Barnala Police ਫਿਰਦੀ, ਮੱਕੀ ‘ਚੋਂ ਚੋਰ ਭਾਲਦੀ ,,,

Advertisement
Spread information

8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ,ਹਿਰਾਸਤ ਚੋਂ ਫੁਰਰ ਹੋਇਆ ਵੱਡਾ ਚੋਰ ਗੈਂਗ

ਹਰਿੰਦਰ ਨਿੱਕਾ, ਬਰਨਾਲਾ 28 ਜੂਨ 2023

      ਜਿਲ੍ਹੇ ਅੰਦਰ ਚੋਰੀ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਾਮੀ ਚੋਰ ਗੈਂਗ ਦੇ ਚਾਰ ਮੈਂਬਰਾਂ ਨੂੰ ਫੜ੍ਹ ਕੇ ਸ਼ਾਬਾਸ਼ ਲੈਣ ਦੀ ਤਿਆਰੀ ਵਿੱਚ ਲੱਗੀ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੂੰ ਉਦੋਂ ਵੱਡੀ ਨਾਮੋਸ਼ੀ ਦਾ ਮੂੰਹ ਦੇਖਣਾ ਪੈ ਗਿਆ। ਜਦੋਂ ਪੁਲਿਸ ਦੀ ਕਥਿਤ ਕੋਤਾਹੀ ਕਾਰਣ ਚੋਰ ਗੈਂਗ ਪੁਲਿਸ ਹਿਰਾਸਤ ਵਿੱਚੋਂ ਫੁਰਰ ਹੋ ਗਿਆ। ਸੱਪ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਣ ਦੀ ਕਹਾਵਤ ਵਾਂਗ ਪੁਲਿਸ ਹੁਣ ਨੇੜਲੇ ਖੇਤਾਂ ਵਿੱਚ ਲੱਗੀ ਮੱਕੀ ਚੋਂ ਚੋਰਾਂ ਨੂੰ ਲੱਭ ਰਹੀ ਹੈ। ਪਰੰਤੂ ਘਟਨਾ ਤੋਂ ਕਰੀਬ 8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਹਾਲੇ ਖਾਲੀ ਹੀ ਹਨ। ਕੁੱਝ ਪੁਲਿਸ ਮੁਲਾਜਮਾਂ ਦੀ ਕਥਿਤ ਕੋਤਾਹੀ ਕਾਰਣ ਫਰਾਰ ਹੋਏ ਚੋਰਾਂ ਨੂੰ ਲੱਭਣ ਲਈ ਹੁਣ ਦੋ ਥਾਣਿਆਂ ਦੀ ਪੁਲਿਸ ਕਾਫੀ ਮੁਸਤੈਦ ਹੋ ਗਈ ਹੈ। ਮੂੰਹ ਨੇਰ੍ਹਾ ਹੋ ਜਾਣ ਅਤੇ ਉਤੋਂ ਰਾਤ ਹੋਣ ਕਾਰਣ, ਪੁਲਿਸ ਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ ਹਨ।                                               ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਅੰਦਰ ਹੋ ਰਹੀਆਂ ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਅੰਦਰ ਕਾਫੀ ਦਹਿਸ਼ਤ ਪੈਦਾ ਕਰਨ ਵਾਲੇ ਇਸ ਵੱਡੇ ਚੋਰ ਗੈਂਗ ਦੇ ਚਾਰ ਮੈਂਬਰਾਂ ਨੂੰ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨਕੋਦਰ ਤੋਂ ਫੜ੍ਹ ਕੇ ਲਿਆਈ ਸੀ। ਹਿਰਾਸਤ ਵਿੱਚ ਲਏ ਚੋਰਾਂ ਵਿੱਚ ਇੱਕ ਔਰਤ ਵੀ ਸੀ। ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਚਾਰੋਂ ਚੋਰਾਂ ਨੂੰ ਇੰਡਸਟਰੀਅਲ ਏਰੀਆਂ ਪੁਲਿਸ ਚੌਂਕੀ ਦੀ ਪੁਰਾਣੀ ਇਮਾਰਤ ਵਿੱਚ ਰੱਖਿਆ ਗਿਆ ਸੀ। ਅੱਜ ਸਵੇਰੇ ਕਰੀਬ 11 ਕੁ ਵਜੇ ਡਿਊਟੀ ਤੇ ਖੜ੍ਹੇ ਸੰਤਰੀ ਤੋਂ ਅੱਖ ਬਚਾ ਕੇ, ਚਾਰੋਂ ਜਣੇ ਫੁਰਰ ਹੋ ਗਏ। ਚੋਰਾਂ ਦੀ ਤਲਾਸ਼ ਵਿੱਚ ਲੱਗੇ ਕੁੱਝ ਪੁਲਿਸ ਮੁਲਾਜਮਾਂ ਦਾ ਕਹਿਣਾ ਹੈ ਕਿ ਚੋਰ, ਸੰਤਰੀ ਨੂੰ ਧੱਕਾ ਦੇ ਕੇ ਭੱਜੇ ਹਨ, ਪਹਿਲਾਂ ਉਹ ਬਾਥਰੂਮ ਦੇ ਬਹਾਨੇ, ਹਵਾਲਾਤ ਵਿੱਚੋਂ ਬਾਹਰ ਨਿੱਕਲੇ ਸਨ। ਪੁਲਿਸ ਚੌਂਕੀ ਵਿੱਚੋਂ ਚੋਰਾਂ ਦੇ ਫਰਾਰ ਹੋ ਜਾਣ ਦੀ ਸੂਚਨਾ ਮਿਲਦਿਆਂ ਹੀ ਦੋ ਥਾਣਿਆਂ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਅਤੇ ਥਾਣਾ ਸਿਟੀ 2 ਬਰਨਾਲਾ ਦੇ ਐਸਐਚੳ ਗੁਰਮੇਲ ਸਿੰਘ ਦੀ ਅਗਵਾਈ ਚ ਭਾਰੀ ਤਦਾਦ ਵਿੱਚ ਪੁਲਿਸ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੂੰ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਚਾਰੋਂ ਚੋਰ ਹੀ ਨੇੜੇ ਦੇ ਖੇਤਾਂ ਵਿੱਚ ਲੱਗੀ ਮੱਕੀ/ਚਰ੍ਹੀ (ਹਰਾ ਚਾਰਾ ) ਵਿੱਚ ਵੜ ਗਏ ਹਨ । ੳਦੋਂ ਤੋਂ ਹੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਨੰਗੇ ਪੈਰੀਂ ਮੱਕੀ ਦਾ ਚੱਪਾ ਚੱਪਾ ਫਰੋਲਣ ਲੱਗੇ ਹੋਏ ਹਨ। ਬੇਸ਼ੱਕ ਚੋਰਾਂ ਦੇ ਨਾਵਾਂ ਦਾ ਖੁਲਾਸਾ ਪੁਲਿਸ ਨੇ ਖਬਰ ਲਿਖੇ ਜਾਣ ਤੱਕ ਮੀਡੀਆ ਕੋਲ ਨਹੀਂ ਕੀਤਾ। ਪਰੰਤੂ ਇੱਨ੍ਹਾਂ ਜਰੂਰ ਦੱਸਿਆ ਜਾ ਰਿਹਾ ਹੈ ਕਿ ਇਹੋ ਚੋਰ ਗਿਰੋਹ ਦੇ ਖਿਲਾਫ ਪਹਿਲਾਂ ਵੀ ਕਈ ਚੋਰੀ ਦੇ ਕੇਸ ਦਰਜ਼ ਹਨ। ਜਿੰਨ੍ਹਾਂ ਵਿੱਚ ਕਣਕ ਦੇ ਗੋਦਾਮਾਂ ਵਿੱਚੋਂ ਭਾਰੀ ਮਾਤਰਾ ਵਿੱਚ ਚੌਲ ਚੋਰੀ ਕਰਨ ਦਾ ਕੇਸ ਵੀ ਸ਼ਾਮਿਲ ਹੈ।                               ਅਪੁਸ਼ਟ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਚੋਰ ਗੈਂਗ ਦੀ ਔਰਤ ਮੈਂਬਰ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ। ਜਦੋਂਕਿ ਬਾਕੀਆਂ ਦੀ ਤਲਾਸ਼ ਜ਼ਾਰੀ ਹੈ। ਪੁਲਿਸ ਦਾ ਪੱਖ ਜਾਣਨ ਲਈ ਡੀਐਸਪੀ ਸਤਵੀਰ ਸਿੰਘ ਬੈਂਸ ਨੂੰ ਫੋਨ ਕੀਤਾ, ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ।

Advertisement
Advertisement
Advertisement
Advertisement
Advertisement
Advertisement
error: Content is protected !!