ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਦੇ 40 ਤੋਂ ਵੱਧ ਵਿਭਾਗਾਂ ਦੀਆਂ ਸਕੀਮਾਂ ਦੀ ਪੁਸਤਕ ਲੋਕ ਅਰਪਣ
ਪੰਜਾਬ ਦੇ ਭਰ ਦੇ ਲੋਕਾਂ ਦੀ ਭਲਾਈ ਲਈ ਬਰਨਾਲਾ ਨੇ ਕੀਤੀ ਪਹਿਲ ਕਦਮੀ: ਮੀਤ ਹੇਅਰ
ਪਹਿਲੇ ਪੜਾਅ ਦਾ ਆਗਾਜ਼, ਹੁਣ ਪਿੰਡ-ਪਿੰਡ ਮੁਫ਼ਤ ਵੰਡੀ ਜਾਵੇਗੀ ਕਿਤਾਬ: ਪੂਨਮਦੀਪ ਕੌਰ
ਰਘਬੀਰ ਹੈਪੀ , ਬਰਨਾਲਾ, 5 ਅਪਰੈਲ 2023
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਭਰ ’ਚੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਪ੍ਰਾਜੈਕਟ ‘ਪਹੁੰਚ’ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਦਰਜ ਸਰਕਾਰੀ ਸਕੀਮਾਂ ਦੀ ਵਿਸਥਾਰਤ ਜਾਣਕਾਰੀ ਬਰਨਾਲਾ ਦੇ ਨਾਲ ਨਾਲ ਪੂਰੇ ਸੂਬੇ ਦੇ ਲੋਕਾਂ ਲਈ ਲਾਹੇਵੰਦ ਸਿੱੱਧ ਹੋਵੇਗੀ, ਜਿਸ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵਧਾਈ ਦੇ ਪਾਤਰ ਹਨ।
ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਵਾਈ ਐੱਸ ਕਾਲਜ ਵਿਖੇ ਪ੍ਰਾਜੈਕਟ ‘ਪਹੁੰਚ’ ਤਹਿਤ ਕਿਤਾਬ ਲੋਕ ਅਰਪਣ ਕਰਨ ਮੌਕੇ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸੈਂਕੜੇ ਸਕੀਮਾਂ ਚੱਲ ਰਹੀਆਂ ਹਨ, ਜੋ ਲੋਕਾਂ ਦੀ ਭਲਾਈ ਲਈ ਹਨ, ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਯੋਗ ਲੋਕ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਇਸ ਕਿਤਾਬ ’ਚ ਆਮ ਸਕੀਮਾਂ ਦੇ ਨਾਲ ਨਾਲ ਸਰਹੱਦੀ ਜ਼ਿਲਿ੍ਹਆਂ ਤੇ ਕੰਢੀ ਖੇਤਰਾਂ ਦੇ ਲੋਕਾਂ ਲਈ ਲਾਹੇਵੰਦ ਸਕੀਮਾਂ ਵੀ ਦਰਜ ਹਨ, ਜਿਸ ਲਈ ਇਹ ਕਿਤਾਬ ਪੂਰੇ ਸੂਬੇ ਦੇ ਲੋਕਾਂ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਇਨ੍ਹਾਂ ਸਕੀਮਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਕਰਾਈ ਜਾਵੇਗੀ।
ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਆਖਿਆ ਕਿਪਿੰ ਡਾਂ ਵਿੱਚ ਵੱਸਦੇ ਲੋਕਾਂ ਨੂੰ ਸਚਮੁਚ ਹੀ ਅਜਿਹੇ ਪ੍ਰਾਜੈਕਟ ਦੀ ਲੋੜ ਸੀ, ਜੋ ਕਿ ਆਏ ਦਿਨ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਮਾਰ ਸਕਦੇ। ਇਹ ਕਿਤਾਬ ਉਨ੍ਹਾਂ ਦੇ ਲੋਕਾਂ ਦੇ ਪਿੰਡਾਂ ਵਿੱਚ ਪੁੱਜੇਗੀ ਤਾਂ ਉਹ ਆਪਣਾ ਹੱਕ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਉਪਰਾਲੇ ਹੋਏ ਹਨ, ਪਰ ਉਹ ਜਾਂ ਤਾਂ ਕਿਸੇ ਇੱਕ ਵਿਭਾਗ ਦੇ ਪੱਧਰ ’ਤੇ ਹੋਏ ਹਨ ਜਾਂ ਇੰਨੇ ਵਿਸਥਾਰ ’ਚ ਨਹੀਂ ਹੋਏ। ਇਸ ਕਿਤਾਬ ’ਚ ਕਰੀਬ 44 ਵਿਭਾਗਾਂ/ਬੋਰਡਾਂ ਦੀਆਂ ਸੈਂਕੜੇ ਸਕੀਮਾਂ ਦੇ ਵੇਰਵੇ ਦਰਜ ਹਨ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਧਾਈ ਦਾ ਪਾਤਰ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਆਖਿਆ ਕਿ ਅੱਜ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਆਗਾਜ਼ ਕੀਤਾ ਗਿਆ ਹੈ, ਇਸ ਤੋਂ ਮਗਰੋਂ ਅਗਲੇ ਪੜਾਅ ਤਹਿਤ ਜਿੱਥੇ ਪਿੰਡ-ਪਿੰਡ ਇਹ ਕਿਤਾਬ ਮੁਫ਼ਤ ਵੰਡੀ ਜਾਵੇਗੀ, ਉਥੇ ਡਿਜੀਟਲ ਸਾਧਨਾਂ ਨਾਲ ਜੁੜੀ ਅਵਾਮ ਦੀ ਸੌਖ ਲਈ ਡਿਜੀਟਲ ਰੂਪ ’ਚ ਵੀ ਇਸਦੀ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਦੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਇਲਾਵਾ ਸਾਂਝ ਕੇਂਦਰ ਤੇ ਸੇਵਾ ਕੇਂਦਰ ਦੀਆਂ 400 ਤੋਂ ਵੱਧ ਸੇਵਾਵਾਂ ਦੀ ਜਾਣਕਾਰੀ ਇਸ ਕਿਤਾਬ ’ਚ ਦਰਜ ਹੈ।
ਇਸ ਮੌਕੇ ਮਹਿਮਾਨਾਂ ਵੱਲੋਂ ਪ੍ਰਾਜੈਕਟ ‘ਪਹੁੰਚ’ ਨੂੰ ਨੇਪਰੇ ਚੜ੍ਹਾਉਣ ਲਈ ਸਹਿਯੋਗ ਦੇਣ ਵਾਸਤੇ ਟ੍ਰਾਈਡੈਂਟ ਗਰੁੱਪ ਤੋਂ ਜਰਮਨਜੀਤ ਸਿੰਘ, ਆਈਓਐੱਲ ਫਾਰਮਾਸੂਟੀਕਲਜ਼ ਤੋਂ ਬਸੰਤ ਸਿੰਘ, ਵਾਈਐੱਸ ਗਰੁੱਪ ਤੋਂ ਵਰੁਣ ਭਾਰਤੀ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਜੂਨੀਅਰ ਸਹਾਇਕ ਹਰਪ੍ਰੀਤ ਸਿੰਘ, ਫੋਟੋਗ੍ਰਾਫਰ ਅਰਮਾਨਜੋਤ ਸਿੰਘ ਗੈਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਸਮਾਗਮ ’ਚ ਪੁੱਜੇ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐੱਸਐੱਸਪੀ ਸ੍ਰੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰੰਘ, ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।