ਹਰਿੰਦਰ ਨਿੱਕਾ , ਬਰਨਾਲਾ 19 ਮਈ 2023
ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਲੈ ਕੇ ਪੁਲਿਸ ਅੱਜ ਫਿਰ ਅਦਾਲਤ ਵਿੱਚ ਪਹੁੰਚ ਗਈ ਅਤੇ ਕਾਫੀ ਦੇਰ ਤੱਕ ਅਦਾਲਤ ‘ਚ ਭਾਨਾ-ਭਾਨਾ ਹੀ ਹੁੰਦੀ ਰਹੀ । ਪੁਲਿਸ ਦੀ ਤਰਫੋਂ ਧੜੱਲੇ ਨਾਲ ਪੈਰਵੀ ਕਰ ਰਹੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਰਾਹੀਂ ਪੁਲਿਸ ਅਧਿਕਾਰੀ ਪੰਜ ਦਿਨ ਲਈ ਭਾਨਾ ਸਿੱਧੂ ਦਾ ਹੋਰ ਪੁਲਿਸ ਰਿਮਾਂਡ ਦੇਣ ਦੀ ਮੰਗ ਕਰਦੇ ਰਹੇ । ਜਦੋਂਕਿ ਭਾਨਾ ਸਿੱਧੂ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂ ਨੇ ਪੁਲਿਸ ਵੱਲੋਂ ਪੁਰਾਣੀ ਗਰਾਉਂਡ ਉੱਤੇ ਹੀ ਪੁਲਿਸ ਰਿਮਾਂਡ ਵਧਾਉਣ ਦੀ ਮੰਗ ਦਾ ਤਿੱਖਾ ਵਿਰੋਧ ਵੀ ਕੀਤਾ। ਇਸ ਮੌਕੇ ਗਮਦੂਰ ਸਿੰਘ ਚਹਿਲ ਡੀਐਸਪੀ ਮਹਿਲ ਕਲਾਂ ਦੀ ਅਗਵਾਈ ਵਿੱਚ ਥਾਣਾ ਮਹਿਲ ਕਲਾਂ ਦੀ ਪੁਲਿਸ , ਭਾਨਾ ਸਿੱਧੂ ਦੇ ਚਾਰ ਦਿਨਾਂ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਮਾਨਯੋਗ ਇਲਾਕਾ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪਹੁੰਚੀੇ।
ਪੁਲਿਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸਿੱਧੂ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਭਾਨਾ ਸਿੱਧੂ ਤੋਂ ਐਫ.ਆਈ.ਆਰ. ਵਿੱਚ ਜਿਕਰਯੋਗ ਵਿਵਾਦਤ ਲਾਈਵ ਸਮੇਂ ਵਰਤਿਆ ਗਿਆ ਮੋਬਾਇਲ ਬਰਾਮਦ ਕਰਵਾਉਣ ਅਤੇ ਉਸ ਦੇ ਸਹਿਦੋਸ਼ੀ ਅਮਨਜੀਤ ਸਿੰਘ ਅਮਨਾ ਦੇ ਠਿਕਾਣਿਆਂ ਦਾ ਪਤਾ ਲਾਉਣ ਲਈ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਲੋੜੀਂਦਾ ਹੈ। ਪੁਲਿਸ ਵੱਲੋਂ ਰਿਮਾਂਡ ਮੰਗੇ ਜਾਣ ਦਾ ਭਾਨਾ ਸਿੱਧੂ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂ ਨੇ ਬਾ-ਦਲੀਲ ਵਿਰੋਧ ਕੀਤਾ। ਰਾਣੂ ਨੇ ਕਿਹਾ ਕਿ ਪੁਲਿਸ ਨੇ ਮਾਨਯੋਗ ਅਦਾਲਤ ਤੋਂ 4 ਦਿਨ ਦਾ ਪੁਲਿਸ ਰਿਮਾਂਡ ਵੀ ਇਹੋ ਗੱਲ ਦੱਸ ਕੇ ਲਿਆ ਸੀ। ਚਾਰ ਦਿਨਾਂ ਵਿੱਚ ਪੁਲਿਸ ਕੋਈ ਬਰਾਮਦਗੀ ਨਹੀਂ ਕਰਵਾ ਸਕੀ। ਹੁਣ ਫਿਰ ਉਹੀ ਪੁਰਾਣੀ ਗਰਾਉਂਡ ਦੇ ਅਧਾਰ ਤੇ ਪੁਲਿਸ ਰਿਮਾਂਡ ਮੰਗ ਰਹੀ ਹੈ। ਪੁਰਾਣੀ ਗਰਾਉਂਡ ਦੇ ਅਧਾਰ ਤੇ ਕਾਨੂੰਨੀ ਤੌਰ ਪਰ ਦੁਬਾਰਾ ਪੁਲਿਸ ਰਿਮਾਂਡ ਨਹੀਂ ਦਿੱਤਾ ਜਾ ਸਕਦਾ। ਐਡਵੋਕੇਟ ਰਾਣੂ ਦੀ ਇਸ ਦਲੀਲ ਦੇ ਜੁਆਬ ਵਿੱਚ ਸਰਕਾਰੀ ਵਕੀਲ ਸੰਧੂ ਨੇ ਦੱਸਿਆ ਕਿ ਭਾਨਾ ਸਿੱਧੂ ਨੇ ਪੁਲਿਸ ਰਿਮਾਂਡ ਦੌਰਾਨ ਇੰਕਸ਼ਾਫ ਕੀਤਾ ਹੈ ਕਿ ਉਹ ਲਾਈਵ ਹੋਣ ਲਈ ਵਰਤਿਆ ਮੋਬਾਇਲ ਦਿੱਲੀ ਆਪਣੇ ਕਿਸੇ ਠਿਕਾਣੇ ਤੇ ਰੱਖ ਆਇਆ ਹੈ। ਇਸ ਲਈ ਭਾਨੇ ਦੇ ਰਿਮਾਂਡ ਤੋਂ ਬਿਨਾਂ ਮੋਬਾਇਲ ਦੀ ਰਿਕਵਰੀ ਨਾਮੁਮਕਿਨ ਹੈ। ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣ ਉਪਰੰਤ ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਭਾਨਾ ਸਿੱਧੂ ਦਾ ਇੱਕ ਦਿਨ ਲਈ, ਹੋਰ ਪੁਲਿਸ ਰਿਮਾਂਡ ਦੇ ਦਿੱਤਾ। ਹੁਣ ਪੁਲਿਸ ਪਾਰਟੀ ਭਾਨਾ ਸਿੱਧੂ ਨੂੰ ਨਾਲ ਲੈ ਕੇ ਦਿੱਲੀ ਤੋਂ ਮੋਬਾਇਲ ਬਰਾਮਦ ਕਰਵਾਉਣ ਦਾ ਯਤਨ ਕਰੇਗੀ।
ਕੀ ,ਕਦੋਂ ਤੇ ਕਿਵੇਂ ਹੋਇਆ ???
ਵਰਨਣਯੋਗ ਹੈ ਕਿ ਭਾਨਾ ਸਿੱਧੂ ਅਤੇ ਉਸ ਦੇ ਚਚੇਰੇ ਭਰਾ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ, ਜਿਲ੍ਹਾ ਬਰਨਾਲਾ ਦੇ ਖਿਲਾਫ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਮੇਲ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਮਹਿਲ ਕਲਾਂ ਵਿਖੇ 11 ਮਈ 2023 ਨੂੰ ਵੱਖ ਵੱਖ ਸੰਗੀਨ ਜੁਰਮ ਤਹਿਤ ਕੇਸ ਦਰਜ ਦਰਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਵੱਲੋਂ ਕਹੀਆਂ ਕੁੱਝ ਗੱਲਾਂ ਤੋਂ ਖਫਾ ਹੋਏ ਏ.ਐਸ.ਆਈ. ਗੁਰਮੇਲ ਸਿੰਘ ਨੇ ਵੀ ਭਾਨਾ ਸਿੱਧੂ ਦੇ ਖਿਲਾਫ ਇੱਕ ਵੀਡੀਉ ਉਸ ਨੂੰ ਵਰਜਦੇ ਹੋਏ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡੀੳ ਵਾਇਰਲ ਹੋਣ ਉਪਰੰਤ ਕਾਫੀ ਲੋਹਾ- ਲਾਖਾ ਹੋਏ ਭਾਨਾ ਸਿੱਧੂ ਨੇ ਵੀ ਮੋੜਵਾਂ ਜੁਆਬ ਦਿੰਦਿਆਂ ਏ.ਐਸ.ਆਈ. ਗੁਰਮੇਲ ਸਿੰਘ ਨੂੰ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਰਕਾਰ ਉੱਪਰ ਵੀ ਕਾਫੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਸਨ। ਮੁਦਈ ਗੁਰਮੇਲ ਸਿੰਘ ਨੇ ਭਾਨਾ ਸਿੱਧੂ ਤੇ ਜਾਤੀ ਤੌਰ ਤੇ ਅਪਮਾਨਿਤ ਕਰਨ ਵਾਲੀ ਭਾਸ਼ਾ ਬੋਲਣ ਦਾ ਦੋਸ਼ ਵੀ ਲਾਇਆ ਸੀ। ਆਖਿਰ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਠਿੰਡਾ ਜਿਲ੍ਹੇ ਦੇ ਪਿੰਡ ਗੁੰਮਟੀ ਦੇ ਜੰਗਲ ਵਿਚੋਂ ਕਾਫੀ ਮਸ਼ੱਕਤ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ ਸੀ। ਗਿਰਫਤਾਰੀ ਉਪਰੰਤ ਪੁਲਿਸ ਨੇ ਭਾਨਾ ਸਿੱਧੂ ਨੂੰ 16 ਮਈ ਨੂੰ ਅਦਾਲਤ ਵਿੱਚ ਪੇਸ਼ ਕਰਕੇ,ਚਾ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਸੀ।