ਕੰਪੇਨ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਬੇਅੰਤ ਬਾਜਵਾ ਦੀ ਸ਼ਕਾਇਤ ਤੋਂ ਬਾਅਦ ਹਰਕਤ ‘ਚ ਆਈ ਸਰਕਾਰ
ਐਡੀਸ਼ਨ ਚੀਫ ਸੈਕਟਰੀ (ਗ੍ਰਹਿ) ਵਿਭਾਗ ਪੰਜਾਬ ਨੂੰ ਸੌਂਪੀ ਕਲੋਨਾਈਜਰਾਂ ਨੂੰ ਫਾਇਦਾ ਪਹੁੰਚਾਉਣ ਦੇ ਮਾਮਲੇ ਦੀ ਜਾਂਚ
ਜੇ.ਐਸ. ਚਹਿਲ, ਬਰਨਾਲਾ 24 ਜਨਵਰੀ 2023
ਲੰਘੇ ਕੁੱਝ ਸਮੇਂ ਤੋਂ ਤਹਿਸੀਲ ਅੰਦਰ ਚੱਲ ਰਹੇ, ਕਥਿਤ ਭ੍ਰਿਸ਼ਟਾਚਾਰ ਦੀ ਚਰਚਾ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਤਹਿਸੀਲਦਾਰ ਦਿਵਿਆ ਸਿੰਗਲਾ ਦੇ ਕਾਰਨਾਮਿਆਂ ਦੀ ਤੁਰੰਤ ਪ੍ਰਭਾਵ ਨਾਲ ਜਾਂਚ ਸ਼ੁਰੂ ਕਰਨ ਲਈ ਹੁਕਮ ਜ਼ਾਰੀ ਕਰ ਦਿੱਤਾ ਹੈ। ਇਹ ਜਾਂਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੂੰ ਸੌਂਪੀ ਗਈ ਹੈ। ਪੱਤਰਕਾਰਾਂ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ‘ਕੰਪੇਨ ਅੰਗੇਸਟ ਕੁਰੱਪਸ਼ਨ ਹਿੰਦੋਸਤਾਨ’ ਦੇ ਕੌਮੀ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਤਹਿਸੀਲਦਾਰ ਬਰਨਾਲਾ ਵਲੋਂ ਸਰਕਾਰੀ ਖਜ਼ਾਨੇ ਨੂੰ ਕਥਿਤ ਤੌਰ ਤੇ ਢਾਹ ਲਾਉਂਦਿਆਂ ਕਾਲੋਨਾਈਜ਼ਰਾਂ ਨੂੰ ਦਿੱਤੇ ਜਾ ਰਹੇ ਨਿੱਜੀ ਲਾਭ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ, ਡੀਸੀ ਬਰਨਾਲਾ, ਐੱਫ.ਸੀ.ਆਰ ਪੰਜਾਬ ਆਦਿ ਨੂੰ ਲਿਖਤੀ ਸ਼ਿਕਾਇਤ ਪਾਈ ਸੀ । ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲੈਂਦਿਆ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੂੰ ਈਮੇਲ ਭੇਜ ਕੇ ਜਾਂਚ ਕਰਨ ਉਪਰੰਤ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਨੂੰ ਵੀ ਇਸ ਕਾਰਵਾਈ ਲਈ ਜਾਰੀ ਹੋਏ ਹੁਕਮ ਦੀ ਈਮੇਲ ਪ੍ਰਾਪਤ ਹੋਈ ਹੈ।
ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਤਹਿਸੀਲਦਾਰ ਬਰਨਾਲਾ ਵਲੋਂ ਸਥਾਨਕ ਕਾਲੋਨਾਈਜ਼ਰਾਂ ਤੋਂ ਕਥਿਤ ਤੌਰ ਤੇ ‘ਸੁਕਰਾਨੇ’ ਲੈ ਕੇ ਆਪਣੇ ਨੇੜਲੇ ਰਿਸ਼ਤੇਦਾਰਾਂ ਦੇ ਨਾਮ ਤੇ ਕਾਫ਼ੀ ਚੱਲ-ਅਚੱਲ ਜਾਇਦਾਦ ਬਣਾਏ ਜਾਣ ਦੀ ਵੀ ਚਰਚਾ ਹੈ । ਇਸ ਸੰਬੰਧੀ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਤਹਿਸੀਲਦਾਰ ਵਲੋਂ ਨਿੱਜੀ ਅਤੇ ਆਪਣੇ ਰਿਸ਼ਤੇਦਾਰਾਂ ਤੇ ਨਾਮ ਤੇ ਖ਼ਰੀਦੀ ਜਾਇਦਾਦ ਦੀ ਜਾਂਚ ਲਈ ਵੀ ਇਨਕਮ ਟੈਕਸ ਵਿਭਾਗ, ਇਨਫੋਰਸਮੈਂਟ ਵਿਭਾਗ ਅਤੇ ਕੇਂਦਰੀ ਅਦਾਰਿਆਂ ਨੂੰ ਜਾਂਚ ਲਈ ਲਿਖਿਆ ਜਾ ਰਿਹਾ ਹੈ।