15 ਸਾਲ ਤੋਂ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਬੇਰੋਜਗਾਰ ਕਰਨ ਲੱਗੀ ਆਪ ਸਰਕਾਰ!
ਆਰ ਪਾਰ ਦੀ ਵਿੱਢੀ ਲੜਾਈ , ਹੁਣ ਸਰਕਾਰ ਨਾਲ ਕਰਾਂਗੇ ਦੋ ਦੋ ਹੱਥ-ਰਮਨਪ੍ਰੀਤ ਕੌਰ ਮਾਨ
ਰਘਵੀਰ ਹੈਪੀ , ਬਰਨਾਲਾ 30 ਦਸੰਬਰ 2022
ਲੋਕਾਂ ਨੂੰ ਪੱਕਾ ਰੋਜਗਾਰ ਦੇਣ ਦਾ ਵਾਅਦਾ ਕਰਕੇ,ਸੂਬੇ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 15/15 ਵਰ੍ਹਿਆਂ ਤੋਂ ਨੌਕਰ ਕਰਦੇ ਠੇਕਾ ਮੁਲਾਜਮਾਂ ਦੀ ਨੌਕਰੀਆਂ ਖੋਹਣ ਦੇ ਵਿਰੋਧ ‘ਚ ਅੱਜ ਠੇਕਾ ਮੁਲਾਜਮਾਂ ਨੇ ਕਚਿਹਰੀ ਚੌਂਕ ਨੇੜੇ ਰੋਡ ਜਾਮ ਕਰਕੇ, ਸਰਕਾਰ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੁਲਾਜਮਾਂ ਨੇ ਡੀਸੀ ਦਫਤਰ ਬਰਨਾਲਾ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਰੋਡ ਜਾਮ ਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੀ ਕਮਾਂਡ ਕਰ ਰਹੀ ਸੂਬਾ ਆਗੂ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਬਰਨਾਲਾ ਜਿਲ੍ਹਾ ਬਣਨ ਸਮੇਂ ਆਊਟਸੋਰਸਿੰਗ ਰਾਹੀਂ 24 ਮੁਲਾਜਮ ਪੂਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਕੇ, ਭਰਤੀ ਕੀਤੇ ਸਨ। ਪਰੰਤੂ ਆਪ ਸਰਕਾਰ ਨੇ ਸਾਨੂੰ ਪੱਕਾ ਤਾਂ ਕੀ ਕਰਨਾ ਸੀ, ਉਪਰੋਂ ਸਾਨੂੰ ਨੌਕਰੀਉਂ ਫਾਰਗ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ ਤਨਖਾਹਾਂ ਤੇ ਆਪਣੀ ਉਮਰ ਦੇ ਪੰਦਰਾਂ ਸਾਲ ਸਰਕਾਰ ਦੇ ਲੇਖੇ ਲਾਉਣ ਤੋਂ ਬਾਅਦ, ਹੁਣ ਉਵਰਏਜ਼ ਹਾਲਤ ਵਿੱਚ ਬੇਰੋਗਗਾਰ ਕਰਨਾ, ਸਰਕਾਰ ਦੀ ਸਰਾਸਰ ਬੇਇਨਸਾਫੀ ਹੈ, ਜਿਸ ਨੂੰ ਠੇਕਾ ਮੁਲਾਜਮ ਚੁੱਪ ਚਾਪ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ, ਸਾਡਾ ਮਾਮਲਾ ਹੱਲ ਕਰਨ ਲਈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਤੇ ਅਧਾਰਿਤ ਕਮੇਟੀ ਕਾਇਮ ਕੀਤੀ ਹੈ। ਤਿੰਨ ਕੈਬਨਿਟ ਮੰਤਰੀਆਂ ਦੀ ਇਸ ਕਮੇਟੀ ਨੇ ਸਾਡੇ ਆਗੂਆਂ ਨਾਲ ਮੀਟਿੰਗ ਕਰਕੇ,ਭਰੋਸਾ ਦਿੱਤਾ ਸੀ ਕਿ 24 ਮੁਲਾਜਮਾਂ ਨੂੰ ਕਿਸੇ ਵੀ ਸੂਰਤ ਵਿੱਚ ਹਟਾਇਆ ਨਹੀਂ ਜਾਵੇਗਾ ਅਤੇ ਪੱਕਿਆਂ ਕਰਨ ਲਈ, ਪੈਂਦੇ ਸਾਰੇ ਕਾਨੂੰਨੀ ਅੜਿੱਕੇ ਵੀ ਦੂਰ ਕਰ ਦਿੱਤੇ ਜਾਣਗੇ। ਪਰੰਤੂ ਕੈਬਨਿਟ ਮੰਤਰੀਆਂ ਦਾ ਇਹ ਵਾਅਦਾ ਵੀ ਹਾਲੇ ਤੱਕ ਵਫਾ ਨਹੀਂ ਹੋਇਆ, ਮੁਲਾਜਮਾਂ ਦੇ ਸਿਰ ਤੇ ਨੌਕਰਿਉਂ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਹੈ। ਉਨਾਂ ਕਿਹਾ ਕਿ ਹੁਣ ਮੁਲਾਜਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ, ਅਸੀਂ ਬੱਚਿਆ ਸਮੇਤ ਪੋਹ ਦੀ ਠੰਡ ਵਿੱਚ ਪੱਕਾ ਮੋਰਚਾ ਲਾ ਦਿੱਤਾ ਹੈ। ਜਦੋਂ ਤੱਕ ਸਰਕਾਰ ਸਾਡੀ ਮੰਗ ਪੂਰੀ ਨਹੀਂ ਕਰਦੀ, ਸਾਡਾ ਸੰਘਰਸ਼ ਜ਼ਾਰੀ ਰਹੇਗਾ। ਮੋਰਚੇ ਦੇ ਆਗੂ ਸ਼ੇਰ ਸਿੰਘ ਖੰਨਾ ਅਤੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਸਿਰਫ 24 ਮੁਲਾਜਮਾਂ ਤੱਕ ਸੀਮਿਤ ਨਹੀਂ, ਸੂਬੇ ਦੇ ਸਾਰੇ ਠੇਕਾ ਮੁਲਾਜਮ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣਗੇ। ਦੋਵਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਅੰਗ ਕਰਦਿਆਂ ਕਿਹਾ ਕਿ ਮਾਨ ਸਾਬ੍ਹ ਵੋਟਾਂ ਲੈਣ ਵੇਲੇ, ਕਹਿੰਦੇ ਸੀ, ਮੇਰਾ ਹਰਾ ਪੈੱਨ ਲੋਕਾਂ ਦੇ ਹੱਕ ਵਿੱਚ ਚੱਲੇਗਾ,ਪਰੰਤੂ ਹੁਣ ਉਨ੍ਹਾਂ ਹਰਾ ਪੈੱਨ ਠੇਕਾ ਮੁਲਾਜਮਾਂ ਦੀਆਂ ਨੌਕਰੀਆਂ ਖੋਹਣ ਤੇ ਚਲਾ ਦਿੱਤਾ ਹੈ। ਉਨਾਂ ਕਿਹਾ ਕਿ ਆਪ ਸਰਕਾਰ, ਵੱਡੇ ਵੱਡੇ ਇਸ਼ਤਿਹਾਰ ਜ਼ਾਰੀ ਕਰਕੇ, ਮੁਲਾਜਮਾਂ ਨੂੰ ਪੱਕੇ ਕਰਨ ਦਾ ਢੌਂਗ ਕਰਦੀ ਹੈ, ਜਦੋਂਕਿ ਸਰਕਾਰ ਮੁਲਾਜਮ ਮਾਰੂ ਪਹੁੰਚ ਸਾਹਮਣੇ ਹੈ, ਮੁਲਾਜ਼ਮ ਨੌਕਰੀ ਖੋਹਣ ਦੇ ਖਿਲਾਫ ਸੜਕ ਤੇ ਬੈਠਣ ਲਈ ਮਜਬੂਰ ਹਨ।