ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ
ਅਸ਼ੋਕ ਵਰਮਾ ਬਠਿੰਡਾ ,17 ਮਈ 2020
ਕੇਂਦਰੀ ਜੇਲ ਬਠਿੰਡਾ ‘ਚ ਬੰਦ ਗੈਂਗਸਟਰ ਨਵਦੀਪ ਚੱਠਾ ‘ਤੇ ਅੱਜ ਹਮਲਾ ਕਰ ਦਿੱਤਾ ਗਿਆ ਹੈ। ਹਮਲਾਵਾਰਾਂ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ ਚੱਠਾ ਦੀਆਂ ਲੱਤਾਂ ਤੇ ਬਾਹਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਗੰਭੀਰ ਜ਼ਖਮੀ ਹਾਲਤ ‘ਚ ਨਵਦੀਪ ਚੱਠਾ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਲਈ ਲਿਆਂਦਾ ਗਿਆ ਹੈ। ਬਠਿੰਡਾ ਪੁਲਿਸ ਨੇ5 ਅਕਤੂਬਰ 2016 ਨੂੰ ਪੰਜਾਬ-ਹਰਿਆਣਾ ਹੱਦ ‘ਤੇ ਗੈਂਗਸਟਰਾਂ ਦੀ ਤਿੱਕੜੀ ਨਾਲ ਮੁਕਾਬਲੇ ਦੌਰਾਨ ਸੇਖੋਂ-ਗੌਂਡਰ ਗੈਂਗ ਦੇ ਗੈਂਗਸਟਰ ਨਵਦੀਪ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂ ਕਿ ਦੋ ਗੈਂਗਸਟਰ ਹਨੇਰੇ ਵਿੱਚ ਫਰਾਰ ਹੋ ਗਏ ਸਨ। ਪੁਲੀਸ ਨੇ ਚੱਠਾ ਤੋਂ ਵਿਦੇਸ਼ੀ ਹਥਿਆਰ ਸਮੇਤ ਹੋਰ ਅਸਲਾ ਵੀ ਬਰਾਮਦ ਕੀਤਾ ਸੀ। ਹਰਿਆਣਾ ਦੇ ਵਸਨੀਕ ਇਸ ਗੈਂਗਸਟਰ ਖਿਲਾਫ ਕਈ ਸੂਬਿਆਂ ਵਿੱਚ 15 ਦੇ ਕਰੀਬ ਕੇਸ ਦਰਜ ਹਨ ਅਤੇ ਪੁਲਿਸ ਮੁਤਾਬਕ ਉਹ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ ਗਰੋਹ ਦਾ ਅਹਿਮ ਮੈਂਬਰ ਹੈ।
ਹਸਪਤਾਲ ਲਿਆਂਦੇ ਜਾਣ ਤੋਂ ਬਾਅਦ ਉਸ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਜਿਲ੍ਹਾ ਪੁਲਿਸ ਵੱਲੋਂ ਇੱਕ ਦਰਜਨ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਥਾਣਾ ਕੈਂਟ ਪੁਲਿਸ ਮਾਮਲੇ ਦੀ ਤਫਤੀਸ਼ ‘ਚ ਜੁਟ ਗਈ ਹੈ। ਗੰਭੀਰ ਜਖਮੀ ਹੋਣ ਕਾਰਨ ਚੱਠਾ ਦੇ ਬਿਆਨ ਨਹੀਂ ਦਰਜ ਕੀਤੇ ਜਾ ਸਕੇ ਹਨ। ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਚੱਠਾ ਦਾ ਇਲਾਜ਼ ਸ਼ੁਰੁ ਕਰ ਦਿੱਤਾ ਗਿਆ ਹੈ ਪਰ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਡਾ. ਖੁਸ਼ਦੀਪ ਸਿੰਘ ਦਾ ਕਹਿਣਾ ਸੀ ਕਿ ਜੇਲ ‘ਚ ਲੜਾਈ ਹੋਣ ਦੇ ਬਾਅਦ ਨਵਦੀਪ ਸਿੰਘ ਚੱਠਾ ਨੂੰ ਇਲਾਜ ਲਈ ਲਿਆਂਦਾ ਹੈ ਜਿਸ ਦਾ ਉਹ ਇਲਾਜ ਕਰ ਰਹੇ ਹਨ।
ਦੱਸਿਆ ਜਾਂਦਾ ਹੈ ਕਿ ਕੁੱਟਮਾਰ ਕਾਰਨ ਚੱਠਾ ਦੀਆਂ ਲੱਤਾਂ ਤੇ ਬਾਹਾਂ ‘ਤੇ ਵੀ ਪਲਸਤਰ ਲੱਗਿਆ ਹੋਇਆ ਹੈ। ਹਾਲਾਂਕਿ ਸਿੱਧੇ ਤੌਰ ਤੇ ਕੋਈ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਸੂਤਰ ਦੱਸਦੇ ਹਨ ਕਿ ਚੱਠਾ ਦੀਆਂ ਅੱਧੀ ਦਰਜਨ ਤੋਂ ਵੱਧ ਹੱਡੀਆਂ ਟੁੱਟੀਆਂ ਹਨ। ਸੂਤਰਾਂ ਅਨੁਸਾਰ ਇਲਾਜ ਕਰ ਰਹੇ ਡਾਕਟਰਾਂ ਨੂੰ ਸ਼ੱਕ ਹੈ ਕਿ ਚੱਠਾ ਦੇ ਅੰਦਰੂਨੀ ਚੋਟਾਂ ਵੀ ਹੋ ਸਕਦੀਆਂ ਹਨ ਜਿਸ ਕਰਕੇ ਐਕਸਰੇ ਕਰਵਾਇਆ ਗਿਆ ਹੈ ਜਦੋਂਕਿ ਐਮਆਰਆਈ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ।
ਜੇਲ ਅਧਿਕਾਰੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਨਵਦੀਪ ਚੱਠਾ ਅਤੇ ਰਾਹੁਲ ਸੂਦ ਤੇ ਅਜੇ ਕੁਮਾਰ ਵਿਚਕਾਰ ਕੋਈ ਗੱਲਬਾਤ ਹੋਈ ਸੀ ਜਿਸ ਤੋਂ ਮਾਮਲਾ ਵਧਿਆ ਹੈ। ਉਹਨਾ ਦੱਸਿਆ ਕਿ ਅੱਜ ਸਵੇਰੇ ਇਹਨਾਂ ਦੋਵਾਂ ਵੱਲੋਂ ਚੱਠਾ ਦੀ ਕੁੱਟਮਾਰ ਕੀਤੀ ਗਈ ਹੈ ਜਿਸ ‘ਚ ਉਹ ਜ਼ਖਮੀ ਹੋ ਗਿਆ। ਉਹਨਾਂ ਦੱਸਿਆ ਕਿ ਨਵਦੀਪ ਚੱਠਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਥਾਣਾ ਕੈਂਟ ਪੁਲਿਸ ਨੂੰ ਕਾਰਵਾਈ ਲਈ ਪੱਤਰ ਲਿਖ ਦਿੱਤਾ ਗਿਆ ਹੈ।
ਥਾਣਾ ਕੈਂਟ ਦੇ ਏਐੱਸਆਈ ਬਿੰਦਰ ਸਿੰਘ ਦਾ ਕਹਿਣਾ ਸੀ ਕਿ ਨਵਦੀਪ ਚੱਠਾ ਕਤਲ ਦੇ ਮਾਮਲੇ ‘ਚ ਬਠਿੰਡਾ ਜੇਲ ‘ਚ ਬੰਦ ਹੈ । ਉਹਨਾਂ ਦੱਸਿਆ ਕਿ ਉਸ ਦੀ ਅੱਜ ਜੇਲ ਅੰਦਰ ਬੰਦ ਅਜੇ ਤੇ ਰਾਹੁਲ ਸੂਦ ਨੇ ਕੁੱਟਮਾਰ ਕੀਤੀ ਹੈ। ਉਹਨਾਂ ਦੱਸਿਆ ਕਿ ਚੱਠਾ ਦੇ ਹੋਸ਼ ‘ਚ ਆਉਣ ਤੇ ਉਸ ਦੇ ਬਿਆਨ ਲਏ ਜਾਣਗੇ ਜਿੰਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਏਗੀ।