ਅਸ਼ੋਕ ਵਰਮਾ , ਬਠਿੰਡਾ, 19 ਮਈ 2023
ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੀ ਆਵਾਜ਼ ਦੇ ਨਮੂਨੇ ਦੀ ਪੁਸ਼ਟੀ ਹੋਣ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਵਿੱਚ ਪਿਛਲੇ ਸਮੇਂ ਦੌਰਾਨ ਹੋਈ ਚੱਕ-ਥੱਲ ਤੇ ਮੋਹਰ ਲੱਭਦੀ ਦਿਖਾਈ ਦੇ ਰਹੀ ਹੈ। ਦਰਅਸਲ ਇਹ ਮਾਮਲਾ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਵਿਜੀਲੈਂਸ ਨੇ ਆਪ ਵਿਧਾਇਕ ਅਮਿਤ ਰਤਨ ਦੇ ਪੀਏ ਰਿਸ਼ਮ ਗਰਗ ਨੂੰ 16 ਫਰਵਰੀ ਨੂੰ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਕੋਲੋਂ ਚਾਰ ਲੱਖ ਰੁਪੈ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਰਿਸ਼ਮ ਦੀ ਗ੍ਰਿਫਤਾਰੀ ਵੇਲੇ ਵਿਧਾਇਕ ਵੀ ਉੱਥੇ ਹੀ ਮੌਜੂਦ ਸੀ, ਪਰ ਉਸ ਮੌਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਬਲਕਿ ਅਮਿਤ ਰਤਨ ਨੂੰ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ , ਰਿਸ਼ਮ ਦੇ ਸਮਾਣਾ ਸਥਿਤ ਘਰ ’ਚੋਂ 1.13 ਲੱਖ ਰੁਪਏ ਵੀ ਬਰਾਮਦ ਕਰ ਚੁੱਕੀ ਹੈ। ਵਿਧਾਇਕ ਅਮਿਤ ਰਤਨ ਇਸ ਵੇਲੇ ਸੁਰੱਖਿਆ ਕਾਰਨਾਂ ਕਰਕੇ ਜੁਡੀਸ਼ੀਅਲ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਵਿੱਚ ਬੰਦ ਹੈ । ਰਿਸ਼ਮ ਗਰਗ ਵੀ ਇਸ ਵੇਲੇ ਜੁਡੀਸ਼ੀਅਲ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ।ਸ਼ਿਕਾਇਤ ਕਰਨ ਵਾਲੇ ਘੁੱਦਾ ਨਿਵਾਸੀ ਪ੍ਰਿਤਪਾਲ ਕੁਮਾਰ ਨੇ ਰਿਸ਼ਵਤ ਦੇ ਇਸ ਗੋਰਖਧੰਦੇ ਦਾ ਭਾਂਡਾ ਭੰਨ੍ਹਣ ਲਈ ਪਹਿਲਾਂ ਸਬੂਤ ਇਕੱਤਰ ਕੀਤੇ ਸਨ।
ਆਪਣੀ ਸ਼ਿਕਾਇਤ ਨੂੰ ਪੁਖਤਾ ਬਣਾਉਣ ਲਈ ਉਸ ਨੇ ਇੱਕ ਛੋਟਾ ਰਿਕਾਰਡਰ ਖਰੀਦਿਆ । ਜਿਸ ਨਾਲ ਉਸ ਨੇ ਗੁਪਤ ਤੌਰ ਤੇ ਰਿਸ਼ਵਤ ਸੰਬੰਧੀ ਗੱਲਬਾਤ ਨੂੰ ਰਿਕਾਰਡ ਕਰ ਲਿਆ । ਉਸ ਮਗਰੋਂ ਵਿਜੀਲੈਂਸ ਨੂੰ ਬਕਾਇਦਾ ਲਿਖਤੀ ਸ਼ਿਕਾਇਤ ਕੀਤੀ ਗਈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਆਪਣੇ ਤੌਰ ਤੇ ਵੀ ਮਾਮਲੇ ਦੀ ਪੜਤਾਲ ਕੀਤੀ ਅਤੇ ਤੱਥ ਇਕੱਠੇ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਸਨ। ਉਪਰੋਂ ਹਰੀ ਝੰਡੀ ਮਿਲਣ ਤੋਂ ਬਾਅਦ ਵਿਜੀਲੈਸ ਨੇ ਆਪਣਾ ਜਾਲ ਵਿਛਾਇਆ , ਜਿਸ ਵਿਚ ਪਹਿਲਾਂ ਰਿਸ਼ਮ ਗਰਗ ਅਤੇ ਮਗਰੋਂ ਵਿਧਾਇਕ ਅਮਿਤ ਰਤਨ ਫਸ ਗਿਆ। ਉਸ ਨੇ ਵੀਡੀਓ ਜਾਰੀ ਕਰਕੇ ਆਪਣੇ ਤੇ ਲਾਏ ਦੋਸ਼ਾਂ ਨੂੰ ਗਲਤ ਦੱਸਿਆ ਸੀ ਪਰ ਮੁਦਈ ਧਿਰ ਕੋਲ ਪੱਕੇ ਸਬੂਤ ਹੋਣ ਕਰਕੇ ਗੱਲ ਬਣੀ ਨਹੀਂ।
ਰਿਸ਼ਵਤ ਦੇ ਇਸ ਮਾਮਲੇ ਸਬੰਧੀ ਇੱਕ ਆਡੀਓ ਵੀ ਵਾਇਰਲ ਹੋਈ ਸੀ। ਜਿਸ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ ।ਵਿਜੀਲੈਂਸ ਬਠਿੰਡਾ ਵੱਲੋਂ ਅਮਿਤ ਰਤਨ ਖ਼ਿਲਾਫ਼ ਖਿਲਾਫ ਪੇਸ਼ ਚਲਾਨ ਨਾਲ ਕੁੱਝ ਆਡੀਓ ਰਿਕਾਰਡਿੰਗਾਂ ਵੀ ਅਦਾਲਤ ਅੱਗੇ ਰੱਖੀਆਂ ਗਈਆਂ ਹਨ । ਇਨ੍ਹਾਂ ’ਚ ਮੁੱਦਈ ਪ੍ਰਿਤਪਾਲ ਸਿੰਘ, ਪੀਏ ਰਿਸ਼ਮ ਗਰਗ ਅਤੇ ਵਿਧਾਇਕ ਅਮਿਤ ਰਤਨ ਦੀ ਆਪਸੀ ਗੱਲਬਾਤ ਹੈ । ਇਨ੍ਹਾਂ ਕਾਲਾਂ ਦੇ ਨਮੂਨੇ ਵਿਜੀਲੈਂਸ ਨੇ ਜਾਂਚ ਲਈ ਫੋਰੈਂਸਿਕ ਲੈਬ ਮੁਹਾਲੀ ਨੂੰ ਭੇਜੇ ਸਨ। ਆਪਣੀ ਜਾਂਚ ਤੋਂ ਬਾਅਦ ਹੁਣ ਫੌਰੈਂਸਿਕ ਲੈਬ ਵੱਲੋਂ ਇਨ੍ਹਾਂ ਨਮੂਨਿਆਂ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਰਿਸ਼ਵਤ ਕਾਂਡ ਵਿੱਚ ਉਲਝੇ ਅਮਿਤ ਰਤਨ ਨੇ ਚੋਣਾਂ ਮੌਕੇ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਜਾਇਦਾਦ ਹੋਣ ਦੀ ਗੱਲ ਆਖੀ ਸੀ। ਅਮਿਤ ਰਤਨ ਨੂੰ ਆਰਥਿਕ ਪੱਖ ਤੋਂ ਵੀ ਮਜ਼ਬੂਤ ਮੰਨਿਆ ਜਾਂਦਾ ਹੈ।
ਅਕਾਲੀ ਦਲ ਨੇ ਕੱਢਿਆ ਸੀ ਅਮਿਤ ਰਤਨ
ਦਰਅਸਲ ਅਮਿਤ ਰਤਨ ਪਹਿਲਾਂ ਕਾਂਗਰਸੀ ਸੀ ਜੋ ਬਾਅਦ ਵਿੱਚ ਅਕਾਲੀ ਦਲ ‘ਚ ਚਲਾ ਗਿਆ। ਅਮਿਤ ਰਤਨ ਨੇ 2017 ਦੀਆਂ ਚੋਣਾਂ ਵਿਚ ਬਠਿੰਡਾ ਦਿਹਾਤੀ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਿਆ।ਅਕਾਲੀ ਦਲ ਨੇ ਅਮਿਤ ਰਤਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਰਟੀ ’ਚੋਂ ਕੱਢ ਦਿੱਤਾ ਸੀ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਨੇ ਭਿ੍ਸ਼ਟਾਚਾਰ ਨੂੰ ਅਮਿਤ ਰਤਨ ਖ਼ਿਲਾਫ਼ ਵੱਡਾ ਮੁੱਦਾ ਬਣਾਇਆ ਸੀ। ਕਿਸਾਨ ਧਿਰਾਂ ਏਦਾਂ ਦੇ ਮਾਮਲੇ ਨੂੰ ਲੈ ਕੇ ਅਮਿਤ ਰਤਨ ਖਿਲਾਫ ਧਰਨੇ ਮੁਜ਼ਾਹਰੇ ਵੀ ਕਰਦੀਆਂ ਰਹੀਆਂ ਸਨ।
ਚੋਣਾਂ ਮੌਕੇ ਹੋਈ ਸੀ ਆਪ ‘ਚ ਸ਼ਮੂਲੀਅਤ
ਅਕਾਲੀ ਦਲ ਵੱਲੋਂ ਪਾਰਟੀ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਅਮਿਤ ਰਤਨ ਕੁੱਝ ਸਮਾਂ ਦਿਹਾਤੀ ਹਲਕੇ ਦੀ ਰਾਜਨੀਤੀ ਤੋਂ ਦੂਰ ਰਿਹਾ । ਪਰੰਤੂ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ । ਉਸ ਮਗਰੋਂ ‘ਆਪ’ ਨੇ 2022 ਦੀਆਂ ਚੋਣਾਂ ਵਿਚ ਅਮਿਤ ਰਤਨ ਨੂੰ ਉਮੀਦਵਾਰ ਬਣਾਇਆ ਸੀ । ਹਾਲਾਂਕਿ ਦਿਹਾਤੀ ਹਲਕੇ ਵਿੱਚ ਉਸ ਦੀ ਜਿੱਤ ਨੂੰ ਗੈਰ-ਯਕੀਨੀ ਮੰਨਿਆ ਜਾਂਦਾ ਸੀ, ਪਰ ਆਮ ਆਦਮੀ ਪਾਰਟੀ ਦੀ ਹਨੇਰੀ ਦੌਰਾਨ ਅਮਿਤ ਰਤਨ ਬਾਜ਼ੀ ਮਾਰ ਗਿਆ ਸੀ।