ਸ਼ਹੀਦੀ ਸਮਾਰਕ ਹੁਸੈਨੀਵਾਲਾ ਨੂੰ ਜਾਂਦੀ ਸੜਕ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾਵੇਗਾ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 29 ਦਸੰਬਰ 2022:
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿੱਚ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੂਰ ਦੁਰਾਡਿਓਂ ਆਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰਨ ਤੇ ਫਿਰੋਜ਼ਪੁਰ ਖੇਤਰ ਵਿੱਚ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਸ਼ਹੀਦੀ ਸਮਾਰਕ ਹੁਸੈਨੀਵਾਲਾ ਨੂੰ ਜਾਂਦੀ ਸੜਕ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸੇ ਤਹਿਤ ਇਸ ਮਾਰਗ ਤੇ ਪੈਂਦੇ ਬਾਬਾ ਸ਼ੇਰ ਸ਼ਾਹ ਵਲੀ ਚੌਕ ਅਤੇ ਹੋਰ ਚੌਕਾਂ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਇਸ ਰਸਤੇ ਤੇ ਪੈਂਦੇ ਵੱਖ ਵੱਖ ਚੌਕਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹੀਦੀ ਸਮਾਰਕ ਨੂੰ ਜਾਂਦੀ ਸੜਕ ਨੂੰ ਰੇਲਵੇ ਸਟੇਸ਼ਨ ਹੁਸੈਨੀਵਾਲਾ ਤੱਕ ਵਿਰਾਸਤੀ ਦਿੱਖ ਦਿੱਤੀ ਜਾਣੀ ਹੈ ਅਤੇ ਇਸ ਮਾਰਗ ‘ਤੇ ਬਣੇ ਬਾਬਾ ਸ਼ੇਰ ਸ਼ਾਹ ਵਲੀ ਸਮੇਤ ਸਾਰੇ ਚੌਕਾਂ ਨੂੰ ਸੁੰਦਰ ਤੇ ਆਕਰਸ਼ਕ ਦਿੱਖ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦਰਿਆ ਸਤਲੁਜ ਦੇ ਕੰਢੇ ‘ਤੇ ਬਣੇ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਦੇ ਆਲੇ-ਦੁਆਲੇ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ। ਇੱਥੇ ਵਧੀਆ ਇੰਟਰਲੌਕਿੰਗ ਟਾਈਲਾਂ, ਗਜੀਬੋ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਸਹੂਲਤ ਸਮੇਤ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਣਗੀਆਂ। ਉਨ੍ਹਾਂ ਕਿਹਾ ਇਹ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਟੀਚਰ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੋਸਨ, ਗੁਰਬਚਨ ਸਿੰਘ ਭੁੱਲਰ, ਰਵੀ ਇੰਦਰ ਸਿੰਘ, ਜਸਵਿੰਦਰ ਪਾਲ ਸਿੰਘ, ਪ੍ਰਗਟ ਸਿੰਘ, ਈਸ਼ਵਰ ਸ਼ਰਮਾ ਤੇ ਹਿਮਾਂਸ਼ੂ ਆਦਿ ਹਾਜ਼ਰ ਸਨ।