ਅਨੁਸੂਚਿਤ ਜਾਤੀ ਦੇ 51 ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਉਪਰੰਤ ਵੰਡੇ ਸਰਟੀਫਿਕੇਟ, ਸਿਖਿਆਰਥੀਆਂ ਨੂੰ ਵਿਭਾਗ ਵਲੋਂ 3500 ਰੁਪਏ ਦਿੱਤਾ ਗਿਆ ਵਜੀਫਾ
ਲੁਧਿਆਣਾ, 08 ਅਕਤੂਬਰ (ਦਵਿੰਦਰ ਡੀ ਕੇ)
ਡੇਅਰੀ ਵਿਕਾਸ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਲਾਭਪਾਤਰ ਸਿਖਿਆਰਥੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਉਪਰੰਤ ਸਰਟੀਫਿਕੇਟ ਵੰਡੇ ਗਏ ਅਤੇ 3500 ਰੁਪਏ ਵਜੀਫਾ ਵੀ ਦਿੱਤਾ ਗਿਆ। ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈ ਜਾ ਰਹੀ ਦੋ ਹਫਤੇ ਦੀ ਮੁਫਤ ਡੇਅਰੀ ਸਿਖਲਾਈ ਸਕੀਮ ਅਧੀਨ ਟ੍ਰੇਨਿੰਗ ਕਰ ਚੁੱਕੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਸੈਟਰ ਬੀਜਾ ਵਿਖੇ ਸਰਟੀਫਿਕੇਟ ਦੀ ਵੰਡ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬੀਜਾ ਵਿਖੇ ਇਸ ਮੁਫਤ ਡੇਅਰੀ ਸਿਖਲਾਈ ਦੌਰਾਨ 51 ਐਸ.ਸੀ. ਸਿਖਿਆਰਥੀਆਂ ਨੂੰ ਟ੍ਰੇਂਡ ਕੀਤਾ ਗਿਆ ਜਿਸ ਵਿਚ 50 ਪ੍ਰਤੀਸਤ ਮਹਿਲਾਵਾਂ ਦੀ ਭਾਗੀਦਾਰੀ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਵਿਭਾਗ ਵਲੋਂ 3500 ਰੁਪਏ ਵਜੀਫਾ ਵੀ ਦਿੱਤਾ ਗਿਆ ਅਤੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੈਟਨਰੀ ਯੂਨਿਵਰਸਿਟੀ ਵਲੋਂ ਤਿਆਰ ਲਿਟਰੇਚਰ ਵੀ ਦਿੱਤਾ ਗਿਆ ਅਤੇ ਵਿਭਾਗੀ ਸਕੀਮਾਂ ਸਬੰਧੀ ਕਿਟ ਵੀ ਤਿਆਰ ਕਰਕੇ ਮੁਹੱਈਆ ਕਰਵਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਪੇਡੂ ਖੇਤਰ ਦੇ ਐਸ.ਸੀ. ਸਿਖਿਆਰਥੀਆਂ ਨੂੰ ਪਸੂਆਂ ਦੀ ਸਾਂਭ ਸੰਭਾਲ, ਰੱਖ-ਰਖਾਵ ਅਤੇ ਨਸਲ ਸੁਧਾਰ ਦੇ ਨੁਕਤਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਕਰ ਚੁੱਕੇ ਐਸ.ਸੀ. ਲਾਭਪਾਤਰੀਆਂ ਦੇ ਡੇਅਰੀ ਯੂਨਿਟ ਵੀ ਵਿਭਾਗ ਵਲੋਂ ਤਿਆਰ ਕਰਵਾਏ ਜਾਣਗੇ ਅਤੇ ਉਨ੍ਹਾਂ ‘ਤੇ 33 ਪ੍ਰਤੀਸਤ ਸਬਸਿਡੀ ਵੀ ਵਿਭਾਗ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਮਿਲਕਿੰਗ ਮਸ਼ੀਨ ‘ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਸਦਾ ਕਿ ਜਲਦ ਤੋ ਜਲਦ ਲਾਭ ਲੈਣ ਲਈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਡੇਅਰੀ ਟੈਕਨਾਲੋਜਿਸਟ ਸ੍ਰੀ ਰਾਜਨ ਅਤੇ ਡੇਅਰੀ ਇੰਸਪੈਕਟਰ ਸ੍ਰੀ ਕੁਲਦੀਪ ਸਿੰਘ ਵੀ ਮੌਜੂਦ ਸਨ।