ਅਸ਼ੋਕ ਵਰਮਾ , ਬਠਿੰਡਾ 27 ਮਈ 2023
ਅਜੋਕੇ ਦੌਰ ‘ਚ ਔਰਤਾਂ ਭਾਵੇਂ ਆਕਾਸ਼ ਤੋਂ ਪਾਤਾਲ ਤੱਕ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਅਤੇ ਕਈ ਥਾਵਾਂ ਤੇ ਉਨ੍ਹਾਂ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਹਿੱਸੇਦਾਰੀ ਪਾ ਰਹੀਆਂ ਹਨ । ਫਿਰ ਵੀ ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਉਹ ਦਰਜਾ ਨਹੀਂ ਦਿੱਤਾ ਜਾ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੱਦਾਂ ਦੀਆਂ ਮਾਅਰਕੇਬਾਜੀਆਂ ਦੇ ਬਾਵਜੂਦ ਲੋਕ ਅੱਜ ਵੀ ਧੀ ਜੰਮਣ ਤੇ ਭੈੜਾ ਜਿਹਾ ਮੂੰਹ ਬਣਾ ਕੇ ‘ ਪੱਥਰ ਆਇਆ’ ਵਰਗਾ ਵਿਸ਼ੇਸ਼ਣ ਲਾਉਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਹਾਲਾਂਕਿ ਵਿਸ਼ਵ ਦੇ ਵੱਡੇ ਸਮਾਜ ਸੁਧਾਰਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ‘ਸੋ ਕਿਉ ਮੰਦਾ ਆਖੀਐ ਜਿੱਤੁ ਜੰਮੇ ਰਾਜਾਨ’ ਦੇ ਮਹਾਂਵਾਕ ਨਾਲ ਔਰਤ ਜਾਤੀ ਨੂੰ ਉੱਚਾ ਮੁਕਾਮ ਬਖਸ਼ਿਆ । ਪਰ ਸਮਾਜ ਵਿੱਚ ਧੀਆਂ ਨੂੰ ਬਣਦਾ ਸਥਾਨ ਮਿਲਣਾ ਅਜੇ ਵੀ ਦੂਰ ਦੀ ਗੱਲ ਬਣਿਆ ਹੋਇਆ ਹੈ।
ਅਜੇ ਵੀ ਹਾਲਾਤ ਇਹ ਬਣੇ ਹੋਏ ਹਨ ਕਿ ਸਮਾਜ ਵਿੱਚ ਧੀਆਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਏਦਾਂ ਦੀ ਪਿਛਾਂਹਖਿੱਚੂ ਸੋਚ ਰੱਖਣ ਵਾਲੇ ਲੋਕਾਂ ਨੂੰ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਦੌਰਾਨ ਧੀਆਂ ਨੇ ਝੰਡੇ ਗੱਡ ਕੇ ਇੱਕ ਤਰ੍ਹਾਂ ਨਾਲ ਸ਼ੀਸ਼ਾ ਦਿਖਾਇਆ ਹੈ। ਬੱਚੀਆਂ ਨਾ ਕੇਵਲ ਆਪਣੀ ਸਿਰਮੌਰਤਾ ਸਿੱਧ ਕਰ ਵਿਖਾਈ ਬਲਕਿ ਇਹ ਵੀ ਦਰਸਾ ਦਿੱਤਾ ਹੈ ਕਿ ਕੁੱਖਾਂ ‘ਚ ਕੁੜੀਆਂ ਨੂੰ ਕਤਲ ਕਰ ਦੇਣ ਵਾਲੇ ਜਮਾਨੇ ’ਚ ਵੀ ਉਹ ਸਫਲਤਾ ਦੇ ਝੰਡੇ ਗੱਡ ਸਕਦੀਆਂ ਹਨ। ਭਾਵੇਂ ਪੰਜਾਬੀ ਸਮਾਜ ਨੇ ਇਸ ਪਾਸਿਓਂ ਮੋੜਾ ਕੱਟਿਆ ਹੈ ਫਿਰ ਵੀ ਕੁੜੀਆਂ ਪ੍ਰਤੀ ਮਾੜੀ ਸੋਚ ਰੱਖਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਧਾਰਨ ਲੋਕ ਹੀ ਨਹੀਂ ਸਗੋਂ ਸਰਦੇ-ਪੁੱਜਦੇ ਲੋਕ ਵੀ ਧੀਆਂ ਪ੍ਰਤੀ ਕਾਫੀ ਤੰਗ ਨਜ਼ਰੀਆ ਰੱਖਦੇ ਹਨ।
ਸਮਾਜਿਕ ਕਾਰਕੁੰਨਾਂ ਨੇ ਔਰਤ ਪ੍ਰਤੀ ਏਦਾਂ ਦੀ ਸੋਚ ਰੱਖਣ ਵਾਲਿਆਂ ਨੂੰ ਲੜਕੀਆਂ ਵੱਲੋਂ ਮਾਰੇ ਮਾਅਰਕਿਆਂ ਤੇ ਝਾਤ ਮਾਰਨ ਦੀ ਨਸੀਹਤ ਦਿੱਤੀ ਹੈ। ਨਤੀਜਿਆਂ ਅਨੁਸਾਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਸਿਰਸੜੀ 650 ’ਚੋਂ 650 ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਦੂਸਰਾ ਸਥਾਨ 648 ਅੰਕਾਂ ਨਾਲ ਇਸੇ ਹੀ ਸਕੂਲ ਦੀ ਨਵਜੋਤ ਪੁੱਤਰੀ ਵਿਜੇ ਕੁਮਾਰ ਵਾਸੀ ਪਿੰਡ ਵੱਡਾ ਘਰ ਦੇ ਹਿੱਸੇ ਆਇਆ ਹੈ। ਤੀਸਰੇ ਸਥਾਨ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਸਰਕਾਰੀ ਹਾਈ ਸਕੂਲ ਦੀ ਲੜਕੀ ਹਰਮਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 646 ਅੰਕਾਂ ਨਾਲ ਕਬਜ਼ਾ ਕੀਤਾ ਹੈ।
ਐਮ ਐਸ ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਪੁੱਤਰੀ ਦਵਿੰਦਰ ਸਿੰਗਲਾ ਤਾਂ ਨਤੀਜੇ ਦੇ ਮਾਮਲੇ ਵਿੱਚ ਸਰੀਰਕ ਅਪੰਗਤਾ ਤੇ ਵੀ ਭਾਰੂ ਪਈ ਹੈਂ।ਡਫ ਓਲੰਪਿਕ ਦੀ ਗੋਲਡ ਮੈਡਲ ਜੇਤੂ ਖਿਡਾਰਨ ਸ਼ਰੇਆ ਚੰਗੀ ਤਰ੍ਹਾਂ ਬੋਲ ਤੇ ਸੁਣ ਨਹੀਂ ਸਕਦੀ ।ਫਿਰ ਵੀ ਉਹ 500 ’ਚੋਂ 498 ਅੰਕਾਂ ਨਾਲ ਪੰਜਾਬ ’ਚੋਂ ਦੂਜੀ ਪੁਜੀਸ਼ਨ ਹਾਸਲ ਕਰਨ ਵਿੱਚ ਸਫਲ ਰਹੀ ਜਿਸ ਦਾ ਮਹੱਤਵ ਸਾਰੀਆਂ ਪੁਜੀਸ਼ਨਾਂ ਨਾਲੋਂ ਜ਼ਿਆਦਾ ਹੈ। ਮਾਨਸਾ ਜ਼ਿਲ੍ਹੇ ਦੇ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ (ਸਰਦੂਲਗੜ੍ਹ) ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ 500 ’ਚੋਂ 500 ਅੰਕ ਹਾਸਿਲ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਲੁਧਿਆਣਾ ਦੀ ਲੜਕੀ ਨਵਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ 500 ’ਚੋਂ 497 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ ਹੈ।
ਵੱਖ-ਵੱਖ ਮੁਕਾਬਲਿਆਂ ਚ ਵੀ ਡੰਕਾ
ਇਹ ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਦਾ ਨਮੂਨਾ ਹੈ। ਕੁੜੀਆਂ ਨੇ ਮੁਕਾਬਲੇ ਦੀਆਂ ਹੋਰ ਵੀ ਵੱਖ ਵੱਖ ਪ੍ਰਕਾਰ ਦੀਆਂ ਪ੍ਰੀਖਿਆਵਾਂ ਅਤੇ ਨੌਕਰੀਆਂ ਦੀ ਪ੍ਰਾਪਤੀ ਦੌਰਾਨ ਆਪਣੀ ਹੋਂਦ ਦਾ ਡੰਕਾ ਵਜਾਇਆ ਹੈ। ਹਾਲਹੀ ਵਿੱਚ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਵੱਡੀ ਗਿਣਤੀ ਕੁੜੀਆਂ ਆਈ ਏ ਐਸ ਅਤੇ ਆਈ ਪੀ ਐਸ ਅਫਸਰ ਬਣੀਆਂ ਹਨ। ਇਸ ਤੋਂ ਇਲਾਵਾ ਡਾਕਟਰੀ ਕਿੱਤੇ ਵਿੱਚ ਵੀ ਕੁੜੀਆਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਔਰਤਾਂ ਸਿਵਲ ਪ੍ਰਸ਼ਾਸਨ, ਭਾਰਤੀ ਫੌਜ਼, ਏਅਰ ਫੋਰਸ, ਬੀ ਐਸ ਐਫ ਅਤੇ ਸੀਆਰਪੀ ਸਮੇਤ ਦੇਸ਼ ਦੀਆਂ ਸੁਰੱਖਿਆ ਫੋਰਸਾਂ ਵਿੱਚ ਜਿਕਰਯੋਗ ਭੂਮਿਕਾ ਨਿਭਾ ਰਹੀਆਂ ਹਨ। ਵੱਡੀ ਗੱਲ ਹੈ ਕਿ ਇੱਕ ਔਰਤ ਹੀ ਦੇਸ਼ ਦੀ ਰਾਸ਼ਟਰਪਤੀ ਹੈ।
ਲੋਕ ਨਵੀ ਸੋਚ ਅਪਨਾਉਣ : ਕੁਸਲਾ
ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਕੁੜੀਆਂ ਨੇ ਦਿਖਾ ਦਿੱਤਾ ਹੈ ਕਿ ਉਹ ਮੁੰਡਿਆਂ ਨਾਲੋਂ ਘੱਟ ਨਹੀਂ । ਉਨ੍ਹਾਂ ਕਿਹਾ ਕਿ ਕਿਹੜਾ ਖੇਤਰ ਹੈ ਜਿਸ ਵਿੱਚ ਧੀਆਂ ਨੇ ਸਫ਼ਲਤਾ ਹਾਸਲ ਨਹੀਂ ਕੀਤੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਸਥਿਤੀ ‘ਚ ਤਬਦੀਲੀ ਆਈ ਹੈ ਫਿਰ ਵੀ ਇਸ ਪਾਸੇ ਕਾਫੀ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦੇਣ ਦੇ ਮਾਮਲੇ ਵਿੱਚ ਨਵਾਂ ਪੋਚ ਅਹਿਮ ਭੁਮਿਕਾ ਨਿਭਾ ਸਕਦਾ ਹੈ। ਉਨ੍ਹਾਂ ਸਿਹਤਮੰਦ ਅਤੇ ਬਰਾਬਰੀ ਵਾਲੇ ਸਮਾਜਿਕ ਢਾਂਚੇ ਦੀ ਸਿਰਜਣਾ ਲਈ ਆਮ ਲੋਕਾਂ ਨੂੰ ਪੁਰਾਣੇ ਵਿਚਾਰਾਂ ਦਾ ਤਿਆਗ ਕਰਕੇ ਨਵੀਂ ਸੋਚ ਅਪਨਾਉਣ ਦੀ ਅਪੀਲ ਵੀ ਕੀਤੀ ਹੈ।