ਹਾਈਕੋਰਟ ‘ਚ ਸੁਣਵਾਈ ਤੋਂ ਪਹਿਲਾਂ ਖੋਖਿਆਂ ਤੇ ਪੀਲਾ ਪੰਜਾ ਚਲਾਉਣ ਲਈ ਕਾਹਲਾ ਪਿਆ ਪ੍ਰਸ਼ਾਸ਼ਨ
ਹਰਿੰਦਰ ਨਿੱਕਾ , ਬਰਨਾਲਾ 19 ਮਾਰਚ 2023
ਜੇ ਕੋਈ ਪੇਸ਼ਗੀ ਕਿਰਾਇਆ ਲੈ ਕੇ ਜਗ੍ਹਾ ਦੇਣ ਤੋਂ ਮੁੱਕਰ ਜਾਵੇ ਤਾਂ ਇਸ ਨੂੰ ਭਾਈਚਾਰਕ ਤੌਰ ਤੇ ਵਾਅਦਾ ਖਿਲਾਫੀ ਕਿਹਾ ਜਾਂਦੈ ‘ਤੇ ਕਾਨੂੰਨੀ ਭਾਸ਼ਾ ਮੁਤਾਬਿਕ ਅਮਾਨਤ ਵਿੱਚ ਖਿਆਨਤ ! ਅਜਿਹੇ ਮਾਮਲਿਆਂ ਵਿੱਚ ਸ਼ਕਾਇਤ ਲੈ ਕੇ ਅਕਸਰ ਹੀ ਲੋਕੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਪਹੁੰਚ ਕਰਦੇ ਰਹਿੰਦੇ ਨੇ, ਪਰੰਤੂ ਜੇਕਰ ਅਜਿਹਾ ਕਰਨ ਵਾਲਾ, ਕੋਈ ਵਿਅਕਤੀ ਨਾ ਹੋ ਕੇ, ਪ੍ਰਸ਼ਾਸ਼ਨ ਹੀ ਹੋਵੇ ਤਾਂ ਫਿਰ ਪੇਸ਼ਗੀ ਕਿਰਾਇਆ ਭਰਨ ਵਾਲਾ, ਕੀਹਦੇ ਕੋਲ ਫਰਿਆਦ ਲੈ ਕੇ ਜਾਵੇ, ਸਮਝ ਤੋਂ ਪਾਰ ਦੀ ਗੱਲ ਐ। ਜੀ ਹਾਂ, ਬਿਲਕੁਲ ਇਸੇ ਦਰਦ ਭਰੇ ਹਾਲਤ ‘ਚੋਂ ਨਿੱਕਲ ਰਿਹਾ ਹੈ, ਬਰਨਾਲਾ ਤਹਿਸੀਲ ਕੰਪਲੈਕਸ ਵਿੱਚ ਲੰਬੇ ਅਰਸੇ ਤੋਂ ਕੰਮ ਕਰਦਾ ਵਸੀਕਾ ਨਵੀਸ ਹੀਰਾ ਸਿੰਘ। ਪ੍ਰਸ਼ਾਸ਼ਨਿਕ ਧਿੰਙੋਜ਼ੋਰੀ ਦਾ ਸ਼ਿਕਾਰ ਵਸੀਕਾ ਨਵੀਸ ਹੀਰਾ ਸਿੰਘ ਇਕੱਲਾ ਨਹੀਂ, ਬਲਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿੱਖੇ ਕੰਮ ਕਰਦੇ ਲੱਗਭੱਗ ਸਾਰੇ ਹੀ ਟਾਈਪਿਸਟ, ਅਰਜੀ ਨਵੀਸ, ਵਸੀਕਾ ਨਵੀਸ, ਅਸਟਾਮ ਫਰੋਸ਼ ਅਤੇ ਨਕਸਾ ਨਵੀਸ , ਰੁਜਗਾਰ ਖੁੱਸਣ ਦੀ ਪੀੜਾ ਆਪਣੇ ਹੱਡੀਂ ਹੰਡਾ ਰਹੇ ਹਨ।
ਅਲਾਟਮੈਂਟ ‘ਚ ਫਸਿਆ ਬੇਨਿਯਮੀਆਂ ਦਾ ਪੇਚ
ਵਸੀਕਾ ਨਵੀਸ ਹੀਰਾ ਸਿੰਘ ਨੇ ਦੱਸਿਆ ਕਿ ਉਸ ਤੋਂ ਪ੍ਰਸ਼ਾਸ਼ਨ ਨੇ ਮੌਜੂਦਾ ਖੋਖੇ ਵਾਲੀ ਜਗ੍ਹਾ ਦਾ ਹਾਲੇ ਦਸੰਬਰ 2022 ਵਿੱਚ ਹੀ ਪੰਜ ਸਾਲ ਦਾ ਐਡਵਾਂਸ ਕਿਰਾਇਆ ਸਾਲ 2027 ਤੱਕ ਭਰਾਇਆ ਹੈ। ਇਸ ਦੀ ਬਕਾਇਦਾ ਰਸੀਦ ਵੀ ਦਿੱਤੀ ਗਈ ਹੈ। ਉਦੋਂ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਇਹ ਦੱਸਿਆ ਹੀ ਨਹੀਂ ਕਿ ਉਨਾਂ ਨੂੰ ਮੌਜੂਦਾ ਜਗ੍ਹਾ ਤੋਂ ਉਠਾਇਆ ਜਾਵੇਗਾ। ਉਨਾਂ ਸਵਾਲ ਕੀਤਾ ਕਿ ਜੇਕਰ ਉਨਾਂ ਜਗ੍ਹਾ ਤੋਂ ਖੋਖਾ ਚੁੱਕਣਾ ਹੀ ਹੈ ਤਾਂ ਫਿਰ ਇਸ ਜਗ੍ਹਾ ਦਾ ਕਿਰਾਇਆ ਕਿਉਂ ਭਰਵਾਇਆ ਗਿਆ। ਹੀਰਾ ਸਿੰਘ ਨੇ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਅਲਾਟਮੈਂਟ ਸਬੰਧੀ ਪ੍ਰਸ਼ਾਸ਼ਨਿਕ ਧੱਕੇਸ਼ਾਹੀ ਦੇ ਖਿਲਾਫ ਰਿੱਟ ਦਾਇਰ ਕੀਤੀ ਗਈ ਹੈ। ਜਿਸ ਦੀ ਸੁਣਵਾਈ 22 ਮਾਰਚ ਨੂੰ ਹੋਣੀ ਹੈ। ਪਰੰਤੂ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਸੁਣਵਾਈ ਤੋਂ ਪਹਿਲਾਂ ਹੀ, ਖੋਖਿਆਂ ਤੇ ਪੀਲਾ ਪੰਜਾ ਚਲਾਉਣ ਲਈ ਕਾਹਲੇ ਪਏ ਹਨ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੀ ਹਾਈਕੋਰਟ ਦੀ ਪਰਵਾਹ ਨਹੀਂ ਕਰਦਾ ਤਾਂ ਫਿਰ ਆਮ ਪਬਲਿਕ ਵਿੱਚ ਇਸ ਦਾ ਗਲਤ ਸੰਦੇਸ਼ ਜਾਵੇਗਾ। ਜਿਹੜਾ ਕਾਨੂੰਨ ਦੇ ਰਾਜ ਲਈ, ਠੀਕ ਨਹੀਂ ਹੋਵੇਗਾ। ਉਨਾਂ ਅਪੀਲ ਕੀਤੀ ਕਿ ਹਾਈਕੋਰਟ ਦੇ ਫੈਸਲੇ ਤੋਂ ਪਹਿਲਾਂ ਖੋਖਾ ਧਾਰਕਾਂ ਨੂੰ ਨਾ ਉਜਾੜਿਆ ਜਾਵੇ।
ਖੋਖੇ ਵਾਲਿਆਂ ਦੇ ਹੱਕ ‘ਚ ਪੰਚਾਇਤਾਂ ਨੇ ਮਾਰਿਆ ਹਾਅ ਦਾ ਨਾਅਰਾ
ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿੱਖੇ ਕੰਮ ਕਰਦੇ ਟਾਈਪਿਸਟ, ਅਰਜੀ ਨਵੀਸ, ਵਸੀਕਾ ਨਵੀਸ, ਅਸਟਾਮ ਫਰੋਸ਼ ਅਤੇ ਨਕਸਾ ਨਵੀਸਾਂ ਨੂੰ ਨਿਯਮਾਂ ਅਨੁਸਾਰ ਇੱਕੋ ਥਾਂ ਤੇ ਜਗ੍ਹਾ ਅਲਾਟ ਕਰਵਾਉਣ ਲਈ ਜੱਦੋਜਹਿਦ ਕਰਨ ਵਾਲਿਆਂ ਦੇ ਪੱਖ ਵਿੱਚ ਇਲਾਕੇ ਦੀਆਂ ਪੰਚਾਇਤਾਂ ਤੇ ਨੰਬਰਦਾਰਾਂ ਨੇ ਵੀ ਹਾਅ ਦਾ ਨਾਅਰਾ ਮਾਰਦੇ ਹੋਏ, ਸੂਬੇ ਦੇ ਮੁੱਖ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲਿਖਤੀ ਦੁਰਖਾਸਤ ਭੇਜੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਮੂਹ ਜਿਲ੍ਹਾ ਨਿਵਾਸੀ ਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਪਬਲਿਕ ਨੂੰ ਹਰ ਰੋਜ ਕੰਮ ਕਰਾਉਣ ਜਾਂਦੇ ਸਮੇਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿੱਚ ਜਾਣਾ ਪੈਦਾ ਹੈ। ਸਾਡੇ ਧਿਆਨ ਵਿੱਚ ਆਇਆ ਹੈ ਕਿ ਜਿਨ੍ਹਾਂ ਖੋਖਾ ਧਾਰਕਾਂ ਤੋ ਪਬਲਿਕ ਕੰਮ ਕਰਾਉਦੀ ਹੈ , ਉਨਾਂ ਨੂੰ ਮੌਜੂਦਾ ਜਗ੍ਹਾ ਤੋਂ ਉਠਾ ਕੇ ਨਵੀ ਜਗ੍ਹਾ ਅਲਾਟ ਕੀਤੀ ਜਾ ਰਹੀ ਹੈ। ਨਵੀਂ ਪ੍ਰਸਾਵਿਤ ਜਗਾਹ ਜਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸਨ ਅਤੇ ਈ.ਵੀ.ਐਮ ਸਟਰੋਗ ਰੂਮ ਦੇ ਨਾਲ ਬਹੁਤ ਹੀ ਘੱਟ ਚੌੜਾ ਰਾਸਤੇ ਉਪਰ ਅਤੇ ਘੱਟ ਸਾਇਜ ਵਿੱਚ ਅਲਾਟ ਕੀਤੀ ਜਾ ਰਹੀ ਹੈ। ਸਮੁੱਚੇ ਦਫਤਰ ਅਤੇ ਸਰਕਾਰੀ ਸੰਸਥਾਂਵਾ ਪਬਲਿਕ ਨੂੰ ਸਹੂਲਤ ਦੇਣ ਅਤੇ ਉਨਾਂ ਦੇ ਕੰਮ ਕਰਨ ਲਈ ਬਣਾਏ ਗਏ ਹਨ । ਇੰਨਾਂ ਦਫਤਰਾਂ ਵਿੱਚ ਇਲਾਕੇ ਦੇ ਲੋਕਾਂ ਦਾ ਹਰ ਰੋਜ ਆਪਨੇ ਆਪਣੇ ਕੰਮ ਕਰਾਉਣ ਲਈ ਆਉਣਾ ਜਾਣਾ ਬਣਿਆ ਰਹਿੰਦਾ ਹੈ ।ਜਦੋ ਵੀ ਕੋਈ ਪਿੰਡ ਵਾਸੀ ਨੇ ਆਪਣੀ ਕਿਸੇ ਜਗਾਹਦਾ ਬੈ ਨਾਮਾ, ਵਸੀਅਤਨਾਮਾ, ਰਹਿਨਨਾਮਾ, ਇਕਰਾਰਨਾਮਾ, ਦਰਖਾਸਤ, ਹਲਫੀਆਂ ਅਤੇ ਹੋਰ ਜਰੂਰਤ ਅਨੁਸਾਰ ਕਾਗਜਾਤ ਤਸਦੀਕ ਕਰਾਉਣਾ ਹੁੰਦਾ ਹੈ ਤਾਂ ਉਸ ਨਾਲ ਘੱਟੋ ਘੱਟ 5/6 ਸਖਸਾਂ ਨੂੰ ਜਾਣਾ ਪੈਦਾ ਹੈ 8%6 ਫੁੱਟ ਦੀ ਜਗਾਹ ਵਿੱਚ ਕਿੱਥੇ ਲਿਖਾਰੀ ਬੈਠੇਗਾ ਅਤੇ ਕਿੱਥੇ ਕੰਮ ਕਰਾਉਣ ਵਾਲੇ, ਨਾਲ ਹੀ ਆਉਣ ਜਾਣ ਲਈ ਬਹੁਤ ਹੀ ਥੋੜਾ ਰਾਸਤਾ ਛੱਡਿਆ ਗਿਆ ਹੈ, ਵਸੀਅਤ ਕਰਾਉਣ ਲਈ ਕਿਸੇ ਹੋਰ ਬਿਮਾਰ ਵਿਅਕਤੀ ਨਾਲ ਵੀ ਉਸ ਦੀ ਸਹਾਇਤਾਂ ਲਈ ਘੱਟੋ ਘੱਟ 2/ 3 ਬੰਦੇ ਅਤੇ ਵਹੀਕਲ ਲੈ ਕੇ ਆਉਦੇ ਹਨ । ਇਸ ਤਰਾਂ ਕਰਨ ਨਾਲ ਜਿੱਥੇ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਅਤੇ ਨਾਲ ਹੀ ਕੰਮ ਕਰਾਉਣ ਵਿੱਚ ਵੀ ਭਾਰੀ ਮੁਸਕਿਲ ਪੈਦਾ ਹੋਵੇਗੀ । ਜੇਕਰ ਕੋਈ ਵੀ ਕੁਦਰਤੀ ਆਫਤ, ਤੂਫਾਨ, ਝੱਖੜ- ਝੋਲਾ, ਅੱਗ ਲੱਗਣਾ, ਬਿਜਲੀ ਦੇ ਕਿਸੇ ਯੰਤਰ ਰਾਂਹੀ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਖੋਖਾ ਧਾਰਕਾਂ ਅਤੇ ਪਬਲਿਕ ਨੂੰ ਆਪਣਾ ਮਨੁੱਖੀ ਜੀਵਨ ਬਚਾਉਣਾ ਔਖਾ ਹੋ ਜਾਵੇਗਾ। ਭੇਜੇ ਗਏ ਪੱਤਰ ਤੇ ਇਲਾਕੇ ਦੇ ਕਰੀਬ 50 ਤੋਂ ਵੱਧ ਸਰਪੰਚ/ਪੰਚ ਅਤੇ ਨੰਬਰਦਾਰਾਂ ਦੇ ਦਸਤਖਤ ਕੀਤੇ ਹੋਏ ਹਨ। ਉੱਨ੍ਹਾਂ ਮੰਗ ਕੀਤੀ ਹੈ ਕਿ ਇਨਾਂ ਖੋਖਾ ਧਾਰਕਾਂ ਨੂੰ ਜਗ੍ਹਾ ਅਲਾਟ ਕਰਦੇ ਸਮੇਂ ਘੱਟੋ ਘੱਟ 8 & 10 ਫੁੱਟ ਦੀ ਜਗਾਹ ਅਤੇ 16 ਫੁੱਟ ਚੌੜਾ ਰਾਸਤਾ ਛੱਡ ਕੇ ਸਹੂਲਤ ਵਾਲੀ ਜਗਾਹ,ਜਿੱਥੇ ਕੰਮ ਕਰਨ ਵਾਲਿਆ ਤੋ ਪਬਲਿਕ ਅਸਾਨੀ ਨਾਲ ਕੰਮ ਕਰਵਾ ਸਕੇ, ਦਿੱਤੀ ਜਾਵੇ । ਜਿੰਨੀ ਦੇਰ ਤੱਕ ਇਹ ਜਗਾਹ ਸਹੀ ਤਰੀਕੇ ਨਾਲ ਇਨਾਂ ਸਾਰਿਆਂ ਨੂੰ ਅਲਾਟ ਨਹੀ ਕੀਤੀ ਜਾਂਦੀ । ਪਬਲਿਕ ਦੀ ਸਹੂਲਤ ਲਈ ਅਤੇ ਪ੍ਰੇਸਾਨੀ ਨੂੰ ਰੋਕਣ ਲਈ ਜਿਉ ਦੀ ਤਿਓੁ ਕੰਮ ਦਿੱਤਾ ਜਾਵੇ।