ ਭੱਠਿਆਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਸਰਕਾਰੀ ਹਦਾਹਿਤਾਂ ਨੂੰ ਲਾਗੂ ਕਰਵਾਇਆ ਜਾਵੇ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਐਸਡੀਐਮ ਸ੍ਰੀ ਨਿਕਾਸ ਖੀਂਚੜ ਅਤੇ ਸ੍ਰੀ ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ।