ਅਰਵਿੰਦ ਕੇਜ਼ਰੀਵਾਲ ਤਾਂ ਸਿਮਰਨਜੀਤ ਸਿੰਘ ਮਾਨ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ
ਰਘਵੀਰ ਹੈਪੀ , ਬਰਨਾਲਾ 17 ਅਕਤੂਬਰ 2022
ਸੋਚਦੇ ਸੀ ਕਿ ਸਿਮਰਨਜੀਤ ਸਿੰਘ ਮਾਨ ਹੀ ਇਸ ਕਿਸਮ ਦੀ ਹਰਕਤ ਕਰ ਸਕਦਾ ਹੈ,ਪਰੰਤੂ ਅਰਵਿੰਦ ਕੇਜ਼ਰੀਵਾਲ ਤਾਂ ਉਸ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ । ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਸਕੇ ਮੰਤਰੀਆਂ ਸਤਯੇੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਜੰਗੇ ਆਜ਼ਾਦੀ ਦੇ ਮਹਾਨ ਇਨਕਲਾਬੀ ਯੋਧੇ ਸ਼ਹੀਦ ਭਗਤ ਸਿੰਘ ਦਾ ਦਰਜਾ ਦੇਣ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਥਨ ਸਿਰੇ ਦਾ ਬਚਕਾਨਾ ਤੇ ਪਾਖੰਡੀ ਬਿਆਨ ਹੈ। ਆਮ ਆਦਮੀ ਪਾਰਟੀ ਦੇ ਮੁਖੀ ਨੇ ਕਰੋੜਾਂ ਦੇਸ਼ ਵਾਸੀਆਂ ਦੇ ਸ਼ਹੀਦ ਪ੍ਰਤੀ ਸਤਿਕਾਰ ਤੇ ਨਿਸ਼ਠਾ ਦਾ ਮਜਾਕ ਉਡਾਇਆ ਹੈ।
ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੋਂ ਅਪਣਾ ਇਹ ਬਿਆਨ ਤੁਰੰਤ ਵਾਪਸ ਲੈਣ ਅਤੇ ਦੇਸ਼ਵਾਸੀਆਂ ਤੋਂ ਮਾਫ਼ੀ ਮੰਗਣ ਦੀ ਜੋਰਦਾਰ ਮੰਗ ਕੀਤੀ ਹੈ। ਆਜ਼ਾਦੀ ਦੀ ਕਿਹੜੀ ਦੂਜੀ ਜੰਗ ਦੀ ਗਲ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਸਾਮਰਾਜੀ ਕਾਰਪੋਰੇਟ ਨੀਤੀਆਂ ਨੂੰ ਲਾਗੂ ਕਰਨ ਦੇ ਮਾਮਲੇ ‘ਚ , ਕਸ਼ਮੀਰ ਮਸਲੇ ਦੇ ਧਾਰਾ 370 ਤੋੜਣ ਅਤੇ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਖਤਮ ਕਰਨ, ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ, ਦਿੱਲੀ ‘ਚ ਸ਼ਾਹੀਨ ਬਾਗ ਅੰਦੋਲਨ ਤੋਂ ਪਾਸਾ ਵਟਣ, ਦਿੱੱਲੀ ਦੰਗਿਆਂ ਚ ਤੇ ਬਾਅਦ ‘ਚ ਦੇਸ਼ ਭਰ ‘ਚ ਮੁਲਕ ਦੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਿਮ ਵਰਗ ਖਿਲਾਫ ਫਾਸ਼ੀ ਹਮਲਿਆਂ ਦੇ ਮਾਮਲੇ ‘ਚ, ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਚ ਵੱਡੇ ਪੂੰਜੀਪਤੀਆਂ ਨੂੰ ਭੇਜਣ ਦੇ ਮੁੱਦੇ ਤੇ,ਸਕੂਲੀ ਸਿੱਖਿਆ ਚ ਮੀਲ ਪੱਥਰ ਗੱਡਣ ਦਾ ਰੋਲਾ ਪਾਉਣ ਪਰ ਦੇਸ਼ ਵਿਰੋਧੀ ਨਵੀਂ ਵਿਦਿਅਕ ਨੀਤੀ 2020 ਪ੍ਰਤੀ ਅਜੇ ਤੱਕ ਮੁੰਹ ਨਾ ਖੋਲਣ , ਪੰਜਾਬ ਨੂੰ ਅਪਣੀ ਨਿੱਜੀ ਰਿਆਸਤ ਬਣਾ ਲੈਣ, ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਭਰਿਸ਼ਟਾਚਾਰ ਦੇ ਖਾਤਮੇ ਲਈ ਲੋਕਪਾਲ ਬਿਲ ਲੈ ਕੇ ਆਉਣ, ਕਾਲੇ ਖੇਤੀ ਕਨੂੰਨਾਂ ਖਿਲਾਫ ਦੋਗਲਾ ਸਟੈਂਡ ਆਦਿ ਅਨੇਕਾਂ ਸਵਾਲ ਹਨ ਜਿਹੜੇ ਤੁਹਾਡੀ ਆਜਾਦੀ ਦੀ ਦੂਜੀ ਜੰਗ ਦੀ ਫੂਕ ਕੱਢਦੇ ਹਨ।
ਉਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਵਾਂਗ ਹੁਣ ਗੁਜਰਾਤ ਚ ਵੀ ਆਮ ਆਦਮੀ ਸੁਪਰੀਮੋ ਦੂਜੀਆਂ ਮੋਕਾਪ੍ਰਸਤ ਪਾਰਟੀਆਂ ਵਾਂਗ ਰਿਆਇਤਾਂ ਦੇ ਲੋਲੀਪੋਪ ਵੰਡ ਕੇ ਸੱਤਾ ਤੇ ਕਾਬਜ ਹੋਣਾ ਚਾਹੁੰਦਾ ਹੈ,ਜਿਸਦਾ ਕਿ ਸਿੱਧਾ ਅਸਰ ਖਜ਼ਾਨੇ ਤੇ ਪਵੇਗਾ ਤੇ ਹੋਰਨਾਂ ਜਰੂਰੀ ਕਾਰਜਾਂ ਲਈ ਪੈਸਾ ਨਹੀਂ ਬਚੇਗਾ। ਉਨਾਂ ਸ਼੍ਰੀ ਮਾਨ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕਾਰਪੋਰੇਟ ਦਾ ਗਲਬਾ ਦੇਸ਼ ‘ਚੋਂ ਖਤਮ ਕਰਨ, ਲੋਕਾਂ ਦੇ ਮੁੰਹ ‘ਚੋਂ ਆਖਰੀ ਬੁਰਕੀ ਖੋਹ ਰਹੀ ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜ਼ਗਾਰੀ ਦੇ ਖਾਤਮੇ ਲਈ, ਰਾਜਾਂ ਦੇ ਖੋਹੇ ਜਾ ਰਹੇ ਅਧਿਕਾਰਾਂ ਦੀ ਬਹਾਲੀ ਲਈ, ਭਾਜਪਾ ਦੇ ਫਿਰਕੂ ਫਾਸ਼ੀਵਾਦ ਦਾ ਡਟਵਾਂ ਵਿਰੋਧ ਕਰਨ ਦਾ ਐਲਾਨਿਆ ਸਵਰਾਜ ਦਾ ਪ੍ਰੋਗਰਾਮ ਕਿਹੜੇ ਬਸਤੇ ਚ ਬੰਦ ਕਰ ਦਿੱਤਾ ਹੈ। ਇਨਾਂ ਭਖਵੇਂ ਤੇ ਗੰਭੀਰ ਮਸਲਿਆਂ ਦੇ ਹੱਲ ਨੂੰ ਸੰਬੋਧਨ ਹੋਣ ਦੀ ਥਾਂ ਭਾਜਪਾ ਤੇ ਕਾਂਗਰਸ ਵਾਂਗ ਚੋਣ ਟਪੂਸੀਆਂ ਆਜ਼ਾਦੀ ਦੀ ਦੂਜੀ ਜੰਗ ਨਹੀਂ ਹੋ ਸਕਦੀ ਸਗੋਂ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਦੀ ਮੌਕਾਪ੍ਰਸਤ ਮੁਸ਼ੱਕਤ ਤਾਂ ਹੋ ਸਕਦੀ ਹੈ। ਆਗੂਆਂ ਨੇ ਮਿਹਨਤਕਸ਼ ਲੋਕਾਂ ਨੂੰ ਅਜਿਹੇ ਪਖੰਡੀ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦੀ ਜੋਰਦਾਰ ਅਪੀਲ ਕੀਤੀ।