ਅਸ਼ੋਕ ਵਰਮਾ , ਬਠਿੰਡਾ, 20 ਜੂਨ 2023
ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਔਰਤਾਂ ਦੇ ਗਲ਼ਾਂ ਵਿੱਚ ਸੋਨੇ ਦੀਆਂ ਚੈਨੀਆਂ ਝਪਟਣ ਅਤੇ ਤੁਰੀਆਂ ਜਾਂਦੀਆਂ ਮਹਿਲਾਵਾਂ ਤੋਂ ਮੋਬਾਇਲ ਜਾਂ ਪਰਸ ਆਦਿ ਖੋਹ ਕੇ ਸ਼ਹਿਰ ਵਾਸੀਆਂ ਦੀ ਨੀਂਦ ਉਡਾਉਣ ਵਾਲਿਆਂ ਲਈ ਬੁਰੀ ਖਬਰ ਹੈ ਕਿ ਬਠਿੰਡਾ ਪੁਲਿਸ ਨੇ ਹੁਣ ਅਜਿਹੇ ਝਪਟਮਾਰਾਂ ਨੂੰ ਨੱਥ ਪਾਉਣ ਲਈ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ।ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਵੱਲੋਂ ਇਸ ਸਬੰਧ ਵਿਚ ਪਹਿਲ ਕਦਮੀ ਕੀਤੀ ਗਈ ਹੈ ਜਿਨ੍ਹਾਂ ਪਿਛਲੇ ਦਿਨਾਂ ਦੌਰਾਨ ਹੋਇਆ ਕੁੱਝ ਵਾਰਦਾਤਾਂ ਤੋਂ ਬਾਅਦ ਬਠਿੰਡਾ ਦੇ ਲੋਕਾਂ ਵਿੱਚ ਬਣੇ ਸਹਿਮ ਦੇ ਮਾਹੌਲ ਨੂੰ ਦੂਰ ਕਰਨ ਲਈ ਸ਼ਹਿਰ ਵਿੱਚ ਮੋਟਰਸਾਇਕਲਾਂ ਤੇ ਵਿਸ਼ੇਸ਼ ਪੈਟਰੋਲਿੰਗ ਕਰਨ ਦੇ ਹੁਕਮ ਦਿੱਤੇ ਹਨ।
ੱਜਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾਂ ਤੇ ਪੁਲਿਸ ਦੀਆਂ ਟੀਮਾਂ ਹੁਣ ਸ਼ਹਿਰ ਵਿੱਚ ਲਗਾਤਾਰ ਗਸ਼ਤ ਕਰ ਕੇ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਤੇ ਨਜ਼ਰ ਰੱਖਣਗੀਆਂ ।ਇਸ ਦੇ ਨਾਲ ਹੀ ਸ਼ਹਿਰ ਦੀ ਨਵੀਂ ਬਸਤੀ ਵਰਗੇ ਵੱਧ ਖ਼ਤਰੇ ਵਾਲੇ ਖੇਤਰਾਂ ‘ਚ ਅਪਰਾਧ ਕਰਨ ਵਾਲਿਆਂ ਤੇ ਨਜ਼ਰ ਰੱਖਣ ਲਈ ਸਾਦੇ ਕੱਪੜਿਆਂ ‘ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।ਡੀਐਸਪੀ ਸਿਟੀ ਵਨ ਵਿਸ਼ਵਜੀਤ ਸਿੰਘ ਮਾਨ ਨੇ ਸੋਮਵਾਰ ਤੋਂ ਥਾਣਾ ਕੋਤਵਾਲੀ ਅਤੇ ਥਾਣਾ ਕੈਨਾਲ ਕਲੋਨੀ ਇਲਾਕੇ ਵਿੱਚ ਇਸ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਟੀਮਾਂ ਨੂੰ ਡਿਊਟੀ ਦੌਰਾਨ ਚੌਕਸ ਰਹਿਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਮੁਲਾਜ਼ਮਾਂ ਨੂੰ ਤੰਗ ਗਲੀਆਂ ਵਿੱਚ ਵੀ ਪੁੱਜਣਾ ਅਸਾਨ ਹੋਵੇਗਾ।
ਪੁਲਿਸ ਅਧਿਕਾਰੀਆਂ ਵਿੱਚ ਇਹ ਸੋਚ ਬਣੀ ਹੈ ਕਿ ਬਠਿੰਡਾ ਪੁਲਿਸ ਦੀਆਂ ਇਨ੍ਹਾਂ ਵਿਸ਼ੇਸ਼ ਟੀਮਾਂ ਦੀ ਸੜਕਾਂ ਤੇ ਮੌਜ਼ੂਦਗੀ ਚੋਰ ,ਲੁਟੇਰਿਆਂ ਤੇ ਸਨੈਚਰਾਂ ਲਈ ਮਹਿੰਗਾ ਸੌਦਾ ਅਤੇ ਪੁਲਿਸ ਲਈ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਹਾਈ ਸਾਬਤ ਹੋ ਸਕਦੀ ਹੈ।
ਇਸੇ ਤਰ੍ਹਾਂ ਹੀ ਸ਼ਹਿਰ ਵਿਚਲੇ ਬਾਕੀ ਥਾਣਿਆਂ ਚ ਪੈਂਦੇ ਇਲਾਕਿਆਂ ਵਿੱਚ ਵਿਸ਼ੇਸ਼ ਪੈਟਰੋਲਿੰਗ ਕਰਨ ਦੀ ਰਣਨੀਤੀ ਉਲੀਕੀ ਗਈ ਹੈ। ਪਤਾ ਲੱਗਿਆ ਹੈ ਕਿ ਜਲਦੀ ਹੀ ਬਠਿੰਡਾ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰਾਂ ਰਾਮਪੁਰਾ, ਰਾਮਾ ਮੰਡੀ , ਮੌੜ, ਤਲਵੰਡੀ ਸਾਬੋ ਅਤੇ ਭਗਤਾ ਭਾਈ ਆਦਿ ਸ਼ਹਿਰਾਂ ਤੇ ਕਸਬਿਆਂ ਵਿੱਚ ਪੁਲਿਸ ਵੱਲੋਂ ਗਸ਼ਤ ਕਰਨ ਦਾ ਪੈਂਤੜਾ ਅਖਤਿਆਰ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਬਠਿੰਡਾ ਵਿੱਚ ਅਪਰਾਧੀਆਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਸਨ ਅਤੇ ਉਨ੍ਹਾਂ ਚੋਂ ਖਾਕੀ ਵਰਦੀ ਦਾ ਡਰ ਹੀ ਚੁੱਕਿਆ ਗਿਆ ਸੀ ।ਲੋਕਾਂ ਦਾ ਪ੍ਰਤੀਕਰਮ ਸੀ ਕਿ ਜਨਤਕ ਧਿਰਾਂ ਨੂੰ ਘੇਰਨ ਲੱਗਿਆਂ ਇੱਕ ਮਿੰਟ ਵੀ ਨਾਂ ਲਾਉਣ ਵਾਲੀ ਪੁਲਿਸ ਦੇ ਚੋਰ ਲੁਟੇਰਿਆਂ ਅਤੇ ਝਪਟਮਾਰਾਂ ਅੱਗੇ ਸਾਰੇ ਦਾਅ ਪੇਤਲੇ ਪੈਣ ਲੱਗੇ ਹਨ। ਮਾਲਵੀਆ ਨਗਰ ਵਿੱਚ ਇੱਕ ਔਰਤ ਕੋਲੋਂ ਪਿਸਤੌਲ ਦੀ ਨੋਕ ਤੇ ਸੋਨੇ ਦੀ ਚੇਨ ਲੁੱਟਣ ਤੋਂ ਬਾਅਦ ਹਰਕਤ ਵਿਚ ਆਈ ਪੁਲਸ ਨੇ ਝਪਟਮਾਰਾਂ ਨੂੰ ਫੜਨ ਲਈ ਆਪਣੀ ਨਫ਼ਰੀ ਸੜਕਾਂ ਤੇ ਉਤਾਰੀ ਹੈ ਤਾਂ ਜੋ ਆਮ ਲੋਕਾਂ ਨੂੰ ਸੁਰੱਖਿਆ ਦੀ ਭਾਵਨਾ ਮਹਿਸੂਸ ਹੋਵੇ ਅਤੇ ਅਪਰਾਧੀਆਂ ਨੂੰ ਮੌਕੇ ਤੇ ਹੀ ਕਾਬੂ ਕੀਤਾ ਜਾ ਸਕੇ।
ਪੁਲਿਸ ਨੂੰ ਸੂਚਨਾ ਲਈ 112 ਨੰਬਰ
ਬਠਿੰਡਾ ਪੁਲੀਸ ਵੱਲੋਂ ਹੁਣ ਸਵੇਰੇ 6 ਵਜੇ ਤੋਂ 8 ਵਜੇ ਤੱਕ ਜ਼ਿਆਦਾ ਮੁਸਤੈਦੀ ਵਰਤੀ ਜਾਇਆ ਕਰੇਗੀ। ਇਸ ਵਕਤ ਆਮ ਲੋਕ ਸੈਰ ਕਰਨ ਕਰਨ ਲਈ ਘਰਾਂ ਤੋਂ ਬਾਹਰ ਆਉਂਦੇ ਹਨ । ਰਾਤ ਨੂੰ 8 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਗਾਤਾਰ ਗਸ਼ਤ ਕੀਤੀ ਜਾਣੀ ਹੈ । ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਮਾਲ ਰੋਡ, ਅਮਰੀਕ ਸਿੰਘ ਰੋਡ , ਵੀਰ ਕਲੋਨੀ ਅਤੇ ਸੰਤਪੁਰਾ ਰੋਡ ਆਦਿ ਥਾਵਾਂ ਤੇ ਨਾਕਾਬੰਦੀ ਕਰਕੇ ਸ਼ੱਕੀ ਲੋਕਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ 112 ਨੰਬਰ ਤੇ ਪੁਲਿਸ ਨੂੰ ਸੂਚਨਾ ਦੇਣ।
ਲੋਕਾਂ ਦੀ ਪਹਿਰੇਦਾਰ ਬਣੇਗੀ ਪੁਲਿਸ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਪੁਲਿਸ ਆਮ ਆਦਮੀ ਦੀ ਪਹਿਰੇਦਾਰ ਬਣੇਗੀ ਅਤੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਪੁਲਿਸ ਦੀ ਪਹਿਲੀ ਤਰਜੀਹ ਹੋਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ,ਬਜ਼ੁਰਗ ਜਾਂ ਔਰਤਾਂ ਨੂੰ ਕੋਈ ਡਰ ਨਾ ਹੋਵੇ। ਉਨ੍ਹਾਂ ਦੱਸਿਆ ਕਿ ਨਸ਼ਿਆਂ ਨੂੰ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਦੀ ਧਰਪਕੜ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।