ਘਪਲੇਬਾਜੋ ਹੋਸ਼ਿਆਰ- ਲੋਕ ਹਿੱਤ ‘ਚ ਚੱਲਿਆ ਮੀਤ ਹੇਅਰ ਦਾ ਹਰਾ ਪੈਨ
ਤੇਜਿੰਦਰ ਸਿੰਘ ਹੰਡਿਆਇਆ ਦੀ ਸ਼ਕਾਇਤ ਨੂੰ ਗੰਭੀਰਤਾ ਨਾਲ ਲਿਆ
ਰਘਵੀਰ ਹੈਪੀ , ਬਰਨਾਲਾ 8 ਦਸੰਬਰ 2022
ਉਚੇਰੀ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ, ਹੁਣ ਨਗਰ ਪੰਚਾਇਤ ਹੰਡਿਆਇਆ ‘ਚ ਹੋਏ ਕਥਿਤ ਘਪਲਿਆਂ ਦੀ ਜਾਂਚ ਲਈ, ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸ.ਐਸ.ਪੀ ਨੂੰ ਸਿਫਾਰਿਸ਼ ਕਰ ਦਿੱਤੀ ਹੈ। ਮੰਤਰੀ ਵੱਲੋਂ ਜਾਂਚ ਦੀ ਸਿਫਾਰਿਸ਼ ਕਰ ਦੇਣ ਨਾਲ, ਨਗਰ ਪੰਚਾਇਤ ਵਿੱਚ ਵਿਕਾਸ ਕੰਮ ਕਰਵਾਉਣ ਸਮੇਂ ਵਰਤੇ ਦੋਮ ਦਰਜ਼ੇ ਦੇ ਮੈਟੀਰੀਅਲ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਨਗਰ ਪ੍ਰਬੰਧਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਵਰਨਣਯੋਗ ਹੈ ਕਿ ਤੇਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ,ਵਾਸੀ ਵਾਰਡ ਨੰਬਰ 8, ਨੇੜੇ ਐਸ.ਬੀ.ਆਈ ਬੈਂਕ ਹੰਡਿਆਇਆ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਐਸ.ਐਸ.ਪੀ. ਨੂੰ ਪੱਤਰ ਲਿਖਿਆ ਸੀ , ਜਿਸ ਦਾ ਮਜਮੂਨ ਸੀ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਗਲੀਆਂ ਵਿੱਚ ਲਗਾਈ ਗਈ ਇੰਟਰਲੌਕ ਟਾਇਲ ਵਿੱਚ ਘਟੀਆ ਅਤੇ ਟੈਂਡਰ ਅਨੁਸਾਰ ਨਿਰਧਾਰਿਤ ਮਟੀਰਿਅਲ ਦੀ ਵਰਤੋਂ ਨਾ ਕਰਕੇ ਵੱਡਾ ਘਪਲਾ ਕੀਤਾ ਗਿਆ ਹੈ। ਤੇਜਿੰਦਰ ਸਿੰਘ ਦਾ ਦੋਸ਼ ਹੈ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਵਿਕਾਸ ਦੇ ਨਾਮ ਤੇ ਗਲੀਆਂ/ਮੁਹੱਲਿਆਂ ਵਿੱਚ ਇੰਟਰਲੌਕ ਟਾਇਲ ਲਗਾਈ ਗਈ ਹੈ। ਜਿਸ ਵਿੱਚ ਇੰਟਰਲੌਕ ਟਾਇਲ ਅਤੇ ਮਟੀਰਿਅਲ ਟੈਂਡਰ ਅਨੁਸਾਰ ਨਿਰਧਾਰਿਤ ਮਟੀਰਿਅਲ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋ ਵੱਖ ਵੱਖ ਕੰਮ ਕਰਨ ਵਾਲੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਘਟੀਆਂ ਅਤੇ ਨਿਸਚਿਤ ਮਟੀਰਿਅਲ ਦੀ ਵਰਤੋਂ ਨਹੀਂ ਕੀਤੀ ਗਈ ਹੈ । ਇਸ ਤਰਾਂ ਕਰਕੇ ਪ੍ਰਬੰਧਕਾਂ/ ਅਧਿਕਾਰੀਆਂ ਤੇ ਠੇਕੇਦਾਰਾਂ ਨੇ ਮਿਲੀਭੁਗਤ ਕਰਕੇ ਕਥਿਤ ਤੌਰ ਤੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਸ ਕੋਲ ਮਟੀਰਿਅਲ ਲਗਾਉਣ ਸਮੇਂ ਦੀਆਂ ਵੀਡਿਓਜ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਠੇਕੇਦਾਰ ਨਾਲ ਰਿਸ਼ਵਤ ਦੇ ਪੈਸਿਆਂ ਨੂੰ ਲੈ ਕੇ ਹੋਈ ਆਪਸੀ ਬਹਿਸ ਦੀ ਆਡੀਓ ਵੀ ਸਬੂਤ ਵਜੋਂ ਰੱਖੀਆਂ ਹੋਈਆਂ ਹਨ। ਜਿਹੜੀਆਂ ਇਨਕੁਆਰੀ ਸਮੇ ਪੇਸ਼ ਕਰ ਦਿੱਤੀਆਂ ਜਾਣਗੀਆਂ । ਉਨ੍ਹਾਂ ਮੰਗ ਕੀਤੀ ਕਿ ਇਹ ਵੱਡੇ ਘਪਲੇ ਦੀ ਜਾਂਚ ਕਰਕੇ,ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਫੌਜਦਾਰੀ ਪਰਚੇ ਦਰਜ ਕੀਤੇ ਜਾਣ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਸ ਦੁਰਖਾਸਤ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨੂੰ ਲਿਖਿਆ ਹੈ ਕਿ ਕ੍ਰਿਪਾ ਕਰਕੇ, ਜਾਂਚ ਕਰੋ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।