ਸਥਾਨਕ ਸਰਕਾਰਾਂ ਸਬੰਧੀ ਮੀਟਿੰਗ ਚ ਕੂੜਾ ਪ੍ਰਬੰਧਨ, ਸੀਵਰੇਜ ਦੀ ਸਫ਼ਾਈ ਸਬੰਧੀ ਨੁਕਤੇ ਸਾਂਝੇ ਕੀਤੇ ਗਏ
ਰਵੀ ਸੈਣ , ਬਰਨਾਲਾ, 27 ਮਾਰਚ 2023
ਬਰਨਾਲਾ ਸ਼ਹਿਰ ਚ ਚਾਰ ਚੌਕਾਂ ਦਾ ਸੁੰਦਰੀਕਰਨ ਕੀਤਾ ਜਾਣਾ ਹੈ ਤਾਂ ਜੋ ਸ਼ਹਿਰ ਨੂੰ ਸੋਹਣੀ ਦਿੱਖ ਦਿੱਤੀ ਜਾ ਸਕੇ। ਇਸ ਸਬੰਧੀ ਕਾਰਵਾਈ ਪੂਰੀ ਕਰਨ ਤੋਂ ਬਾਅਦ, ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਨਾਲ ਸਬੰਧਿਤ ਨੁਕਤਿਆਂ ਉੱਤੇ ਚਰਚਾ ਕਰਨ ਲਈ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਭਗਤ ਸਿੰਘ ਚੌਂਕ, ਨਹਿਰੂ ਚੌਂਕ, ਕਚਿਹਰੀ ਚੌਂਕ ਅਤੇ ਆਈ. ਟੀ. ਆਈ ਚੌਂਕ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਹਨਾਂ ਹਿਦਾਇਤ ਕੀਤੀ ਕਿ ਤਪਾ ਅਤੇ ਭਦੌੜ ਵਿਖੇ ਟੋਏ ਪੁੱਟ ਕੇ ਉਸ ਵਿੱਚ ਗਲਣਯੋਗ ਕੂੜਾ ਸੁੱਟਣ ਦਾ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਨਾਲਿਆਂ ਦੀ ਸਫ਼ਾਈ ਸਬੰਧੀ ਨਿਰਦੇਸ਼ ਦਿੰਦਿਆਂ ਕਿਹਾ ਕਿ ਸਫ਼ਾਈ ਦੇ ਟੈਂਡਰ ਲਗਾ ਕੇ ਇਸ ਨੂੰ ਸਮੇਂ ਸਿਰ ਨਿੱਬੇੜਿਆ ਜਾਵੇ।
ਇਸੇ ਤਰ੍ਹਾਂ ਠੋਸ ਕੂੜਾ ਪ੍ਰਬੰਧਨ, ਸਟਰੀਟ ਲਾਈਟਾਂ, ਸਟਰੀਟ ਵੇਂਡਰ ਸਬੰਧੀ ਮੁਦਿਆਂ ਉੱਤੇ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਨਗਰ ਕੌਂਸਲ ਬਰਨਾਲਾ, ਹੰਡਿਆਇਆ ਅਤੇ ਧਨੌਲਾ ਸੁਨੀਲ ਦੱਤ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।