2 ਘੰਟਿਆਂ ਤੋਂ ਚੱਲ ਰਹੀ ਹੈ ਜਾਂਚ, ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਮੌਕੇ ਤੇ ਪਹੁੰਚੇ
FCI ਖਰੀਦ, ਸਟੋਰਜ ਤੇ ਵੰਡ ਘੁਟਾਲੇ ਦੀਆਂ ਤਾਰਾਂ ਬਰਨਾਲਾ ‘ਚ ਵੀ ਜੁੜੀਆਂ !
ਹਰਿੰਦਰ ਨਿੱਕਾ , ਬਰਨਾਲਾ 12 ਜਨਵਰੀ 2023
ਸੀਬੀਆਈ ਦੁਆਰਾ ਲੰਘੇ ਦਿਨ ਲੱਖਾਂ ਰੁਪਏ ਸਣੇ ਗਿਰਫਤਾਰ ਕੀਤੇ ਐਫ.ਸੀ.ਆਈ. ਦੇ ਡੀ.ਜੀ.ਐਮ. ਰਾਜੀਵ ਮਿਸ਼ਰਾ ਦੇ ਕੇਸ ਦੀਆਂ ਤਾਰਾਂ ਬਰਨਾਲਾ ਦੇ ਰਹਿਣ ਵਾਲੇ ਅਤੇ ਸ਼ੈਲਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਨਾਲ ਵੀ ਜੁੜ ਗਈਆਂ ਹਨ। ਇਸ ਦੀ ਘੋਖ ਪੜਤਾਲ ਲਈ ਅੱਜ ਬਾਅਦ ਦੁਪਿਹਰ ਸੀਬੀਆਈ ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਨੂੰ ਲੈ ਕੇ ਸੰਜੀਵ ਕੁਮਾਰ ਸ਼ੈਲੀ ਦੇ ਘਰ ਰੇਡ ਕੀਤੀ। ਪਤਾ ਲੱਗਿਆ ਹੈ ਕਿ ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਬਰਨਾਲਾ ‘ਚ ਰੇਡ ਕਰਨ ਤੋਂ ਪਹਿਲਾਂ ਬਕਾਇਦਾ ਥਾਣਾ ਸਿਟੀ 1 ਬਰਨਾਲਾ ਵਿਖੇ ਸੂਚਨਾ ਦਿੱਤੀ ਅਤੇ ਉੱਥੋਂ ਮਹਿਲਾ ਹੈਡਕਾਂਸਟੇਬਲ ਕਮਲਜੀਤ ਕੌਰ ਨੂੰ ਨਾਲ ਵੀ ਲਿਆ। ਇਸ ਦੀ ਭਿਣਕ ਪੈਂਦਿਆਂ ਹੀ ਸ਼ੈਲਰ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਵੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਹੁੰਚ ਗਏ। ਖਬਰ ਲਿਖੇ ਜਾਣ ਤੱਕ ਸੀਬੀਆਈ ਦੀ ਟੀਮ ਸ਼ੈਲੀ ਦੇ ਘਰ ਪਏ ਵੱਖ ਵੱਖ ਦਸਤਾਵੇਜਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਸ਼ੈਲੀ ਪ੍ਰਧਾਨ ਤੋਂ ਮਿਸ਼ਰਾ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਅਤੇ ਉਸ ਦੇ ਘਰ ਪਏ ਦਸਤਾਵੇਜਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮਿਸ਼ਰਾ ਦੇ ਵਹੀ ਖਾਤੇ ਵਿੱਚ ਸ਼ੈਲੀ ਦਾ ਨਾਂ ਵੀ ਬੋਲਦਾ ਹੈ। ਸੀਬੀਆਈ ਟੀਮ ਨੇ ਮੀਡੀਆ ਨੂੰ ਫਿਲਹਾਲ ਕੁੱਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਸੀਬੀਆਈ ਨੇ ਲੰਘੇ ਮੰਗਲਵਾਰ ਇੱਕ ਵੱਡੀ ਫਰਮ ਦੇ ਮਾਲਿਕ ਰਵਿੰਦਰ ਸਿੰਘ ਖਹਿਰਾ ਨੂੰ ਗਿਰਫਤਾਰ ਕੀਤਾ ਸੀ, ਉਸ ਦੀ ਪੁੱਛਗਿੱਛ ਤੋਂ ਬਾਅਦ ਬੁੱਧਵਾਰ ਨੂੰ ਐਫ.ਸੀ.ਆਈ. ਦੇ ਡਿਪਟੀ ਜਰਨਲ ਮੈਨੇਜਰ ਡੀਜੀਐਮ ਰਾਜੀਵ ਮਿਸ਼ਰਾ ਨੂੰ ਕਾਬੂ ਕਰਕੇ, ਉਸ ਦੇ ਘਰੋਂ 80 ਲੱਖ ਦੇ ਕਰੀਬ ਦੀ ਰਾਸ਼ੀ ਵੀ ਬਰਾਮਦ ਕਰ ਲਈ ਸੀ। ਮਿਸ਼ਰਾ ਤੇ ਦੋਸ਼ ਹੈ ਕਿ ਉਹ ਘਟੀਆ ਗੁਣਵੱਤਾ ਵਾਲੇ ਅਨਾਜ ਦੀ ਸਪਲਾਈ ਵਿੱਚ ਸ਼ਾਮਿਲ ਐਫਸੀਆਈ ਅਧਿਕਾਰੀਆਂ (ਤਕਨੀਕੀ ਸਹਾਇਕ ਅਤੇ ਈਡੀ-ਪੱਧਰ ਦੇ ਅਧਿਕਾਰੀ), ਅਨਾਜ ਵਪਾਰੀਆਂ, ਮਿੱਲਰਾਂ ਸਮੇਤ ਅਨਾਜ ਵੰਡ ਦੇ ਨਾਪਾਕ ਗਠਜੋੜ ਦੇ ਸਬੰਧ ਵਿੱਚ ਸ਼ਾਮਿਲ ਹੈ। ਸੀਬੀਆਈ ਨੇ ਇਸ ਸਬੰਧੀ 50 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਹੈ।