ਕਾਰਵਾਈ ਬਾਰੇ ਪੁੱਛਣ ਤੇ, ਪੁਲਿਸ ਅਧਿਕਾਰੀ ਨੇ ਧਾਰੀ ਚੁੱਪ
ਮੁਕੇਸ਼ ਕੁਮਾਰ, ਬਰਨਾਲਾ 18 ਅਕਤੂਬਰ 2022
ਸ਼ਹਿਰ ਦੇ ਕਚਿਹਰੀ ਚੌਂਕ ਖੇਤਰ ‘ਚ ਮਸ਼ਹੂਰ ਹੋਟਲ ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਅਚਾਣਕ ਛਾਪਾ ਮਾਰ ਕੇ, ਹੋਟਲ ਵਿੱਚ ਭਗਦੜ ਮਚਾ ਦਿੱਤੀ। ਪੁਲਿਸ ਨੇ, ਹੋਟਲ ਵਿੱਚੋਂ ਮਿਲੀ ਇੱਕ ਨੌਜਵਾਨ ਜੋੜੀ ਨੂੰ ਸ਼ੱਕੀ ਹਾਲਤ ਵਿੱਚ ਪੁੱਛਗਿੱਛ ਤੋਂ ਬਾਅਦ, ਉਥੋਂ ਹੀ ਛੱਡ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਸਿਟੀ 2 ਦੀ ਪੁਲਿਸ ਨੂੰ ਕਿਸੇ ਵਿਅਕਤੀ ਨੇ, ਹੋਟਲ ਵਿੱਚ ਮੁੰਡੇ-ਕੁੜੀਆਂ ਦੇ ਆਉਣ ਸਬੰਧੀ ਸ਼ਕਾਇਤ ਕੀਤੀ ਸੀ। ਸ਼ਕਾਇਤ ਦੀ ਜਾਂਚ ਲਈ, ਥਾਣਾ ਸਿਟੀ-2 ਦੇ ਏ.ਐਸ.ਆਈ. ਬੂਟਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਅਤੇ ਪੀਸੀਆਰ ਦੀ ਇੱਕ ਟੋਲੀ ਨੇ ਅਚਾਣਕ ਛਾਪਾ ਮਾਰਿਆ, ਚਸ਼ਮਦੀਦ ਵਿਅਕਤੀਆਂ ਅਨੁਸਾਰ, ਪੁਲਿਸ ਨੂੰ ਮੌਕੇ ਤੋਂ ਸ਼ੱਕੀ ਹਾਲਤ ਵਿੱਚ ਇੱਕ ਜੋੜਾ ਮਿਲਿਆ। ਜਿਸ ਨੂੰ ਪੁਲਿਸ ਟੀਮ ਨੇ, ਤਹਿਕੀਕਾਤ ਤੋਂ ਬਾਅਦ ਛੱਡ ਦਿੱਤਾ। ਪੁਲਿਸ ਟੀਮ ਨੇ, ਹੋਟਲ ਦੇ ਕਮਰਿਆਂ ਦੀ ਚੈਕਿੰਗ ਵੀ ਕੀਤੀ। ਪੁਲਿਸ ਟੀਮ ਨੂੰ ਵੇਖਦਿਆਂ ਹੀ, ਹੋਟਲ ਦੇ ਕਰਮਚਾਰੀਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ ਸੁਖਵਿੰਦਰ ਸਿੰਘ ਸੰਘਾ ਨੇ ਪੁਲਿਸ ਰੇਡ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੇਡ ਕਰਨ ਲਈ, ਏਐਸ.ਆਈ. ਬੂਟਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਰੇਡ ਕੀਤੀ ਸੀ। ਪਰੰਤੂ ਮੈਂ ਕਿਸੇ ਹੋਰ ਮਾਮਲੇ ਸਬੰਧੀ ਰੇਡ ਕਰਨ ਲਈ, ਸ਼ਹਿਰ ਤੋਂ ਬਾਹਰ ਹਾਂ, ਥਾਣੇ ਪਹੁੰਚ ਕੇ, ਸਬੰਧਿਤ ਪੁਲਿਸ ਅਧਿਕਾਰੀ ਤੋਂ ਜਾਣਕਾਰੀ ਲੈ ਕੇ,ਕੁੱਝ ਦੱਸ ਸਕਦਾ ਹਾਂ। ਉੱਧਰ ਰੇਡ ਦੀ ਅਗਵਾਈ ਕਰਨ ਵਾਲੇ ਏ.ਐਸ.ਆਈ. ਬੂਟਾ ਸਿੰਘ ਨੇ ਫੋਨ ਕਰਨ, ਰੇਡ ਬਾਰੇ ਗੱਲ ਤਾਂ ਸੁਣੀ, ਪਰੰਤੂ ਉੱਥੋਂ ਕੁੱਝ ਬਰਾਮਦ ਹੋਣ ਅਤੇ ਨੌਜਵਾਨ ਜੋੜੇ ਨੂੰ ਰਿਹਾ ਕਰਨ ਬਾਰੇ, ਕੁੱਝ ਜੁਆਬ ਦੇਣ ਦੀ ਬਜਾਏ, ਹੈਲੋ-ਹੈਲੋ ਕਰਕੇ,ਫੋਨ ਕੱਟ ਦਿੱਤਾ। ਵਰਣਨਯੋਗ ਹੈ ਕਿ ਇਸੇ ਹੋਟਲ ਚੋਂ ਲੰਬਾ ਅਰਸਾ ਪਹਿਲਾਂ ਤਤਕਾਲੀ ਡੀਐਸਪੀ ਰੁਪਿੰਦਰ ਭਾਰਦਵਾਜ ਨੇ ਰੇਡ ਕਰਕੇ, ਕਈ ਜ਼ੋੜਿਆਂ ਨੂੰ ਕਾਬੂ ਕਰਕੇ, ਉਨ੍ਹਾਂ ਅਤੇ ਹੋਟਲ ਮਾਲਿਕ ਖਿਲਾਫ ਇੰਮੌਰਲ ਟ੍ਰੈਫਿਕਿੰਗ ਐਕਟ ਤਹਿਤ ਕੇਸ ਵੀ ਦਰਜ ਕਰਕੇ, ਗਿਰਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਇਹ ਹੋਟਲ ਇਤਰਾਜਯੋਗ ਗਤੀਵਿਧੀਆਂ ਲਈ, ਕਾਫੀ ਚਰਚਾ ਵਿੱਚ ਆ ਗਿਆ ਸੀ।