ਦੇਸ਼ ਲਈ ਸਰਵਉਚ ਬਲਿਦਾਨ ਦੇਣ ਵਾਲਿਆਂ ਦੀ ਸਦੀਵੀ ਯਾਦ ਕਾਇਮ ਰਹੇਗੀ—ਡਾ: ਸੇਨੂ ਦੁੱਗਲ
ਨੌਜਵਾਨ ਆਪਸੀ ਭਾਈਚਾਰਾ ਬਣਾ ਕੇ ਰਾਸ਼ਟਰ ਨਿਰਮਾਣ ਵਿਚ ਭੁਮਿਕਾ ਨਿਭਾਉਣ—ਨਰਿੰਦਰਪਾਲ ਸਿੰਘ ਸਵਨਾ
ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕਰਵਾਇਆ ਗਿਆ ਯਾਦਗਾਰੀ ਸਮਾਗਮ
ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 17 ਦਸੰਬਰ 2022
1971 ਦੀ ਭਾਰਤ ਪਾਕਿ ਜੰਗ ਵਿਚ ਮੁਲਕ ਦੀ ਜਿੱਤ ਦੇ ਪ੍ਰਤੀਕ ਵਜੋਂ ਨਿਰਮਿਤ ਵਿਜੈ ਸੰਤਭ (ਵਿਕਟਰੀ ਟਾਵਰ) ਦਾ ਅੱਜ ਸ਼ਹੀਦਾਂ ਦੀ ਸਮਾਧੀ ਆਸਫਵਾਲਾ ਵਿਖੇ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਲੈਫ: ਜਨਰਲ ਸ੍ਰੀ ਸੰਜੀਵ ਰਾਏ, ਫਾਜਿ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ, ਨੇ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਮੈਂਬਰਾਨ ਦੀ ਹਾਜਰੀ ਵਿਚ ਕੀਤਾ।
ਇਸ ਤੋਂ ਪਹਿਲਾਂ 1971 ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਬਣੀ ਜੰਗੀ ਯਾਦਗਾਰ ਵਿਖੇ ਲੈਫ: ਜਨਰਲ ਸ੍ਰੀ ਸੰਜੀਵ ਰਾਏ, ਬ੍ਰਿਗੇਡੀਅਰ ਮਨੀਸ਼ ਕੁਮਾਰ ਜ਼ੈਨ, ਫਾਜਿ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ, ਜਿ਼ਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ, ਐਸਐਸਪੀ ਸ੍ਰੀ ਭੁਪਿੰੰਦਰ ਸਿੰਘ ਸਮੇਤ ਸਾਰੇ ਜੰਗੀ ਸੈਨਾਨਿਆਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਹੋਰ ਮਹਿਮਾਨਾਂ ਨੇ ਫੁਲ ਮਾਲਾਵਾਂ ਭੇਂਟ ਕੀਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ 1971 ਦੀ ਭਾਰਤ ਪਾਕਿ ਜੰਗ ਵਿਚ ਜਿੱਤ ਦੇ ਜ਼ਸ਼ਨਾਂ ਵਜੋਂ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਇਹ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪਹੁੰਚਣ ਵਾਲਿਆਂ ਨੂੰ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸ੍ਰੀ ਪ੍ਰਫੁਲ ਚੰਦਰ ਨਾਗਰਪਾਲ, ਸ੍ਰੀ ਸ਼ਸੀ ਕਾਂਤ, ਸ੍ਰੀ ਰਵੀ ਨਾਗਪਾਲ ਆਦਿ ਨੇ ਸਵਾਗਤ ਕੀਤਾ। ਇਸ ਮੌਕੇ 1971 ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜੰਗੀ ਸੈਨਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੂੱਗਲ ਆਈਏਐਸ ਨੇ ਦੇਸ਼ ਲਈ ਸਰੱਵਉਚ ਬਲਿਦਾਨ ਦੇਣ ਵਾਲੇ ਸੈਨਾਨੀਆਂ ਨੂੰ ਨਮਨ ਕਰਦਿਆਂ ਕਿਹਾ ਕਿ ਉਕਤ ਜੰਗ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਦੁਸ਼ਮਣ ਨੇ ਮੁੜ ਭਾਰਤ ਨਾਲ ਸਿੱਧੀ ਜੰਗ ਕਰਨ ਦਾ ਸਾਹਸ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਬਲਿਦਾਨੀਆਂ ਦੀ ਸ਼ਹਾਦਤ ਸਾਡੇ ਮਨਾਂ ਵਿਚ ਸਦੀਵੀ ਯਾਦ ਬਣਕੇ ਸਦਾ ਬਰਕਰਾਰ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਇੱਥੇ ਬਣਾਏ ਗਏ ਵਿਕਟਰੀ ਟਾਵਰ ਤੇ 39 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਹ 1971 ਦੇ ਸ਼ਹੀਦਾਂ ਦੀ ਯਾਦ ਵਿਚ 71 ਫੁੱਟ ਦੀ ਉਚਾਈ ਦਾ ਬਣਾਇਆ ਗਿਆ ਹੈ।
ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਫਾਜਿ਼ਲਕਾ ਦੇ ਰਾਖੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੇ ਨਾਲ ਨਾਲ ਦੇਸ਼ ਦੀ ਤਰੱਕੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਪੜਾਈ ਅਤੇ ਖੇਡਾਂ ਸਹਾਰੇ ਅੱਗੇ ਵੱਧ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ।
ਇਸ ਮੌਕੇ ਸਰਵਹਿੱਤਕਾਰੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਲਘੂ ਨਾਟਕ ਨੇ ਸਮੂਹ ਹਾਜਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਤੋਂ ਪਹਿਲਾਂ ਸਵੇਰੇ ਲੜਕੇ ਅਤੇ ਲੜਕੀਆਂ ਦੀ ਮੈਰਾਥਨ ਵੀ ਕਰਵਾਈ ਗਈ।
ਇਸ ਮੌਕੇ ਡੀਐਲਐਸਏ ਦੇ ਸਕੱਤਰ ਸ੍ਰੀ ਅਮਨਦੀਪ ਸਿੰਘ, ਨਾਇਬਤਹਿਸੀਲਦਾਰ ਨਰਿੰਦਰ ਸਿੰਘ ਬਾਜਵਾ, ਮਨਜੋਤ ਖੇੜਾ, ਮੰਡੀ ਬੋਰਡ ਦੇ ਅਧਿਕਾਰੀ ਸ੍ਰੀ ਸਾਹਿਲ ਗਗਨੇਜਾ, ਨਵਦੀਪ ਅਸੀਜਾ ਸਮੇਤ ਇਲਾਕੇ ਦੇ ਪਤਵੰਤੇ ਹਾਜਰ ਸਨ।