18 ਕੌਂਸਲਰ ਸਿਰ ਜੋੜ ਕੇ ਬਹਿ ਗਏ ਨਗਰ ਕੌਂਸਲ ਦਫਤਰ ਦੇ ਸਾਹਮਣੇ
ਪਾਰਟੀਆਂ ਆਪੋ ਆਪਣੀ ਥਾਂ, ਪਰ ਸਰਕਾਰੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਨ ਦਾ ਲਿਆ ਅਹਿਦ
ਹੁਣ ਬਹੁਤ ਹੋ ਗਿਆ , ਸ਼ਹਿਰ ਦੇ ਵਿਕਾਸ ਕੰਮਾਂ ‘ਚ ਅੜਿੱਕਾ ਪਾਉਣ ਵਾਲਿਆਂ ਨੂੰ ਕਰਾਂਗੇ ਬੇਨਕਾਬ – ਰਾਮਣਵਾਸੀਆ
ਹਰਿੰਦਰ ਨਿੱਕਾ , ਬਰਨਾਲਾ 17 ਮਾਰਚ 2023
ਸ਼ਹਿਰ ਦੇ ਵਿਕਾਸ ਕੰਮਾਂ ‘ਚ ਆਈ ਖੜੋਤ ਨੂੰ ਤੋੜਨ ਅਤੇ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਨਾਲ ਕਰੜੇ ਹੱਥੀਂ ਨਿਬੇੜਾ ਕਰਨ ਲਈ ਨਗਰ ਕੌਂਸਲ ਬਰਨਾਲਾ ਦੇ 18 ਕੌਂਸਲਰ ,ਅੱਜ ਸਿਰ ਜੋੜ ਕੇ ਬਹਿ ਗਏ। ਬਰਨਾਲਾ ਕਲੱਬ ਵਿੱਚ ਇਕੱਠੇ ਹੋਏ ਕੌਂਸਲਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿੱਚ ਸ਼ਾਮਲ ਸਮੂਹ ਕੌਂਸਲਰਾਂ ਨੇ ਕਿਹਾ ਕਿ ਅਸੀਂ ਬੇਸ਼ੱਕ ਆਪੋ- ਆਪਣੀਆਂ ਪਾਰਟੀਆਂ ਨਾਲ ਜੁੜੇ ਹੋਏ ਹਾਂ । ਪਰ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਸ਼ਹਿਰ ਦੀ ਬਿਹਤਰੀ ਤੇ ਚੌਤਰਫਾ ਵਿਕਾਸ ਲਈ , ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨਾਂ, ਇੱਕਸੁਰ ਹੁੰਦਿਆਂ ਦੁਹਰਾਇਆ ਕਿ ਅਸੀਂ ਜਿੰਨਾਂ ਕੌੋਸਲਰਾਂ ਨੇ, ਇੱਕਜੁੱਟ ਰਹਿਣ ਲਈ, ਕੁੱਝ ਅਰਸਾ ਪਹਿਲਾਂ ਗੁਰੂਦੁਆਰਾ ਅੜੀਸਰ ਸਾਹਿਬ ਹੰੰਡਿਆਇਆ, ਵਿਖੇ ਸੋਂਹ ਪਾਈ ਸੀ, ਉਸ ਤੇ, ਹੁਣ ਵੀ ਕਾਇਮ ਹਾਂ। ਕੌਂਸਲਰਾਂ ਨੇ ਕਿਹਾ ਕਿ ਪਾਰਟੀਬਾਜੀ ਇੱਕ ਅਲੱਗ ਵਿਸ਼ਾ ਹੈ,ਪਰ ਸਭ ਤੋਂ ਪਹਿਲਾਂ ਅਸੀਂ ਬਰਨਾਲਾ ਸ਼ਹਿਰ ਦੇ ਨਿਵਾਸੀ ਹਾਂ ਅਤੇ ਪ੍ਰਧਾਨ ਸਮੇਤ ਸਮੂਹ ਕੌਂਸਲਰਾਂ ਦਾ ਆਪਸੀ ਭਾਈਚਾਰਾ ਪਹਿਲਾਂ ਤੋਂ ਵੀ ਮਜਬੂਤ ਹੋਇਆ ਹੈ । ਉਹਨਾ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ, ਪਰ ਆਪਸੀ ਭਾਈਚਾਰਾ ਤੇ ਪਿਆਰ ਬਰਕਰਾਰ ਰਹਿਣਾ ਚਾਹੀਦਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਅਸੀਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਨਾਲ ਖੜ੍ਹੇ ਸੀ ਤੇ ਹੁਣ ਵੀ ਉਸੇ ਤਰਾਂ ਖੜ੍ਹੇ ਹਾਂ। ਉਹਨਾ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਇਹ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਕਿ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਸਾਹਮਣਾ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਹੋਣ ਦੇ ਬਾਵਜੂਦ ਵੱਡੀ ਗਿਣਤੀ ਕੌਂਸਲਰ ਪ੍ਰਧਾਨ ਦੇ ਨਾਲ ਇੱਕਜੁਟ ਹਨ। ਮੀਟਿੰਗ ਵਿੱਚ ਹਾਜ਼ਰ ਸਮੂਹ ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਉਹ ਸਾਰੇ ਸਰਕਾਰ ਦੇ ਨਾਲ ਸਹਿਯੋਗ ਕਰਨਗੇ। ਪਰ ਕਿਸੇ ਵੀ ਕੌਂਸਲਰ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ । ਉੱਧਰ ਕੌਸਲ ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਅਸੀਂ ਬੇਸ਼ੱਕ ਵੱਖ ਵੱਖ ਪਾਰਟੀਆਂ ਨਾਲ ਖੜ੍ਹੇ ਹਾਂ, ਪਰੰਤੂ ਨਗਰ ਕੌਸਲ ਵਿੱਚ ਕੋਈ ਰਾਜਨੀਤੀ ਨਹੀਂ ਕਰਦੇ। ਉਨਾਂ ਕਿਹਾ ਕਿ ਜਿਵੇਂ ਨਗਰ ਕੌਸਲ, ਕਿਸੇ ਇੱਕ ਪਾਰਟੀ ਦੀ ਨਹੀਂ, ਉਸੇ ਤਰਾਂ ਸੂਬਾ ਸਰਕਾਰ ਵੀ, ਸੂਬੇ ਦੇ ਸਾਰੇ ਲੋਕਾਂ ਦੀ ਹੈੇ। ਸੂਬੇ ਦੀ ਸੱਤਾ ਤੇ ਕਾਬਿਜ਼ ਧਿਰ ਨੂੰ ਵੀ, ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਅੜਿੱਕੇ ਪਾਉਣ ਦੀ ਬਜਾਏ, ਬਿਨਾਂ ਪੱਖਪਾਤ ਤੋਂ ਸਹਿਯੋਗ ਦੇਣ ਲਈ ਵੱਡਾ ਦਿਲ ਦਿਖਾਉਣਾ ਚਾਹੀਂਦਾ ਹੈ। ਅਸੀਂ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਕਰਨ ਲਈ ਤਿਆਰ ਹਾਂ। ਪਰ ਕਿਸੇ ਵੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ। ਉਨਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਕੌਸਲਰਾਂ ਦਾ ਬਹੁਮਤ ਮੇਰੇ ਨਾਲ ਹੈ, ਉਨੀਂ ਦੇਰ ਤੱਕ ਮੈਂ ਪ੍ਰਧਾਨ ਹਾਂ। ਉਨਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਅੜਿੱਕੇ ਪਾਉਣ ਵਾਲਿਆਂ ਨੂੰ ਵੀ, ਬੇਨਕਾਬ ਕਰਾਂਗੇ। ਰਾਮਣਵਾਸੀਆ ਨੇ ਕਿਹਾ ਕਿ ਜਲਦ ਹੀ, ਕੌਸਲ ਦੀ ਮੀਟਿੰਗ ਬੁਲਾ ਰਹੇ ਹਾਂ, ਕੌਸਲ ਦੇ, ਮੀਤ ਪ੍ਰਧਾਨ ਦੀ ਪੈਂਡਿੰਗ ਚੋਣ ਵੀ ਕਰਵਾਉਣ ਲਈ, ਸਲਾਹ ਮਸ਼ਵਰਾ ਜ਼ਾਰੀ ਹੈ।