ਹਰਿੰਦਰ ਨਿੱਕਾ , ਪਟਿਆਲਾ 31 ਜਨਵਰੀ 2023
ਯਾਰੀ ਲੱਗੀ ਤੋਂ ਲੁਆ ਦਿੱਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ,,ਜੀ ਹਾਂ, ਬਿਲਕੁਲ ਅਜਿਹਾ ,ਉਦੋਂ ਵਾਪਰਿਆ, ਜਦੋਂ ਲਿਵ-ਇਨ-ਰਿਲੇਸ਼ਨ ‘ਚ ਰਹਿ ਰਹੀ ਇੱਕ ਔਰਤ ਦੇ ਦਿਲਬਰ ਨੇ ਉਸ ਦੇ ਘਰ ਅੰਦਰ ਵੜ੍ਹਕੇ, ਘਰ ਦਾ ਕੀਮਤੀ ਸਮਾਨ ਅਤੇ ਕੁੱਝ ਨਗਦੀ ਸਾੜ ਕੇ ਸੁਆਹ ਕਰ ਦਿੱਤੀ। ਪੁਲਿਸ ਨੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਮਲੇਰਕੋਟਲਾ ਜਿਲ੍ਹੇ ਦੇ ਇੱਕ ਪਿੰਡ ਦੀ ਮੂਲਵਾਸੀ ਤੇ ਹੁਣ ਘੁੰਮਣ ਨਗਰ ਸਰਹਿੰਦ ਰੋਡ ਪਟਿਆਲਾ ਵਿਖੇ ਰਹਿੰਦੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਗੁਰਧਿਆਨ ਸਿੰਘ ਵਾਸੀ ਪਿੰਡ ਚੱਠਾ , ਥਾਣਾ ਸਦਰ ਨਾਭਾ ਨਾਲ ਲਵ-ਇਨ ਰਿਲੈਸ਼ਨਸਿ਼ਪ ਵਿੱਚ ਰਹਿ ਰਹੀ ਸੀ। ਗੁਰਧਿਆਨ ਸਿੰਘ ਦੋ ਦਿਨ ਪਹਿਲਾਂ ਸਵੇਰੇ ਕਰੀਬ 12 ਵਜੇ, ਨੁਕਸਾਨ ਪੁਹੰਚਾਉਣ ਦੀ ਨਿਯਤ ਨਾਲ ਸ਼ਕਾਇਤਕਰਤਾ ਦੇ ਘਰ ਆਇਆ ਅਤੇ ਘਰ ਅੰਦਰ ਪਏ ਸਮਾਨ ਨੂੰ ਅੱਗ ਲਗਾ ਕੇ ਮੋਕਾ ਤੋ ਫਰਾਰ ਹੋ ਗਿਆ। ਘਰ ਅੰਦਰ ਪਿਆ ਲੈਪਟਾਪ, ਪ੍ਰੋਜੈਕਟਰ, ਏ.ਸੀ, ਪਾਸਪੋਰਟ, 02 ਮੋਬਾਇਲ, 45 ਹਜਾਰ ਰੁਪਏ ਨਗਦੀ ਅਤੇ ਹੋਰ ਸਮਾਨ ਸੜਕੇ ਸੁਆਹ ਹੋ ਗਿਆ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਗੁਰਧਿਆਨ ਸਿੰਘ ਦੇ ਖਿਲਾਫ U/S 436,458 IPC ਤਹਿਤ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।







