ਐੱਸ.ਐਸ.ਡੀ ਕਾਲਜ ਬਰਨਾਲ਼ਾ ਨੇ ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ਮਾਂ ਬੋਲੀ ਪੰਜਾਬੀ ਲਈ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ
ਪਰਦੀਪ ਕਸਬਾ, ਬਰਨਾਲ਼ਾ, 21 ਫਰਵਰੀ 2023
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐੱਸ ਐੱਸ.ਡੀ ਕਾਲਜ ਬਰਨਾਲਾ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧ ਵਿੱਚ ਮਾਂ ਬੋਲੀ ਪੰਜਾਬੀ ਬਾਰੇ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਂ ਬੋਲੀ ਦਾ ਰੁਤਬਾ ਵੀ ਮਾਂ ਦੇ ਬਰਾਬਰ ਹੀ ਹੁੰਦਾ ਹੈ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆਂ ਦੇ ਪੰਦਰਾਂ ਕਰੋੜ ਲੋਕ ਪੰਜਾਬੀ ਬੋਲਦੇ ਹਨ ਐਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਕਿਹਾ ਕਿ ਭਾਵੇਂ ਦੁਨਿਆਵੀ ਤੌਰ ‘ਤੇ ਵਿਚਰਦਿਆਂ ਸਾਨੂੰ ਬਹੁਤ ਸਾਰੀਆਂ ਜ਼ਬਾਨਾਂ ਸਿੱਖਣੀਆਂ ਪੈਂਦੀਆਂ ਹਨ ਪਰ ਮਾਂ ਬੋਲੀ ਸਭ ਤੋਂ ਸਿਰਮੌਰ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਾਂ ਬੋਲੀ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਕਿਹਾ ਕਿ ਜੋ ਗਿਆਨ ਮਾਂ-ਬੋਲੀ ਵਿਚ ਹਾਸਲ ਹੁੰਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੋ ਸਕਦਾ। ਕਾਲਜ ਦੇ ਡੀਨ ਨੀਰਜ ਸ਼ਰਮਾ ਨੇ ਵੀ ਮਾਂ ਬੋਲੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਇਸ ਮੌਕੇ ਪ੍ਰੋਫੈਸਰ ਹਰਪ੍ਰੀਤ ਕੌਰ ਨੇ ‘ਕੌਮਾਂਤਰੀ ਮਾਂ ਬੋਲੀ ਦਿਵਸ’ ਦੇ ਇਤਿਹਾਸ ਸਬੰਧੀ ਦੱਸਦਿਆਂ ਕਿਹਾ ਤੇ ਜਦੋਂ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਹੈ ਤਾਂ ਬੰਗਾਲ ਦਾ ਵੱਡਾ ਹਿੱਸਾ ਪੂਰਬੀ ਪਾਕਿਸਤਾਨ ਵਿਚ ਚਲਾ ਗਿਆ। ਪਾਕਿਸਤਾਨ ਦੀ ਹਕੂਮਤ ਨੇ ਉਥੇ ਜਬਰਦਸਤੀ ਉਰਦੂ ਭਾਸ਼ਾ ਲਾਗੂ ਕਰ ਦਿੱਤੀ ਤਾਂ ਉਥੋਂ ਦੇ ਬੰਗਾਲੀ ਲੋਕਾਂ ਵੱਲੋਂ ਇਸ ਦਾ ਜਬਰਦਸਤ ਕਰਦਿਆਂ ਥਾਂ ਥਾਂ ਰੈਲੀਆਂ, ਮੁਜਾਹਰੇ ਕੀਤੇ ਗਏ । ਇਸੇ ਕਿਸਮ ਦੇ ਇੱਕ ਰੋਸ ਵਿਖਾਵੇ ਉਪਰ 21 ਫਰਵਰੀ 1952 ਨੂੰ ਢਾਕਾ ਦੇ ਮੈਡੀਕਲ ਕਾਲਜ ਹੋਸਟਲ ਦੇ ਨੇੜੇ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਵਿੱਚ ਢਾਕਾ ਯੂਨੀਵਰਸਟੀ ਦੇ ਤਿੰਨ ਵਿਦਿਆਰਥੀਆਂ ਸਮੇਤ ਕਈ ਲੋਕ ਮਾਰੇ ਗਏ।
ਮਾਰੇ ਗਏ ਇਹਨਾਂ ਲੋਕਾਂ ਨੂੰ ਮਾਂ ਬੋਲੀ ਦੇ ਸਹੀਦਾਂ ਦਰਜਾ ਦਿੱਤਾ ਗਿਆ ਇਸ ਤੋਂ ਬਾਅਦ ਇਹ 21 ਫਰਵਰੀ ਦਾ ਦਿਨ ਉਸ ਵੇਲੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦਿਵਸ ਬਣ ਗਿਆ, ਜਦੋਂ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਨੇ 17 ਨਵੰਬਰ, 1999 ਵਿੱਚ ਪਾਸ ਕੀਤੇ ਗਏ ਇੱਕ ਮਤੇ ਰਾਹੀਂ 21 ਫਰਵਰੀ ਨੂੰ ‘ਕੌਮਾਂਤਰੀ ਮਾਂ-ਬੋਲੀ ਦਿਵਸ’ ਵਜੋਂ ਐਲਾਨ ਦਿੱਤਾ। ਇਸ ਉਪਰੰਤ 21 ਫਰਵਰੀ ਦਾ ਦਿਨ ਪੂਰੀ ਦੁਨੀਆਂ ਵਿਚ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਗੀਤ, ਗਜ਼ਲਾਂ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ। ਇਸ ਸਮਾਗਮ ਵਿੱਚ ਕੋਆਡੀਨੇਟਰ ਮੁਨੀਸ਼ੀ ਦੱਤ ਸ਼ਰਮਾ, ਪ੍ਰੋਫ਼ੈਸਰ ਸੁਨੀਤਾ ਗੋਇਲ, ਪ੍ਰੋ: ਸੀਮਾ ਰਾਣੀ, ਪ੍ਰੋ: ਸੁਖਜੀਤ ਕੋਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਵੀਰਪਾਲ ਕੌਰ, ਪ੍ਰੋ: ਪੁਸ਼ਪਿੰਦਰ ਸਿੰਘ ਉਪਲ, ਪਰਵਿੰਦਰ ਕੌਰ, ਪ੍ਰੋ: ਕਰਨੈਲ ਸਿੰਘ ਆਦਿ ਨੇ ਵੀ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ।