ਲੋਕ ਸਭਾ ਹਲਕੇ ਦੀਆਂ ਸੜਕਾਂ ਤੇ ਓਵਰਬ੍ਰਿਜਾਂ ਦੇ ਨਿਰਮਾਣ ਲਈ ਕੀਤੀ ਮੁਲਾਕਾਤ
ਨਵੀਆਂ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ: ਸਿਮਰਨਜੀਤ ਸਿੰਘ ਮਾਨ
ਰਿੰਕੂ ਝਨੇੜੀ , ਸੰਗਰੂਰ, 6 ਅਪ੍ਰੈਲ 2023
ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕੇ ਦੇ ਲੋਕਾਂ ਦੇ ਸੂਬਾ ਅਤੇ ਕੌਮੀ ਰਾਜ ਮਾਰਗਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨਾਲ ਮੁਲਾਕਾਤ ਕੀਤੀ | ਇਹ ਜਾਣਕਾਰੀ ਐਮ.ਪੀ. ਸ. ਮਾਨ ਨੇ ਆਪਣੇ ਸੰਗਰੂਰ ਸਥਿਤ ਦਫਤਰ ਦੇ ਰਾਹੀਂ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ |
ਮੁਲਾਕਾਤ ਦੌਰਾਨ ਐਮ.ਪੀ. ਸੰਗਰੂਰ ਨੇ ਕੇਂਦਰੀ ਕੈਬਿਨੇਟ ਮੰਤਰੀ ਨੂੰ ਲੋਕ ਸਭਾ ਹਲਕਾ ਸੰਗਰੂਰ ਅਧੀਨ ਕਰੀਬ 80 ਲਿੰਕ ਸੜਕਾਂ ਦੇ ਨਿਰਮਾਣ, ਖਨੌਰੀ, ਭਵਾਨੀਗੜ੍ਹ ਅਤੇ ਰਈਆ ਵਿਖੇ ਬਣਨ ਵਾਲੇ ਓਵਰਬਿ੍ਜਾਂ ਸਮੇਤ ਹਾਈਵੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ | ਐਮ.ਪੀ. ਸ. ਮਾਨ ਨੇ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੂੰ ਸਿਫਾਰਿਸ਼ ਕੀਤੀ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਅਨੇਕਾਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜਿਆਦਾਤਰ ਸੜਕਾਂ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਨ ਅਤੇ ਕਈ ਸੜਕਾਂ ਦੀ ਮੁਰੰਮਤ ਕਰਨ ਦੀ ਜਰੂਰਤ ਹੈ | ਜੇਕਰ ਇਨ੍ਹਾਂ ਸੜਕਾਂ ਦਾ ਨਿਰਮਾਣ ਹੋ ਜਾਵੇ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਇਸੇ ਤਰ੍ਹਾਂ ਸ. ਮਾਨ ਨੇ ਖਨੌਰੀ ਅਤੇ ਰਈਆ ਵਿਖੇ ਠੋਸ ਓਵਰਬਿ੍ਜ ਬਣਾਉਣ ਦੀ ਥਾਂ ਪਿੱਲਰਾਂ ਵਾਲਾ ਓਵਰਬਿ੍ਜ ਬਣਾਉਣ ਦੀ ਸਿਫਾਰਿਸ਼ ਵੀ ਕੀਤੀ, ਤਾਂ ਜੋ ਪੁੱਲ ਦੇ ਦੋਵੇ ਪਾਸੇ ਵਾਲੀ ਮਾਰਕਿਟ ਦੇ ਦੁਕਾਨਦਾਰਾਂ ਦਾ ਪੁੱਲ ਦੇ ਹੇਠੋਂ ਦੀ ਆਪਸ ਵਿੱਚ ਸੰਪਰਕ ਬਣਿਆ ਰਿਹਾ ਅਤੇ ਮਾਰਕਿਟ ਦੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਨਾ ਹੋਵੇ | ਇਸ ਤੋਂ ਇਲਾਵਾ ਸ. ਮਾਨ ਨੇ ਭਵਾਨੀਗੜ੍ਹ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਭਵਾਨੀਗੜ੍ਹ ਵਿਖੇ ਇੱਕ ਓਵਰਬ੍ਰਿਜ ਬਣਾਉਣ ਦੀ ਸਿਫਾਰਿਸ਼ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕੀਤੀ।
ਐਮ.ਪੀ. ਸ. ਮਾਨ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਉਠਾਏ ਗਏ ਇਨ੍ਹਾਂ ਮਸਲਿਆਂ ਨੂੰ ਪੂਰੀ ਧਿਆਨ ਨਾਲ ਸੁਣਨ ਉਪਰੰਤ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਉਪਰੋਕਤ ਮਸਲਿਆਂ ਦਾ ਹੱਲ ਜਲਦੀ ਤੋਂ ਜਲਦੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ | ਸ. ਮਾਨ ਨੇ ਕਿਹਾ ਕਿ ਹਲਕੇ ਅਧੀਨ ਜਿਨ੍ਹਾਂ ਨਵੀਆਂ ਸੜਕਾਂ ਦੇ ਨਿਰਮਾਣ ਦੀ ਸਿਫਾਰਿਸ਼ ਕੀਤੀ ਗਈ ਹੈ, ਉਸ ਨਾਲ ਹਲਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦਾ ਐਮ.ਪੀ. ਹੋਣ ਦੇ ਨਾਤੇ ਮੇਰੀ ਇੱਛਾ ਹਲਕੇ ਨੂੰ ਨੰਬਰ ਇੱਕ ਹਲਕਾ ਬਣਾਉਣ ਦੀ ਹੈ |