ਸਿੱਧੂ ਮੂਸੇਵਾਲਾ ਕੇਸ -ਭਲਕੇ ਹੋਵੇਗੀ ਹਾਈਕੋਰਟ ਚ, ਐਡਵੋਕੇਟ ਰਵੀ ਜੋਸ਼ੀ ਦੀ ਪੀਆਈਐਲ ਤੇ ਸੁਣਵਾਈ !

Advertisement
Spread information

ਸਿੱਧੂ ਮੂਸੇਵਾਲਾ ਫਾਇਰਿੰਗ ਕੇਸ, ਪੁਲਿਸ ਉਡੀਕਦੀ ਰਹੀ, ਉਹ ਨਹੀਂ ਆਇਆ,,

ਸਿੱਧੂ ਨੂੰ ਆਪਣੇ ਪਿੰਡ ਹੋਣ ਤੇ ਵੀ ਨੋਟਿਸ ਤਾਮੀਲ ਕਰਵਾਉਣ ਚ, ਅਸਫਲ ਰਹੀ ਪੁਲਿਸ

ਨੋਟਿਸ ਮਿਲਣ ਦੇ ਬਾਵਜੂਦ ਨਾਮਜ਼ਦ ਦੋਸ਼ੀ 5 ਪੁਲਿਸ ਮੁਲਾਜਮ ਵੀ ਨਹੀਂ ਪਹੁੰਚੇ ਐਸਪੀ ਭਾਰਦਵਾਜ ਦੇ ਦਫਤਰ


ਹਰਿੰਦਰ ਨਿੱਕਾ ਬਰਨਾਲਾ 17 ਮਈ 2020

ਜਿਲ੍ਹੇ ਦੇ ਪਿੰਡ ਬਡਬਰ ਚ, ਕਰਫਿਊ ਦੇ ਬਾਵਜੂਦ ਏ.ਕੇ. 47 ਰਾਈਫਲ ਨਾਲ ਗੋਲੀਆਂ ਚਲਾਉਣ ਸਬੰਧੀ ਥਾਣਾ ਧਨੌਲਾ ਵਿਖੇ ਦਰਜ ਕੇਸ ਚ, ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਦੇ ਦਫਤਰ ਵੱਲੋਂ ਵਿਵਾਦਿਤ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ 8 ਹੋਰ ਸਹਿਦੋਸ਼ੀਆਂ ਨੂੰ 16 ਮਈ ਨੂੰ ਪੇਸ਼ ਹੋਣ ਲਈ ਜਾਰੀ ਕੀਤੇ ਨੋਟਿਸ ਤੇ ਵੀ ਸਿੱਧੂ ਮੂਸੇਵਾਲਾ ਨਾ ਖੁਦ ਆਇਆ ਤੇ ਨਾ ਹੀ ਕੋਈ ਹੋਰ ਨਾਮਜ਼ਦ ਦੋਸ਼ੀ ਪੇਸ਼ ਹੋਇਆ। ਬੇਸ਼ੱਕ ਪੇਸ਼ ਹੋਣ ਲਈ ਸਮਾਂ ਸਵੇਰੇ 10 ਵਜੇ ਨਿਸ਼ਚਿਤ ਸੀ, ਪਰੰਤੂ ਪੁਲਿਸ ਸਿੱਧੂ ਮੂਸੇਵਾਲੇ ਤੇ ਉਹਦੇ ਸਾਥੀਆਂ ਨੂੰ ਸ਼ਾਮ 5 ਵਜੇ ਤੱਕ ਉਡੀਕਦੀ ਰਹੀ। ਭਰੋਸੇਯੋਗ ਸੂਤਰਾਂ ਅਨੁਸਾਰ ਹਾਲੇ ਤੱਕ ਦੋਸ਼ੀਆਂ ਨੂੰ ਪੇਸ਼ ਹੋਣ ਲਈ ਕੋਈ ਨਵਾਂ ਨੋਟਿਸ ਜਾਰੀ ਨਹੀਂ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਯੂਪੀ ਦੇ ਮਥੁਰਾ ਇਲਾਕੇ ਤੱਕ ਮਾਰ ਕਰਨ ਵਾਲੀ ਬਰਨਾਲਾ ਪੁਲਿਸ , ਸਿੱਧੂ ਮੂਸੇਵਾਲਾ ਦੇ ਸਾਹਮਣੇ ਬੌਣੀ ਸਾਬਿਤ ਹੋ ਗਈ। ਕਿਉਂਕਿ ਸਿੱਧੂ ਦੇ ਆਪਣੇ ਪਿੰਡ ਮੂਸੇਵਾਲਾ ਮੌਜੂਦ ਰਹਿਣ ਦੇ ਬਾਵਜੂਦ ਵੀ ਪੁਲਿਸ ਟੀਮ ਹੋਰ ਥਾਂਵਾ ਤੇ ਹੀ ਖਾਕ ਛਾਣਦੀ ਫਿਰਦੀ ਰਹੀ।

Advertisement

-ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ ,,,

ਸਿੱਧੂ ਮੂਸੇਵਾਲਾ ਨੇ ਆਪਣੇ ਗੀਤ, ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ, ਦੇ ਬੋਲਾਂ ਨੂੰ ਸੱਚ ਸਾਬਿਤ ਕਰ ਦਿਖਾਇਆ ਹੈ। ਕਿਉਂਕਿ ਫਾਇਰਿੰਗ ਕਰਨ ਦੇ ਬਾਵਜੂਦ ਪੁਲਿਸ ਨੇ ਉਹਦੇ ਖਿਲਾਫ ਆਰਮਜ਼ ਐਕਟ ਦੀ ਧਾਰਾ ਨਹੀਂ ਲਾਈ। ਕੇਸ ਦਰਜ ਹੋਣ ਦੇ 13 ਦਿਨ ਤੱਕ ਉਹ ਜਾਂ ਉਹਦਾ ਕੋਈ ਸਾਥੀ ਨਾ ਪੁਲਿਸ ਕੋਲ ਪੇਸ਼ ਵੀ ਨਹੀਂ ਹੋਇਆ । ਸਿੱਧੂ ਨੂੰ ਨੋਟਿਸ ਦੇਣ ਪਹੁੰਚੀ ਪੁਲਿਸ ਟੀਮ ਨੇ ਬੇਸ਼ੱਕ ਉਹਦੇ ਨਾ ਮਿਲਣ ਦੀ ਗੱਲ ਕਹਿ ਕੇ ਬੁੱਤਾ ਸਾਰ ਦਿੱਤਾ ਹੈ। ਪਰ ਸਿੱਧੂ ਨੇ 16 ਮਈ ਦੀ ਸਵੇਰੇ ਕਰੀਬ 11: 20 ਤੇ ਆਪਣੇ ਖੇਤ ਆਵਦੇ ਬਾਪੂ ਨਾਲ ਫਿਰਦੇ ਦੀ ਵੀਡੀਉ ਅਪਲੋਡ ਕਰਕੇ ਪੁਲਿਸ ਨੂੰ ਠੋਸਾ ਦਿਖਾ ਕੇ ਕਹਿ ਦਿੱਤਾ ਕਿ ਉਹਨੂੰ ਅਜਿਹੇ ਕੇਸਾਂ ਜਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਹੈ।

ਹਾਈਕੋਰਟ ਚ, ਜਨ ਹਿੱਤ ਰਿੱਟ ਵੀ ਦਾਇਰ

ਬਰਨਾਲਾ ਪੁਲਿਸ ਦੇ ਸਿੱਧੂ ਮੂਸੇਵਾਲਾ ਦੇ ਧੱਕੇ ਅੱਗੇ ਨਤਮਸਤਕ ਹੋ ਜਾਣ ਕਾਰਣ ਐਡਵੋਕੇਟ ਰਵੀ ਜੋਸ਼ੀ ਨੇ ਪੰਜਾਬ  ਅਤੇ ਹਰਿਆਣਾ ਹਾਈਕੋਰਟ ਚ, ਇੱਕ ਪੀਆਈਐਲ ਵੀ ਦਾਇਰ ਕਰ ਦਿੱਤੀ ਹੈ। ਜਿਸ ਦੀ ਸੁਣਵਾਈ 18 ਮਈ ਤੱਕ ਹੋਣ ਦੀ ਉਮੀਦ ਹੈ। ਇੱਕ ਹੋਰ ਪ੍ਰਸਿੱਧ ਐਡਵੋਕੇਟ ਐਚ.ਸੀ. ਅਰੋੜਾ ਨੇ ਪੀਆਈਐਲ ਦਾਇਰ ਕਰਨ ਤੋਂ ਪਹਿਲਾਂ ਪੁਲਿਸ ਨੂੰ ਨੋਟਿਸ ਜਾਰੀ ਭੇਜ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਹਾਈਕੋਰਟ ਦੇ ਇੱਕ ਹੋਰ ਐਡਵੋਕੇਟ ਹਾਕਮ ਸਿੰਘ ਤੇ ਉਸਦੇ 4 ਹੋਰ ਸਾਥੀਆਂ ਨੇ ਵੀ ਪੀਆਈਐਲ ਪਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

-ਕੌਣ ਕੌਣ ਹੈ, ਕੇਸ ਚ, ਨਾਮਜਦ ਦੋਸ਼ੀ,,

ਥਾਣਾ ਧਨੌਲਾ ਚ, ਗਾਇਕ ਸਿੱਧੂ ਮੂਸੇਵਾਲਾ , ਕਰਮ ਸਿੰਘ ਲਹਿਲ ਸੰਗਰੂਰ, ਜੰਗਸ਼ੇਰ ਸਿੰਘ ਪਟਿਆਲਾ, ਇੰਦਰ ਗਰੇਵਾਲ ਅਤੇ ਸੰਗਰੂਰ ਦੇ ਏਐਸਆਈ ਬਲਕਾਰ ਸਿੰਘ, ਹੌਲਦਾਰ ਗਗਨਦੀਪ ਸਿੰਘ , ਹੌਲਦਾਰ ਗੁਰਜਿੰਦਰ ਸਿੰਘ ,ਸਿਪਾਹੀ ਜਸਵੀਰ ਅਤੇ ਹਰਵਿੰਦਰ ਸਿੰਘ ਸੰਗਰੂਰ ਦੇ ਖਿਲਾਫ ਅਧੀਨ ਜੁਰਮ 188 ਆਈਪੀਸੀ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪਰੰਤੂ ਕੇਸ ਦੇ ਤਫਤੀਸ਼ ਅਧਿਕਾਰੀ ਐਸਐਚਉ ਮੇਜਰ ਸਿੰਘ ਨੇ ਐਫਆਈਆਰ ਚ, ਫਾਇਰੰਗ ਹੋਣ ਦਾ ਜਿਕਰ ਕਰਨ ਤੋਂ ਬਾਅਦ ਵੀ ਅਸਲਾ ਐਕਟ ਦੀ ਧਾਰਾ ਨਹੀਂ ਲਗਾਈ।

ਜੁਆਬ ਮੰਗਦੇ ਕੁਝ ਅਹਿਮ ਸਵਾਲ

ਗੋਲੀਆਂ ਚਲਾਉਣ ਸਮੇਂ ਵਰਤੀ ਗਈ ਏ.ਕੇ 47 ਰਾਈਫਲ ਕਿਸ ਦੀ ਸੀ ?

ਗੋਲੀਆਂ ਚਲਾਉਣ ਸਮੇਂ ਉਸ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਮੌਜੂਦ ਸਨ ?

ਇਸ ਮੌਕੇ ਸੰਗਰੂਰ ਦੇ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਦੇ ਕਿਹੜੇ ਹੋਰ ਗੰਨਮੈਨ ਜਾਂ ਪੁਲਿਸ ਕਰਮਚਾਰੀ ਮੌਜੂਦ ਰਹੇ ?

ਕੀ ਇਸ ਮੌਕੇ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਖੁਦ ਵੀ ਮੌਜੂਦ ਸਨ ?

ਉਸ ਮੌਕੇ ਏ.ਕੇ 47 ਰਾਈਫਲ ਦੇ ਕਿੰਨ੍ਹੇ ਰਾਉਂਡ ਫਾਇਰ ਕੀਤੇ ਗਏ  ?

ਏ.ਕੇ 47 ਰਾਈਫਲ ਦੇ ਫਾਇਰ ਕਰਨ ਤੋਂ ਬਾਅਦ ਗੋਲੀਆਂ ਦੇ ਖੋਲ ਕਿੱਥੇ ਖੁਰਦ-ਬੁਰਦ ਕੀਤੇ ਗਏ ?

ਏ.ਕੇ 47 ਰਾਈਫਲ ਦੇ ਫਾਇਰ ਕਰਨ ਤੋਂ ਬਾਅਦ ਰਾਈਫਲ ਕਿਸ ਨੂੰ ਸੌਂਪੀ ?

Advertisement
Advertisement
Advertisement
Advertisement
Advertisement
error: Content is protected !!