ਹਰਿੰਦਰ ਨਿੱਕਾ ,ਬਰਨਾਲਾ 18 ਮਈ 2023
ਦਿੱਲੀ ਸ਼ਰਾਬ ਘੁਟਾਲੇ ‘ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿ ਕੇ ਪਿਛਲੇ ਦਿਨੀਂ ਹੀ ਜਮਾਨਤ ਤੇ ਰਿਹਾ ਹੋਏ ਨਾਮਜਦ ਦੋਸ਼ੀ ਮਲਹੋਤਰਾ ਦੇ ਪਿਤਾ ਅਤੇ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀਆਂ ਤਾਰਾਂ ਦਾ ਕੁਨੈਕਸ਼ਨ ਬਰਨਾਲਾ ਸ਼ਹਿਰ ਨਾਲ ਜੁੜੇ ਹੋਣ ਦੀ ਕਨਸੋਅ ਮਿਲ ਰਹੀ ਹੈ। ਇਹ ਕੁਨੈਕਸ਼ਨ ਚੈਕ ਕਰਨ ਲਈ ਇੰਨਕਮਟੈਕਸ ਦੀ ਟੀਮ ਅੱਜ ਬਰਨਾਲਾ ਪਹੁੰਚ ਗਈ। ਜਾਂਚ ਟੀਮ ਨੇ ਹੰਡਿਆਇਆ ਬਾਜਾਰ ਨੇੜੇ ਹੇੜੀਕਿਆਂ ਵਾਲਿਆਂ ਦੀ ਹਵੇਲੀ ਦੇ ਉਸ ਹਿੱਸੇ ਦੀ ਤਲਾਸ਼ੀ ਲਈ, ਜਿਸ ਦਾ ਸਬੰਧ ਸ਼ਰਾਬ ਕਾਰੋਬਾਰੀ ਰਵਿੰਦਰ ਕੁਮਾਰ ਉਰਫ ਪੱਪੂ ਪੁੱਤਰ ਸਵ.ਗਿਰਧਾਰੀ ਲਾਲ ਨਾਲ ਹੈ। ਆਈ.ਟੀ ਟੀਮ ਵਿੱਚ ਸ਼ਾਮਿਲ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੀਡੀਆ ਤੋਂ ਦੂਰੀ ਹੀ ਬਣਾਈ ਰੱਖੀ। ਰਵਿੰਦਰ ਕੁਮਾਰ ਪੱਪੂ ਜਾਂਚ ਟੀਮ ਨੂੰ ਮਿਲਿਆ ਜਾਂ ਨਹੀਂ, ਇਸ ਦੀ ਫਿਲਹਾਲ ਕਿੱਧਰੋਂ ਵੀ ਕੋਈ ਪੁਸ਼ਟੀ ਨਹੀਂ ਹੋ ਸਕੀ। ਭਰੋਸੇਯੋਗ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਵਿੰਦਰ ਪੱਪੂ ਦਾ ਫਰੀਦਕੋਟ ਇਲਾਕੇ ਨਾਲ ਸਬੰਧਿਤ ਕਰੀਬੀ ਰਿਸ਼ਤੇਦਾਰ ਹੈਪੀ , ਵੱਡੇ ਸ਼ਰਾਬ ਕਾਰੋਬਾਰੀ ਤੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦਾ ਪਾਰਟਨਰ ਵੀ ਹੈ। ਜਿਸ ਨਾਲ ਮਿਲ ਕੇ ਰਵਿੰਦਰ ਪੱਪੂ ਵੀ ਕੁੱਝ ਅਰਸਾ ਪਹਿਲਾਂ ਹੀ ਆਪਣੀ ਦੁਕਾਨਦਾਰੀ ਛੱਡ ਕੇ ਸ਼ਰਾਬ ਕਾਰੋਬਾਰ ਵਿੱਚ ਕੁੱਦਿਆ ਹੈ। ਬਰਨਾਲਾ ਵਾਸੀ ਰਵਿੰਦਰ ਪੱਪੂ ਦੀ ਹਵੇਲੀ ਵਿੱਚ ਅੱਜ ਹੋਈ ਆਈ.ਟੀ. ਦੀ ਛਾਪਾਮਾਰੀ ਬਾਰੇ ਪੁੱਛਣ ਤੇ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ,ਐਸ ਐਚ ਓ ਥਾਣਾ ਸਿਟੀ 1 ਬਰਨਾਲਾ ਨੇ ਆਈ.ਟੀ ਟੀਮ ਵੱਲੋਂ ਕੀਤੀ ਗਈ ਰੇਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਟੀਮ ਨਾਲ ਬਰਨਾਲਾ ਸਿਟੀ ਪੁਲਿਸ ਦੇ ਸਬ ਇੰਸਪੈਕਟਰ ਅਮ੍ਰਿਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਤਾਇਨਾਤ ਕੀਤੀ ਗਈ ਸੀ। ਜਾਂਚ ਟੀਮ ਨੂੰ ਕੁੱਝ ਮਿਲਿਆ ਜਾਂ ਨਾ ਮਿਲਿਆ , ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ਦੀਆਂ ਨਜਰਾਂ ਹੁਣ ਆਈਟੀ ਟੀਮ ਵੱਲੋਂ ਕੀਤੇ ਜਾਣ ਵਾਲੇ ਖੁਲਾਸੇ ਤੇ ਟਿਕੀਆਂ ਹੋਈਆਂ ਹਨ।
ਵਰਨਣਯੋਗ ਹੈ ਕਿ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ 7 ਵਜੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ। ਟੀਮਾਂ 4 ਗੱਡੀਆਂ ‘ਚ ਉਸ ਦੇ ਘਰ ਪਹੁੰਚੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ‘ਚ ਸਾਹਮਣੇ ਆਇਆ ਸੀ। ਦੀਪ ਮਲਹੋਤਰਾ ਦੇ ਬੇਟੇ ਨੂੰ ਵੀ ਜੇਲ੍ਹ ਜਾਣਾ ਪਿਆ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇੱਥੇ ਛਾਪੇਮਾਰੀ ਕੀਤੀ ਸੀ।
ਦੀਪ ਮਲਹੋਤਰਾ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇੱਕ ਹੈ। ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਸੂਤਰਾਂ ਮੁਤਾਬਕ ਪੰਜਾਬ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ‘ਚ ਪੌਂਟੀ ਚੱਢਾ ਦਾ ਸ਼ਰਾਬ ਦੇ ਕਾਰੋਬਾਰ ‘ਤੇ ਕਬਜ਼ਾ ਸੀ। ਇਸ ਨੂੰ ਤੋੜਨ ਲਈ ਸੁਖਬੀਰ ਬਾਦਲ , ਦੀਪ ਮਲਹੋਤਰਾ ਨੂੰ ਲੈ ਕੇ ਆਏ ਸਨ ਤੇ ਬਾਅਦ ਵਿੱਚ ਅਕਾਲੀ ਦਲ ਨੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਸੀ ।