ਬੀ.ਟੀ.ਐਨ. ਤਪਾ ਮੰਡੀ 7 ਜੂਨ 2023
ਆਕਾਸ਼ਦੀਪ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਤਹਿਸੀਲ ਦਫ਼ਤਰ ਤਪਾ ਅੱਗੇ ਚੱਲਦੇ ਪੱਕੇ ਮੋਰਚੇ ਉੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾ ਕੇ 9 ਜੂਨ ਦੇ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। 2 ਜੂਨ ਤੋ ਚੱਲਦੇ ਪੱਕੇ ਧਰਨਾ ਨੂੰ ਕਮੇਟੀ ਮੈਂਬਰ ਗੋਰਾ ਸਿੰਘ, ਦਰਸ਼ਨ ਸਿੰਘ ਮਹਿਤਾ ਅਤੇ ਸਿੰਘ ਨੇ ਸੰਬੋਧਨ ਕਰਦਿਆਂ ਚੁੱਪੀ ਵੱਟ ਬੈਠੀ ਸਰਕਾਰ ਨੂੰ ਆੜੇ ਹੱਥੀਂ ਲਿਆ।
ਉੱਧਰ ਪਿੰਡ ਢਿੱਲਵਾਂ ਦੇ ਮਜ਼ਦੂਰਾਂ ਨੇ ਭਰਵਾਂ ਇਕੱਠ ਕਰਕੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰ ਚੁੱਕੇ ਦਲਿਤ ਨੌਜਵਾਨ ਆਕਾਸ਼ਦੀਪ ਦੇ ਹੱਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਰਥੀ ਫੂਕ ਮੁਜਾਹਰਾ ਕੀਤਾ।ਆਪਣੇ ਸੰਬੋਧਨ ਵਿੱਚ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਸਮੁੱਚੇ ਮਜਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਇੱਕਮੁੱਠ ਹੋਣ ਦੀ ਅਪੀਲ ਕੀਤੀ ।ਭਰਵੇਂ ਇਕੱਠ ਨੇ ਹੱਥ ਖੜ੍ਹੇ ਕਰਕੇ 9 ਜੂਨ ਨੂੰ ਕਾਫਲੇ ਬੰਨ੍ਹ ਕੇ ਤਹਿਸੀਲ ਦਫ਼ਤਰ ਅੱਗੇ ਪਹੁੰਚਣ ਦਾ ਐਲਾਨ ਕੀਤਾ।
ਜਿਕਰਯੋਗ ਹੈ ਕਿ 13 ਅਤੇ ਜਨਵਰੀ ਦੀ ਦਰਮਿਆਨੀ ਰਾਤ ਨੂੰ ਖੁਦਕੁਸ਼ੀ ਕਰ ਚੁੱਕੇ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ 23 ਫਰਵਰੀ ਨੂੰ ਸਥਾਨਕ ਵਿਧਾਇਕ ਦੀ ਕੋਠੀ ਦੇ ਘਿਰਾਓ ਮਗਰੋ ਰਾਸ਼ਟਰੀ ਮਾਰਗ ਨੰਬਰ 7 ਉੱਤੇ ਜਾਮ ਲਗਾਇਆ ਗਿਆ ਸੀ।ਉਸ ਮੌਕੇ ਸਥਾਨਕ ਐਸ ਡੀ ਐਮ ਵੱਲੋ 20 ਦਿਨਾਂ ਦੇ ਅੰਦਰ ਅੰਦਰ ਪੀੜਤ ਪਰਿਵਾਰ ਨੂੰ ਇਨਸਾਫ ਅਤੇ ਮੁਆਵਜਾ ਦੇਣ ਦਾ ਭਰੋਸਾ ਦਿੱਤਾ ਸੀ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਮੂਮ,ਗੁਰਮੀਤ ਸਿੰਘ ਢਿੱਲੋ,ਜਸਵੀਰ ਸਿੰਘ,ਜੁਗਰਾਜ ਸਿੰਘ,ਹਰਬੰਸ ਕੌਰ, ਸੀਰਾਂ ਕੌਰ, ਕਰਨੈਲ ਕੌਰ,ਕਰਮਜੀਤ ਸਿੰਘ ਬੱਗਾ,ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ,ਅਮਰਜੀਤ ਸਿੰਘ,ਜੀਤ ਸਿੰਘ,ਚਰਨਜੀਤ ਕੌਰ,ਮਲਕੀਤ ਸਿੰਘ , ਭਜਨ ਸਿੰਘ,ਗੁਰਜੰਟ ਸਿੰਘ, ਭਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੁਰਸ਼ ਅਤੇ ਮਹਿਲਾ ਮਜ਼ਦੂਰ ਹਾਜ਼ਰ ਸਨ।