ਜੜੋਂ ਵੱਢੇ ਦਰੱਖਤਾਂ ਦੇ ਹੁਣ ਮੁੱਢ ਵੀ ਪੁੱਟੇ ਤੇ ਪਰਦਾ ਪਾਉਣ ਲਈ ਲਾਤੇ ‘ਫੁੱਲਦਾਰ ਬੂਟੇ ‘
ਜੇਕਰ ਨਾ ਮਿਲਿਆ ਇੰਨਸਾਫ਼ ਤਾਂ ਖੜਕਾਵਾਂਗੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ – ਮਹੇਸ਼ ਲੋਟਾ, ਬਲਦੇਵ ਭੁੱਚਰ
ਜੇ.ਐਸ. ਚਹਿਲ, 24 ਫਰਵਰੀ (ਬਰਨਾਲਾ)
ਨਗਰ ਕੌਂਸਲ ਬਰਨਾਲਾ ਦੇ ਵਿਹੜੇ ਅੰਦਰ ਖੜ੍ਹੇ ਦਹਾਕਿਆਂ ਪੁਰਾਣੇ ਦਰੱਖਤਾਂ ਨੂੰ ‘ਛਾਂਗਣ ਦੀ ਆੜ ‘ਚ ਬਿਨਾਂ ਕਿਸੇ ਮਨਜੂਰੀ ਤੋਂ ਵੱਢੇ ਦਰੱਖਤਾਂ ਦੀ ਚੱਲ ਰਹੀ ਜਾਂਚ ਦੇ ਦਰਮਿਆਨ ਹੀ, ਦਰੱਖਤ ਵੱਢਣ ਦਾ ਫੁਰਮਾਨ ਜ਼ਾਰੀ ਕਰਨ ਵਾਲਿਆਂ ਨੇ ਹੁਣ ਦਰੱਖਤਾਂ ਦੇ ਸਬੂਤ ਮਿਟਾਉਣੇ ਸ਼ੁਰੂ ਕਰ ਦਿੱਤੇ ਹਨ। ਜਦੋਂਕਿ ਕੌਂਸਲ ਦੀ ਰਿਪੋਰਟ ਮਿਲਣ ਦਾ ਇੰਤਜ਼ਾਰ ਕਰ ਰਹੇ ਆਲ੍ਹਾ ਅਧਿਕਾਰੀਆਂ ਨੇ ਮੌਕਾ ਮੁਆਇਨਾ ਕਰਨ ਲੋੜ ਹੀ ਨਹੀਂ ਸਮਝੀ। ਢਿੱਲੀ ਤੇ ਡੰਗ ਟਪਾਊ ਢੰਗ ਨਾਲ ਜ਼ਾਰੀ ਜਾਂਚ ਦਾ ਫਿਲਹਾਲ ਕੋਈ ਸਿੱਟਾ ਨਿੱਕਲਦਾ ਨਜ਼ਰ ਨਹੀਂ ਆ ਰਿਹਾ। ਸਗੋਂ ਗੈਰਕਾਨੂੰਨੀ ਕਟਾਈ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣ ਲਈ, ਦਰੱਖਤਾਂ ਦੇ ਮੁੱਢ ਵੀ ਖੁਰਦ-ਬੁਰਦ ਕਰਨ ਦਾ ਮੌਕਾ ਦਾ ਦਿੱਤਾ ਹੈ। ਵਰਨਣਯੋਗ ਹੈ ਕਿ 7 ਫਰਵਰੀ ਨੂੰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦੇ ਕਥਿਤ ਇਸ਼ਾਰੇ ਤੇ ਨਗਰ ਕੌਂਸਲ ਅੰਦਰ ਕਰੀਬ ਦੋ ਦਹਾਕਿਆਂ ਤੋਂ ਵੀ ਵਧੇਰੇ ਪੁਰਾਣੇ ਦਰੱਖਤਾਂ ਦੀ ਛੰਗਾਈ ਦੇ ਬਹਾਨੇ , ਜਿੱਥੇ ਬਹੁਤ ਸਾਰੇ ਪੁਰਾਣੇ ਦਰੱਖਤਾਂ ਦੇ ਮੋਟੇ ਡਾਹਣੇ ਵੱਢ ਕੇ ਬਿਲਕੁਲ ਰੋਡੇ ਕਰ ਦਿੱਤੇ ਸਨ। ਉੱਥੇ ਹੀ ਨਗਰ ਕੌਂਸਲ ਅੰਦਰ ਬਣੀ ਰਾਮ ਸਰੂਪ ਅਣਖੀ ਯਾਦਗਰੀ ਲਾਇਬ੍ਰੇਰੀ ਦੇ ਪਾਰਕ ਵਿੱਚੋਂ ਅਤੇ ਨਗਰ ਕੌਂਸਲ ਦਫ਼ਤਰ ਦੀ ਬਿਲਡਿੰਗ ਦੇ ਪਿਛਲੇ ਪਾਸੇ ਪਾਰਕ ਅੰਦਰੋਂ ਕੁੱਝ ਦਰੱਖ਼ਤ ਬਿਲਕੁਲ ਜੜੋਂ ਕੱਟ ਦਿੱਤੇ ਸਨ । ਜਿੰਨਾਂ ਦੀ ਨਿਸ਼ਾਨੀ ਵਜੋਂ ਮੁੱਢ ਖੜ੍ਹੇ ਸਨ, ਬਿਨਾਂ ਕਿਸੇ ਮਨਜ਼ੂਰੀ ਅਤੇ ਨਗਰ ਕੌਂਸਲ ਹਾਊਸ ਦੇ ਧਿਆਨ ਵਿੱਚ ਲਿਆਉਣ ਤੋਂ ਬਿਨਾਂ ਗੈਰ ਕਾਨੂੰਨੀ ਢੰਗ ਨਾਲ ਕੱਟੇ ਗਏ ,।ਖ਼ ਇਹਨਾ ਦਰੱਖਤਾਂ ਦਾ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ,ਕੌਂਸਲਰ, ਗੁਰਪ੍ਰੀਤ ਸਿੰਘ ਕਾਕਾ,ਕੌਂਸਲਰ ਅਜੇ ਕੁਮਾਰ, ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਕੌਂਸਲਰ ਹਰਬਖਸੀਸ਼ ਸਿੰਘ ਗੋਨੀ,ਭਾਜਪਾ ਆਗੂ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਬਰਾੜ,ਭਾਜਪਾ ਯੁਵਾ ਆਗੂ ਨੀਰਜ਼ ਕੁਮਾਰ ਜਿੰਦਲ ਆਦਿ ਵਲੋਂ ਮੌਕੇ ਤੇ ਪਹੁੰਚ ਕੇ ਇਸਦਾ ਵਿਰੋਧ ਕੀਤਾ ਗਿਆ ਸੀ ਅਤੇ ਦਰੱਖਤਾਂ ਦੀ ਇਸ ਗੈਰਕਾਨੂੰਨੀ ਕਟਾਈ ਖਿਲਾਫ਼ ਮਹੇਸ਼ ਕੁਮਾਰ ਲੋਟਾ, ਕਾਂਗਰਸੀ ਆਗੂ ਬਲਦੇਵ ਸਿੰਘ ਭੁੱਚਰ, ਵਾਤਾਵਰਨ ਪ੍ਰੇਮੀ ਅਤੇ ‘ਕੰਪੇਨ ਅੰਗੇਸ਼ਟ ਕਰੱਪਸ਼ਨ ‘ ਦੇ ਕੌਮੀ ਪ੍ਰਧਾਨ ਬੇਅੰਤ ਸਿੰਘ ਬਾਜਵਾ ਆਦਿ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸੰਬੰਧਿਤ ਹੋਰਨਾਂ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤਾਂ ਭੇਜ ਕੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਪਰ ਇਸ ਮਾਮਲੇ ਨੂੰ ਦਬਾਉਣ ਲਈ ਨਗਰ ਕੌਂਸਲ ਅਧਿਕਾਰੀਆਂ ਵਲੋਂ ਵਿਰੋਧ ਕਰਨ ਵਾਲੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਤਹਿਤ ਉਕਤ ਆਗੂਆਂ ਵਿੱਚੋਂ ਕੁੱਝ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦੇ ਕੇ ਉਹਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਮਾਮਲਾ ਭਖਦਾ ਦੇਖ ਦਰੱਖਤਾਂ ਦੀ ਹੋਈ ਗੈਰ ਕਾਨੂੰਨੀ ਕਟਾਈ ਦੀ ਚੱਲੀ ਵਿਭਾਗੀ ਜਾਂਚ ਤੋਂ ਬਾਅਦ ਨਗਰ ਕੌਂਸਲ ਅਧਿਕਾਰੀਆਂ ਵਲੋਂ ਕੱਟੇ ਗਏ ਦਰੱਖਤਾਂ ਦੇ ਖੜੇ ਮੁੱਢ ਧਰਤੀ ਚੋਂ ਪੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮਹੇਸ਼ ਕੁਮਾਰ ਲੋਟਾ, ਬਲਦੇਵ ਸਿੰਘ ਭੁੱਚਰ ਨੇ ਕਿਹਾ ਕਿ ‘ਸੀ ਕਲਾਸ’ ਦੇ ਈ ਓ ਵਲੋਂ ‘ਏ ਕਲਾਸ’ ਨਗਰ ਕੌਂਸਲ ਬਰਨਾਲਾ ਅੰਦਰ ਜਿੱਥੇ ਹੋਰਨਾ ਕੰਮਾਂ ਵਿੱਚ ਮਨਮਰਜ਼ੀਆਂ ਕਰਕੇ ਨਗਰ ਕੌਂਸਲ ਨੂੰ ਤਬਾਹ ਕੀਤਾ ਜਾ ਰਿਹਾ। ਉੱਥੇ ਹੀ ਨਗਰ ਕੌਂਸਲ ਦੇ ਵਿਹੜੇ ਦਾ ਸ਼ਿੰਗਾਰ ਦਹਾਕਿਆਂ ਪੁਰਾਣੇ ਦਰੱਖਤਾਂ ਨੂੰ ਗੈਰਕਾਨੂੰਨੀ ਢੰਗ ਨਾਲ ਕੱਟ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ ਗਿਆ ਹੈ।ਉਹਨਾ ਕਿਹਾ ਕਿ ਉਹਨਾ ਵਲੋਂ ਕੀਤੀਆਂ ਸ਼ਿਕਾਇਤਾਂ ਤੇ ਚੱਲ ਰਹੀ ਵਿਭਾਗੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਭਾਂਵੇ ਨਗਰ ਕੌਂਸਲ ਅਧਿਕਾਰੀਆਂ ਵਲੋਂ ਕੱਟੇ ਗਏ ਦਰੱਖਤਾਂ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਉਹਨਾਂ ਕੋਲ ਉਕਤ ਕੱਟੇ ਦਰੱਖਤਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਮੌਜੂਦ ਹਨ। ਉਨਾਂ ਕਿਹਾ ਕਿ ਜੇਕਰ ਬਰਨਾਲਾ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਮਾਨਯੋਗ ਅਦਾਲਤ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਨੂੰ ਮਜਬੂਰ ਹੋਣਗੇ।