ਅਸ਼ੋਕ ਵਰਮਾ , ਬਠਿੰਡਾ 15 ਜੂਨ 2023
ਥਾਣੇਦਾਰ ਸਾਹਿਬ ਦਿਨੇ ਡਿਊਟੀ ਕਰਦੇ ਨੇ ‘ਤੇ ਰਾਤ ਨੂੰ ਰੰਗ-ਬਰੰਗੇ ਕੱਪੜਿਆਂ ਵਿੱਚ ਲੋਕਾਂ ਦਾ ਮਨੋਰੰਜਨ । ਛੋਟਾ ਥਾਣੇਦਾਰ ਡੰਡੇ ਦੀ ਥਾਂ ਕਲਮਾਂ ਚਲਾਉਂਦਾ ਹੈ। ਇੱਕ ਹੋਰ ਥਾਣੇਦਾਰ ਆਪਣੇ ਸਾਥੀ ਪੁਲੀਸ ਮੁਲਾਜ਼ਮਾਂ ਨਾਲ ਢੱਡ ਸਾਰੰਗੀ ਤੇ ਗਾਉਂਦੈ । ਹੌਲਦਾਰ ਸਾਹਿਬ ਦਾ ਡੰਡਾ ਵੀ ਮਸ਼ਹੂਰ ਹੈ ਅਤੇ ਗਾਇਕੀ ਵੀ । ਜਦੋਂ ਉਹ ਸਟੇਜ ਤੇ ਗਾਉਂਦੇ ਹਨ ਤਾਂ ਲੋਕ ਆਪ ਮੁਹਾਰੇ ਨੱਚਣ ਲਗਦੇ ਹਨ। ਪੁਲਿਸ ਮੁਲਾਜਮਾਂ ‘ਚੋਂ ਕਈ ਉਸਾਰੂ ਗੀਤ ਲਿਖ ਰਹੇ ਹਨ ਤੇ ਕਈ ਲੱਚਰ ਵੀ। ਪ੍ਰਾਪਤ ਜਾਣਕਾਰੀ ਅਨੁਸਾਰ ਗੀਤਕਾਰ ਬਣ ਗੀਤ ਆਦਿ ਲਿਖਣ ਵਾਲੇ ਕਰਮਚਾਰੀਆਂ ਦੀ ਗਿਣਤੀ ਕਾਫੀ ਵੱਡੀ ਹੈ। ਕਈ ਤਾਂ ਇਸ ਕਿੱਤੇ ‘ਚ ਨੋਟਾਂ ਨਾਲ ਖੇਡਣ ਲੱਗ ਪਏ ਹਨ।
ਡਾਂਗ ਫੇਰਨ ਅਤੇ ਧੂਹ ਘੜੀਸ ਕਰਨ ਕਰਕੇ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਹੋਣ ਵਾਲੀ ਪੰਜਾਬ ਪੁਲਿਸ ਦਾ ਇਹ ਵੀ ਇੱਕ ਵੱਖਰਾ ਰੰਗ ਹੈ ਜੋ ਜ਼ਿਆਦਾਤਰ ਪਰਦੇ ਪਿੱਛੇ ਛੁਪਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਇੱਕ ਏਐਸਆਈ ਆਪਣੇ ਸਾਥੀਆਂ ਨਾਲ ਢੱਡ ਸਾਰੰਗੀ ਤੇ ਹੀਰ ਦੀ ਕਲੀ ਗਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਨੂੰ 23 ਨਵੰਬਰ 2019 ਨੂੰ ਬਲਤੇਜ ਪੰਨੂੰ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਸੀ। ਇਨ੍ਹਾਂ ਪੁਲਸ ਮੁਲਾਜ਼ਮਾਂ ਬਾਰੇ ਮੌਜੂਦਾ ਜਾਣਕਾਰੀ ਨਹੀਂ ਮਿਲ ਸਕੀ ਪਰ ਉਨ੍ਹਾਂ ਨੂੰ ਦੀ ਗਾਇਕੀ ਢਾਡੀ ਕਲਾ ਦਾ ਲੋਹਾ ਮਨਵਾਉਣ ਅਤੇ ਪੁਰਾਤਨ ਰਵਾਇਤੀ ਢਾਡੀਆਂ ਵਾਲੀ ਹੈ।
ਇਹ ਸਿਰਫ ਇੱਕ ਮਿਸਾਲ ਹੈ ਇਨ੍ਹਾਂ ਵਾਂਗ ਹੋਰ ਵੀ ਕਈ ਛੁਪੇ ਰੁਸਤਮ ਹਨ ਜਿੰਨਾਂ ਨੇ ਵਿਰਸੇ ਦੀ ਸੇਵਾ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਜਦੋਂ ਕਿ ਕਈ ਆਪਣੀ ਕਲਾ ਦਾ ਮੁੱਲ ਵੀ ਵੱਟ ਰਹੇ ਹਨ। ਬਠਿੰਡਾ ਪੁਲਿਸ ਦਾ ਸਹਾਇਕ ਥਾਣੇਦਾਰ ਮਲਕੀਤ ਬੁੱਟਰ ਪੰਜਾਬੀ ਫ਼ਿਲਮਾਂ ਨਾਲ ਜੁੜਿਆ ਹੋਇਆ ਹੈ। ਉਸ ਨੇ ਫਿਲਮ ਦੁੱਲਾ ਵੈਲੀ ‘ਚ ਏਐਸਆਈ ਦੀ ਭੂਮਿਕਾ ਨਿਭਾਈ ਸੀ। ਬੁੱਟਰ ਡੇਢ ਦਰਜਨ ਛੋਟੀਆਂ ਫਿਲਮਾਂ ਵੀ ਬਣਾ ਚੁੱਕਾ ਹੈ। ਉਸ ਦੀਆਂ ਦੋ ਫਿਲਮ ਨਿਰਮਾਣ ਅਧੀਨ ਹਨ ਜਦੋਂ ਕਿ ਜੱਟੀ ਪੰਦਰਾਂ ਮੁਰੱਬਿਆਂ ਵਾਲੀ ਜਲਦੀ ਰਿਲੀਜ਼ ਹੋ ਰਹੀ ਹੈ। ਉਹ ਕਾਫ਼ੀ ਗੀਤ ਅਤੇ ਲੇਖ ਵੀ ਲਿਖ ਚੁੱਕਾ ਹੈ ਜਿਨ੍ਹਾਂ ਚੋਂ ਵਧੇਰੇ ਉਸਾਰੂ ਹਨ। ਬਰਨਾਲਾ ਪੁਲਿਸ ਦਾ ਏਐਸਆਈ ਸੁਖਦੇਵ ਸਿੰਘ ਪੰਜਾਬੀ ਫ਼ਿਲਮਾਂ ਦਾ ਵੱਡਾ ਅਦਾਕਾਰ ਹੈ। ਉਸ ਦੀ ਨਵੀਂ ਫਿਲਮਾਂ ‘ਮੌੜ’ ਆ ਰਹੀ ਹੈ।
ਬਿੱਲੂ ਬੱਕਰਾ ਦੇ ਨਾਂ ਨਾਲ ਮਸ਼ਹੂਰ, ਪੁਲਿਸ ਮੁਲਾਜਮ ਬੀ. ਐਲ. ਸ਼ਰਮਾ ਇੱਕ ਸਥਾਪਿਤ ਤੇ ਨਾਮੀ ਗਿਰਾਮੀ ਕਲਾਕਾਰ ਹੈ। ਫਿਰੋਜ਼ਪੁਰ ਪੁਲਿਸ ਦਾ ਮੁਲਾਜ਼ਮ ਦੋ ਗਾਣੇ ਗਾਉਂਦਾ ਰਿਹਾ ਹੈ। ਗੀਤਕਾਰ ਪੁਲਿਸ ਮੁਲਾਜਮਾਂ ਦੀ ਗਿਣਤੀ ਵਿੱਚ ਸੰਗਰੂਰ ਦਾ ਨਾਮ ਵੀ ਬੋਲਦਾ ਹੈ। ਬਚਨ ਬੇਦਿਲ ਪੰਜਾਬ ਪੁਲਿਸ ‘ਚ ਛੋਟਾ ਥਾਣੇਦਾਰ ਸੀ। ਸੈਂਕੜੇ ਗੀਤ ਲਿਖ ਚੁੱਕਾ ਹੈ। ਪੁਲਿਸ ਤੇ ਕਲਾ ਦਾ ਪਾੜਾ ਰਾਸ ਨਾ ਆਉਣ ਕਰਕੇ ਨੌਕਰੀ ਤਿਆਗ ਦਿੱਤੀ ਸੀ। ਉਸ ਦੇ ਗੀਤ ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਦਿਲਸ਼ਾਦ ਅਖਤਰ ਅਤੇ ਰਣਜੀਤ ਮਣੀ ਆਦਿ ਗਾਇਕਾਂ ਨੇ ਗਾਏ ਹਨ। ਸੰਗਰੂਰ ਪੁਲਿਸ ਦੇ ਹੀ ਇੱਕ ਹੋਰ ਮੁਲਾਜ਼ਮ ਨੇ ਗਾਇਕੀ ਦੇ ਚੱਕਰ ‘ਚ ਨੌਕਰੀ ਛੱਡੀ ਪਰ ਉਹ ਸਥਾਪਿਤ ਨਾ ਹੋ ਸਕਿਆ ।
ਗਾਇਕ ਵਜੋਂ ਚਰਚਿਤ ਥਾਣੇਦਾਰ ਕੁਲਵੰਤ ਸਿੰਘ ਉਰਫ ਬਿੱਲਾ ਮਾਹਣੇ ਵਾਲੀਆ ਦੀ ਆਵਾਜ਼ ਵੀ ਕੀਲਣ ਵਾਲੀ ਹੈ। ਉਸ ਦੀਆਂ ਕੈਸਿਟਾਂ ਵੀ ਮਾਰਕੀਟ ਵਿਚ ਆ ਚੁੱਕੀਆਂ ਹਨ । ਉਹ ਫਰੀਦਕੋਟ ਪੁਲਿਸ ਦੇ ਸੱਭਿਆਚਾਰਕ ਵਿੰਗ ਦਾ ਇੰਚਾਰਜ ਵੀ ਰਿਹਾ ਹੈ। ਹੋਮਗਾਰਡ ਪ੍ਰੀਤਮ ਸਿੰਘ ਪ੍ਰਦੇਸੀ ਭੰਗੜੇ ਦਾ ਕੋਚ ਤੇ ਗਾਇਕ ਹੈ । ਗੀਤਕਾਰ ਬੰਤ ਸਿੰਘ ਫੂਲਪੁਰੀ ਪੁਲਿਸ ‘ਚੋਂ ਸੇਵਾ ਮੁਕਤ ਹੋਇਆ ਹੈ । ਵੇਰਵਿਆਂ ਅਨੁਸਾਰ ਪੁਲਿਸ ਅਧਿਕਾਰੀ ਮੀਤ ਸਕਰੌਦੀ ਵਾਲਾ ਦੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਕਈ ਪੁਲਿਸ ਮੁਲਾਜਮ ਅਜਿਹੇ ਵੀ ਹਨ ਜਿੰਨਾਂ ਦੀ ਗਾਇਕੀ ਚੱਲ ਗਈ ਉਹ ਮਹਿਕਮੇ ਨੂੰ ਅਲਵਿਦਾ ਆਖ ਕੇ ਪੇਸ਼ੇਵਰ ਗਾਇਕ ਬਣ ਗਏ। ਇਨ੍ਹਾਂ ‘ਚ ਬਲਬੀਰ ਲਹਿਰਾ, ਜੱਸੀ ਗੁਰਦਾਸਪੁਰੀਆ, ਕੇ. ਐਸ. ਮੱਖਣ ਤੇ ਸੁਰਜੀਤ ਭੁੱਲਰ ਪ੍ਰਮੁੱਖ ਹਨ। ਹੋਰ ਵੀ ਕਈ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਇਸੇ ਹੀ ਸ਼੍ਰੇਣੀ ‘ਚ ਆਉਂਦੇ ਹਨ।
ਪੰਜਾਬ ਪੁਲਿਸ ਦੇ ਏਡੀਜੀਪੀ ਐਮ.ਐਮ.ਫਾਰੂਕੀ ਗ਼ਜ਼ਲਾਂ ਲਿਖਦੇ ਅਤੇ ਸ਼ਾਇਰੀ ਕਰਦੇ ਹਨ । ਏਡੀਜੀਪੀ ਜਤਿੰਦਰ ਜੈਨ ਵੀ ਪੁਸਤਕ ਲਿਖ ਚੁੱਕੇ ਹਨ। ਆਈਪੀਐਸ ਅਫਸਰ ਗੁਰਪ੍ਰੀਤ ਸਿੰਘ ਤੂਰ ਅਤੇ ਐਸ ਪੀ ਬਲਰਾਜ ਸਿੰਘ ਤਾਂ ਕਲਮ ਦੇ ਪੂਰੇ ਧਨੀ ਹਨ। ਇਹ ਦੋਵੇਂ ਪੁਲਿਸ ਅਧਿਕਾਰੀ ਚਲੰਤ ਮਾਮਲਿਆਂ ਤੇ ਬੜੀ ਬੇਬਾਕੀ ਨਾਲ ਲਿਖਦੇ ਹਨ । ਜਿਨ੍ਹਾਂ ਤੋਂ ਸਮਾਜ ਨੂੰ ਸੇਧ ਮਿਲਦੀ ਹੈ। ਪੁਲਿਸ ਵਿੱਚ ਵੱਖ-ਵੱਖ ਅਹੁਦੇ ਤੇ ਤਾਇਨਾਤ ਰਹੇ ਦਰਸ਼ਨ ਸਿੰਘ ਸੰਧੂ ਨੇ ਕਵਿਤਾ ਤੇ ਗੀਤ ਲਿਖੇ ਹਨ । ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਵੀ ਆਪਣੇ ਸੇਵਾਕਾਲ ਦੌਰਾਨ ਹੋਏ ਤਜ਼ਰਬਿਆਂ ਨੂੰ ‘ਮੇਰੇ ਹਿੱਸੇ ਦਾ ਪੰਜਾਬ’ ਨਾਮੀ ਪੁਸਤਕ ‘ਚ ਕਲਮਬੰਦ ਕੀਤਾ ਸੀ। ਆਈ ਪੀ. ਐਸ. ਅਧਿਕਾਰੀ ਕਪਿਲ ਦੇਵ ਤਾਂ ਗੀਤ ਸੰਗੀਤ ਦੇ ਬਹੁਤ ਹੀ ਸ਼ੌਕੀਨ ਹਨ।
ਉਸਾਰੂ ਗਾਇਕੀ ਵਧੀਆ: ਏਡੀਜੀਪੀ
ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਬੇਸ਼ੱਕ ਉਹ ਖੁਦ ਲੇਖਕ ਨਹੀਂ , ਪਰ ਉਸਾਰੂ ਤੇ ਸਮਾਜ ਨੂੰ ਸੇਧ ਦੇਣ ਵਾਲਾ ਸਾਹਿਤ ਲਿਖਣਾ ਤੇ ਗਾਉਣਾ ਬਹੁਤ ਹੀ ਵਧੀਆ ਗੱਲ ਹੈ । ਉਨ੍ਹਾਂ ਕਿਹਾ ਕਿ ਜੋ ਲੋਕ ਨੈਤਿਕ ਕਦਰਾਂ ਕੀਮਤਾਂ ਤੋਂ ਪਾਸੇ ਹੋ ਕੇ ਲਿਖਦੇ ਹਨ ਉਨ੍ਹਾਂ ਨੂੰ ਵੀ ਸਹੀ ਲੇਖਣੀ ਵਾਲੇ ਪਾਸੇ ਮੁੜਨਾ ਚਾਹੀਦਾ ਹੈ ਤਾਂ ਹੀ ਸਮਾਜ ਦਾ ਭਲਾ ਹੋ ਸਕੇਗਾ।