ਜਗਸੀਰ ਸਿੰਘ ਚਹਿਲ , ਬਰਨਾਲਾ, 17 ਮਾਰਚ 2023
ਆਪਣੇ ਵਾਰਡ ਦੇ ਕੰਮ ਨਾ ਹੋਣ ਤੋਂ ਖਫਾ ਹੋਏ ਧਨੌਲਾ ਮੰਡੀ ਦੇ ਵਾਰਡ ਨੰਬਰ -8 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਨਗਰ ਕੌਂਸਲ ਦਫ਼ਤਰ ਅੰਦਰ ਪ੍ਰਧਾਨ ਅਤੇ ਈਓ ਖਿਲਾਫ਼ ਮੋਰਚਾ ਖੋਲ੍ਹ ਦਿੱਤਾ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਵਾਰਡ ਨੰਬਰ 8 ਅੰਦਰ ਇੰਟਰਲਾਕ ਟਾਇਲਾਂ ਦੇ ਕੰਮਾਂ ਦਾ ਟੈਂਡਰ ਹੋ ਚੁੱਕਾ ਹਨ ਅਤੇ ਇੰਟਰਲਾਕ ਟਾਇਲਾਂ ਪਹੁੰਚ ਵੀ ਗਈਆਂ ਸਨ। ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੇਰੇ ਵਾਰਡ ਚ ਕੰਮ ਚਾਲੂ ਨਹੀਂ ਕੀਤੇ ਗਏ। ਉਹਨਾ ਕਿਹਾ ਕਿ ਕੁੱਝ ਸਮਾਂ ਪਹਿਲਾਂ ਧਨੌਲਾ ਅੰਦਰ ਸੀਵਰੇਜ ਦੀ ਸਫ਼ਾਈ ਲਈ ਸੁਪਰ ਸੈਕਸ਼ਨ ਮਸ਼ੀਨਾਂ ਲਿਆਂਦੀਆਂ ਗਈਆਂ ਸਨ। ਕੁੱਝ ਵਾਰਡਾਂ ਦੀ ਸਫਾਈ ਹੋ ਜਾਣ ਤੋਂ ਬਾਅਦ ਜਦੋਂ ਵਾਰਡ ਨੰਬਰ 8 ਦੀ ਵਾਰੀ ਆਈ ਤਾਂ ਇਹ ਕਿਹਾ ਗਿਆ ਕਿ ਮਸ਼ੀਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਆ ਗਈ ।
ਪਰ ਜਦੋਂ ਹੁਣ ਮਸ਼ੀਨਾਂ ਵਾਪਿਸ ਆਈਆਂ ਤਾਂ ਮੇਰੇ ਵਾਰਡ ਦੀ ਬਜਾਏ ਕਿਸੇ ਹੋਰ ਵਾਰਡ ਅੰਦਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮੇਰੇ ਵਾਰਡ ਨਾਲ ਕੰਮਾਂ ਨੂੰ ਲੈ ਕੇ ਕੀਤੀ ਜਾ ਰਹੀ ਵਿਤਕਰੇਬਾਜੀ ਦਾ ਇਹ ਮਾਮਲਾ ਮੈਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰਨਾਂ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ, ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਹਨਾ ਦੇ ਵਾਰਡ ਦੇ ਕੰਮਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐੱਸਡੀ ਸ੍ਰੀ ਹਸਨਪ੍ਰੀਤ ਭਾਰਦਵਾਜ ਨੂੰ ਨਿੱਜੀ ਤੌਰ ਤੇ ਮਿਲ ਕੇ ਵੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ , ਜਿੰਨਾਂ ਨੇ ਮੌਕੇ ਤੇ ਹੀ ਈਓ ਨੂੰ ਫੋਨ ਕਰਕੇ ਵਾਰਡ ਨੰਬਰ 8 ਦੇ ਰੁਕੇ ਕੰਮ ਤੁਰੰਤ ਸ਼ੁਰੂ ਕਰਨ ਲਈ ਕਿਹਾ ਗਿਆ ਸੀ। ਪਰੰਤੂ ਓਐਸਡੀ ਦੇ ਕਹਿਣ ਦੇ ਬਾਵਜੂਦ ਈਓ ਨੇ ਮੇਰੇ ਵਾਰਡ ਦੇ ਕੰਮ ਹਾਲੇ ਤੱਕ ਚਾਲੂ ਨਹੀਂ ਕਰਵਾਏ । ਮੁੰਦਰੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਕੌਂਸਲਰ ਹਾਂ ,ਪਰ ਆਪਣੀ ਸਰਕਾਰ ਹੋਣ ਦੇ ਬਾਵਜੂਦ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਜਦਕਿ ਕੌਂਸਲ ਦੇ ਕੁੱਝ ਅਹੁਦੇਦਾਰ’ ਚੰਮ ਦੀਆਂ ਚਲਾਉਂਦੇ ਹਨ। ਮੁੰਦਰੀ ਨੇ ਬਿਨਾਂ ਕਿਸੇ ਦਾ ਨਾਂ ਲੈਂਦਿਆਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਖੁਦਾ ਬਣੇ ਬੈਠੇ ਵਿਅਕਤੀ ਨਗਰ ਕੌਂਸਲ ਦੀਆਂ ਥਾਵਾਂ ਤੇ ਕਥਿਤ ਤੌਰ ਤੇ ਨਜਾਇਜ਼ ਕਬਜ਼ੇ ਕਰਵਾ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਪਰ ਕਿਸੇ ਵੀ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵਲੋਂ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।। ਉਹਨਾਂ ਕਿਹਾ ਅਤੇ ਕਿ ਮੈਂ ਸ਼ੁਰੂ ਤੋਂ ਹੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਆ ਰਿਹਾ ਹਾਂ ਤੇ ਅੱਗੇ ਵੀ ਅਵਾਜ ਬੁਲੰਦ ਕਰਦਾ ਰਹਾਂਗਾ ।
ਈ.ਓ ਨੇ ਕਿਹਾ 

ਨਗਰ ਕੌਂਸਲ ਦੇ ਈਓ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਪਹਿਲਾਂ ਸ਼ਹਿਰ ਦੇ ਮੇਨ ਸੀਵਰੇਜ ਦੀ ਸਫ਼ਾਈ ਹੋ ਰਹੀ ਹੈ ਅਤੇ ਬ੍ਰਾਂਚਾ ਦੀ ਸਫਾਈ ਬਾਅਦ ਵਿੱਚ ਹੋਵੇਗੀ। ਵਰਮਾ ਨੇ ਨਜ਼ਾਇਜ਼ ਕਬਜਿਆਂ ਸੰਬੰਧੀ ਕੌਂਸਲਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਵੀ, ਉਨ੍ਹਾਂ ਨਿਰਾਧਾਰ ਕਹਿ ਕੇ ਨਕਾਰਿਆ।