ਹਰਿੰਦਰ ਨਿੱਕਾ ,ਪਟਿਆਲਾ ,1 ਅਪ੍ਰੈਲ 2023
ਪੰਜਾਬ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਰੀਬ 10 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਕਦਮ ਧਰਦਿਆਂ ਖੁੱਲ੍ਹੀ ਫਿਜ਼ਾ ਵਿੱਚ ਸਾਂਹ ਲਿਆ। ਸਿੱਧੂ ਦੇ ਜੇਲ੍ਹੋਂ ਬਾਹਰ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਭਾਰੀ ਇਕੱਠ ਨੇ, ਅਕਾਸ਼ ਗੁੰਜਾਉਂ ਨਾਅਰੇਬਾਜੀ ਕਰਕੇ,ਖੁਸ਼ੀ ਦਾ ਇਜ਼ਹਾਰ ਕੀਤਾ। ਵਰਨਣਯੋਗ ਹੈ ਕਿ ਅਦਾਲਤ ਵੱਲੋਂ ਨਵਜੋਤ ਸਿੱਧੂ ਨੂੰ ਰੋਡ ਰੇਜ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। 19 ਮਈ 2022 ਨੂੰ ਸੁਪਰੀਮ ਕੋਰਟ ਨੇ ਪਹਿਲਾਂ ਸੁਣਾਏ ਫੈਸਲੇ ਤੇ ਰੀਵਿਊ ਕਰਦਿਆਂ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਦੀ ਸਜ਼ਾ 18 ਮਈ ਤੱਕ ਪੂਰੀ ਹੋਣੀ ਸੀ, ਪ੍ਰੰਤੂ ਨਿਯਮਾਂ ਅਨੁਸਾਰ ਕੈਦੀਆਂ ਨੂੰ ਇਕ ਮਹੀਨਾ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਸਿੱਧੂ ਨੇ ਇਸ ਦੌਰਾਨ ਕੋਈ ਛੁੱਟੀ ਨਹੀਂ ਲਈ, ਲਿਹਾਜ਼ਾ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਹੀ ਅੱਜ ਖ਼ਤਮ ਹੋ ਗਈ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਨਵਜੋਤ ਸਿੰਘ, ਆਪਣੇ ਪੁਰਾਣੇ ਅੰਦਾਜ ਵਿੱਚ ਹੀ ਨਜ਼ਰ ਆਏ, ਸਿੱਧੂ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਂਧੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਅਤੇ ਸੂਬੇ ਦੀ ਵਿਗੜਦੀ ਅਮਨ ਕਾਨੂੰਨ ਦੀ ਹਾਲਤ ਤੇ ਭਗਵੰਤ ਮਾਨ ਨੂੰ ਕਰੜੇ ਹੱਥੀ ਲਿਆ। ਸਿੱਧੂ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਮੱਸਿਆ ਤੇ ਵਧੇਰੇ ਗੱਲਬਾਤ ਮੈਂ ਗੈਂਗਸਟਰਾਂ ਹੱਥੋਂ ਮਾਰੇ ਗਏ, ਲੋਕ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ,ਗੱਲ ਕਰਾਂਗਾ।