ਬਠਿੰਡਾ ਦੀਆਂ ਪ੍ਰਾਈਵੇਟ ਬੱਸਾਂ ਲਈ ਬੱਸ ਅੱਡਾ ਫੀਸ ਦਾ ਰੱਫੜ ਵਧਣ ਲੱਗਾ
ਅਸ਼ੋਕ ਵਰਮਾ ,ਬਠਿੰਡਾ,5 ਅਪਰੈਲ 2023
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਠਿੰਡਾ ਡਿੱਪੂ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਬੱਸ ਅੱਡਾ ਫ਼ੀਸ ਵਧਾਉਣ ਦਾ ਰੱਫੜ ਪੈਂਦਾ ਨਜ਼ਰ ਆਉਣ ਲੱਗਾ ਹੈ।
ਪੀਆਰਟੀਸੀ ਨੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੱਡਾ ਝਟਕਾ ਦਿੰਦਿਆਂ ਬੱਸ ਅੱਡੇ ਦੀਆਂ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪ੍ਰਾਈਵੇਟ ਬੱਸ ਮਾਲਕ ਭੜਕ ਗਏ ਹਨ। ਬੱਸ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਪੀਆਰਟੀਸੀ ਨੇ ਉਨ੍ਹਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਖਤ ਫੈਸਲੇ ਲੈਣ ਲਈ ਮਜਬੂਰ ਹੋਣਗੇ।
ਬੱਸ ਅੱਡਾ ਫੀਸ ਵਿੱਚ ਵਾਧਾ ਕਰਨ ਪਿੱਛੇ ਅਧਿਕਾਰੀਆਂ ਦੀ ਦਲੀਲ ਸੀ ਕਿ ਬਠਿੰਡਾ ਵਿੱਚ ਪੰਜਾਬ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਅੱਡਾ ਫੀਸ ਕਾਫੀ ਘੱਟ ਸੀ, ਜਿਸ ਕਾਰਨ ਹੁਣ ਇਸ ਵਿੱਚ ਵਾਧਾ ਕੀਤਾ ਗਿਆ ਹੈ। ਪੀ ਆਰ ਟੀ ਸੀ ਬਠਿੰਡਾ ਡਿੱਪੂ ਦੇ ਜਰਨਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਬਠਿੰਡਾ ਵਿੱਚ ਦੋ ਦਹਾਕਿਆਂ ਤੋਂ ਵੱਧ ਅਰਸੇ ਤੋਂ ਲੈ ਕੇ ਹੁਣ ਤੱਕ ਅੱਡਾ ਫੀਸ ਵਿੱਚ ਵਾਧਾ ਨਹੀਂ ਕੀਤਾ । ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਮੁੱਚੇ ਮਾਮਲੇ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇਖ ਰਹੇ ਹਨ।
ਦੂਜੇ ਪਾਸੇ ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਡੀਜ਼ਲ ਅਤੇ ਸਪੇਅਰ ਪਾਰਟ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਤੋਂ ਇਲਾਵਾ ਕਰੋਨਾ ਤੋਂ ਬਾਅਦ ਉਨ੍ਹਾਂ ਦੀ ਹਾਲਤ ਪਤਲੀ ਹੋਈ ਪਈ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਜ਼ਰੂਰਤ ਤਾਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਕੋਈ ਰਾਹਤ ਦੇਣ ਦੀ ਸੀ , ਪਰ ਪੀ ਆਰ ਟੀ ਸੀ ਉਨ੍ਹਾਂ ਤੇ ਵੱਡਾ ਬੋਝ ਪਾ ਕੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਹੋਰ ਵੀ ਆਰਥਕ ਸੰਕਟ ਵਿੱਚ ਫਸਾਉਣ ਵੱਲ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਫ਼ਰ ਮੁਫ਼ਤ ਕਰਨ ਤੋਂ ਬਾਅਦ ਪਹਿਲਾਂ ਹੀ ਮਿਲਣ ਦਾ ਸੰਕਟ ਬਣਿਆ ਹੋਇਆ ਹੈ ਅਤੇ ਹੁਣ ਇਹ ਨਵਾਂ ਫੈਸਲਾ ਉਨ੍ਹਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰੇਗਾ।
ਉਨ੍ਹਾਂ ਦੱਸਿਆ ਕਿ ਪੀ ਆਰ ਟੀ ਸੀ ਨੇ ਅੱਡਾ ਫੀਸ 30 ਰੁਪਏ ਤੋਂ ਵਧਾ ਕੇ ਤਿੰਨ ਗੁਣਾ 90 ਰੁਪਏ ਕਰ ਦਿੱਤੀ ਹੈ।ਉਹਨਾਂ ਦੱਸਿਆ ਕਿ ਮਿੰਨੀ ਬੱਸ ਦੀ ਪੂਰੇ ਦਿਨ ਦੀ ਬੱਸ ਅੱਡਾ ਫੀਸ ਸਿਰਫ 40 ਰੁਪਏ ਸੀ , ਜਿਸ ਨੂੰ ਵਧਾ ਕੇ 45 ਰੁਪਏ ਪ੍ਰਤੀ ਚੱਕਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇੱਕ ਮਿੰਨੀ ਬੱਸ ਦਿਨ ਵਿੱਚ ਚਾਰ ਚੱਕਰ ਲਾਉਂਦੀ ਹੈ ਤਾਂ ਉਸ ਨੂੰ 180 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇੱਥੋਂ ਤੱਕ ਕਿ ਰਾਤ ਦੀ ਪਰਚੀ ਵੀ ਤਿੱਗਣੀ ਕਰ ਦਿੱਤੀ ਹੈ ਜੋ ਸਰਾਸਰ ਧੱਕੇਸ਼ਾਹੀ ਵਾਲਾ ਗਲ੍ਹਤ ਫ਼ੈਸਲਾ ਹੈ।
ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਦੇ ਪ੍ਰਬੰਧਕਾਂ ਨੇ ਇਹ ਫ਼ੈਸਲਾ ਲੈਣ ਵੇਲੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਹੈ।ਆਗੂਆਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਕਰਨਗੇ ਤਾਂ ਜੋ ਇਸ ਮਸਲੇ ਦਾ ਢੁੱਕਵਾਂ ਹੱਲ ਕੱਢਿਆ ਜਾ ਸਕੇ।ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ਼ ਨਾਂ ਦਿੱਤਾ ਗਿਆ ਤਾਂ ਪ੍ਰਾਈਵੇਟ ਬੱਸ ਮਾਲਕ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ।
ਅੱਡਾ ਫੀਸ ਬਾਰੇ ਸਹਿਮਤੀ ਬਣੀ: ਡੀ ਸੀ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਪੀ.ਆਰ.ਟੀ.ਸੀ. ਦੇ ਅਧਿਕਾਰੀਆਂ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮੀਟਿੰਗ ਤੋਂ ਬਾਅਦ ਬੱਸ ਅੱਡਾ ਫੀਸ ਸਬੰਧੀ ਸਹਿਮਤੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਵੱਡੀ ਬੱਸ ਦਾ ਰੇਟ 55 -ਰੁਪਏ ਪ੍ਰਤੀ ਫੇਰਾ, ਮਿੰਨੀ ਬੱਸ ਦਾ ਰੇਟ 25/-ਰੁਪਏ ਪ੍ਰਤੀ ਫੇਰਾ ਅਤੇ ਬੱਸ ਰਾਤ ਠਹਿਰਨ ਲਈ 70/-ਰੁਪਏ ਨਿਰਧਾਰਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਰੇਟ 7 ਅਪ੍ਰੈਲ 2023 ਤੋਂ ਲਾਗੂ ਹੋਣਗੇ।
Advertisement