ਹਰਪ੍ਰੀਤ ਕੋਰ ਬਬਲੀ, ਸੰਗਰੂਰ, 31 ਅਗਸਤ 2023
ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਅਦਾਲਤ ਦੀ ਝਾੜ ਤੋਂ ਬਾਅਦ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਜੋ ਵਾਪਸ ਲਿਆ ਗਿਆ ਹੈ, ਉਹ ਲੋਕਾਂ ਦੇ ਏਕੇ ਦੀ ਜਿੱਤ ਹੈ, ਜਿਸਦੇ ਲਈ ਸਮੂਹ ਪੰਚਾਇਤਾਂ ਅਤੇ ਪਿੰਡਾਂ ਦੇ ਲੋਕ ਵਧਾਈ ਦੇ ਪਾਤਰ ਹਨ | ਸ. ਮਾਨ ਅੱਜ ਸਵੇਰੇ ਆਪਣੀ ਬੱਗੂਆਣਾ ਸਥਿਤ ਰਿਹਾਇਸ਼ ‘ਤੇ ਆਪਣੀ ਸਮੱਸਿਆਵਾਂ ਲੈ ਕੇ ਪਹੁੰਚੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ |
ਸ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਲੋਕ ਵਿਰੋਧੀ ਫੈਸਲੇ ਲੈ ਕੇ ਆਪਣਾ ਅਕਸ਼ ਖਰਾਬ ਕਰ ਰਹੀ ਹੈ ਅਤੇ ਲੋਕਾਂ ਦਾ ਭਰੋਸਾ ਗੁਆ ਰਹੀ ਹੈ | ਮਾਣਯੋਗ ਅਦਾਲਤ ਦੀ ਫਟਕਾਰ ਤੋਂ ਬਾਅਦ ਪੰਜਾਬ ਸਰਕਾਰ ਨੂੰ ਪੰਚਾਇਤਾਂ ਭੰਗ ਕਰਨ ਦਾ ਲੋਕ ਵਿਰੋਧੀ ਫੈਸਲਾ ਵਾਪਸ ਲਏ ਨੂੰ ਹਾਲੇ ਇੱਕ ਦਿਨ ਵੀ ਪੂਰਾ ਨਹੀਂ ਬੀਤਿਆ ਕਿ ਹੁਣ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੋਂ ਆਪਣੇ ਹੱਕ ਾਂ ਲਈ ਸੰਘਰਸ਼ ਕਰਨ ਦਾ ਹੱਕ ਖੋਹਣ ਲਈ ਐਸਮਾ ਲਾਗੂ ਕਰਕੇ ਇੱਕ ਹੋਰ ਤਾਨਾਸ਼ਾਹੀ ਫੁਰਮਾਨ ਸੁਣਾ ਦਿੱਤਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅ) ਨਿਖੇਧੀ ਕਰਦਾ ਹੈ | ਉਨ੍ਹਾਂ ਕਿਹਾ ਕਿ ਆਪਣੇ ਹੱਕ ਲੈਣ ਲਈ ਸ਼ਾਂਤੀਮਈ ਢੰਗ ਨਾਲ ਹੜਤਾਲ ਤੇ ਰੋਸ ਮੁਜਾਹਰੇ ਕਰਨਾ ਹਰ ਨਾਗਰਿਕ ਦਾ ਸੰਵੈਧਾਨਿਕ ਹੱਕ ਹੈ | ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਵਾਅਦੇ ਨਿਭਾਉਣ ਦੀ ਬਜਾਏ ਹੱਕ ਮੰਗਦੇ ਲੋਕਾਂ ਦੀ ਆਵਾਜ ਨੂੰ ਦਬਾਉਣ ਲਈ ਨਵੇਂ-ਨਵੇਂ ਹੱਥਕੰਢੇ ਵਰਤ ਰਹੀ ਹੈ | ਸ. ਮਾਨ ਨੇ ਕਿਹਾ ਕਿ ਸੂਬੇ ਵਿਚਲੀ ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਲਏ ਜਾਣ ਵਾਲੇ ਲੋਕ ਵਿਰੋਧੀ ਫੈਸਲਿਆਂ ਦਾ ਖਾਮਿਆਜਾ ਸੱਤਾ ਗੁਆ ਕੇ ਭੁਗਤਣਾ ਪਵੇਗਾ | ਇਸ ਮੌਕੇ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |