ਖੇਡ ਮੰਤਰੀ ਮੀਤ ਹੇਅਰ ਵੱਲੋਂ ਦਮਨੀਤ ਸਿੰਘ ਮਾਨ ਦੇ ਘਰ ਪੁੱਜ ਕੇ ਸਨਮਾਨ
ਬਰਨਾਲਾ, 6 ਅਕਤੂਬਰ ( ਸੋਨੀ)
ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਹੈਮਰ ਥਰੋਅ ਮੁਕਾਬਲੇ ਵਿੱਚ 67.62 ਮੀਟਰ ਥਰੋਅ ਸੁੱਟ ਕੇ ਨਵੇਂ ਨੈਸ਼ਨਲ ਗੇਮਜ਼ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਬਰਨਾਲਾ ਦੇ ਦਮਨੀਤ ਸਿੰਘ ਮਾਨ ਦੇ ਘਰ ਜਾ ਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਹੋਣਹਾਰ ਅਥਲੀਟ ਨੂੰ ਸਨਮਾਨਿਤ ਕੀਤਾ।
ਖੇਡ ਮੰਤਰੀ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਥਲੀਟ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਦਮਨੀਤ ਸਿੰਘ ਭਾਰਤੀ ਅਥਲੈਟਿਕਸ ਦਾ ਭਵਿੱਖ ਹੈ ਤੇ ਉਸ ਕੋਲ਼ੋਂ ਦੇਸ਼ ਨੂੰ ਵੱਡੀਆਂ ਆਸਾਂ ਹਨ। ਖੇਡ ਮੰਤਰੀ ਨੇ ਦਮਨੀਤ ਦੇ ਪਿਤਾ ਸ. ਬਲਦੇਵ ਸਿੰਘ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੇ ਬੇਟੇ ਦੀ ਪ੍ਰਾਪਤੀ ਬਰਨਾਲਾ ਦੇ ਨਾਲ ਹੀ ਪੂਰੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਖਿਡਾਰੀ ਸੂਬੇ ਵਿੱਚੋਂ ਪੈਦਾ ਕਰਨ ਲਈ ਖੇਡਾਂ ਵਿੱਚ ਜੌਹਰ ਦਿਖਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਬੇਹੱਦ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹੈ।
ਜ਼ਿਕਰਯੋਗ ਹੈ ਕਿ ਦਮਨੀਤ ਸਿੰਘ ਮਾਨ ਇਸ ਤੋਂ ਪਹਿਲਾ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਤੇ ਯੂਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਤਮਗੇ ਜਿੱਤ ਚੁੱਕਾ ਹੈ। ਹੁਣ ਦਮਨੀਤ ਸਿੰਘ ਮਾਨ ਨੇ ਗੁਜਰਾਤ ਵਿਖੇ ਨੈਸ਼ਨਲ ਖੇਡਾਂ ਦਾ 11 ਸਾਲ ਪੁਰਾਣਾ ਰਿਕਾਰਡ ਤੋੜ ਕੇ ਹੈਮਰ ਥਰੋਅ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਦਮਨੀਤ ਬਰਨਾਲ ਵਿਖੇ ਹੀ ਕੋਚ ਡਾ. ਸੁਖਰਾਜ ਸਿੰਘ ਬਾਠ ਕੋਲ ਤਿਆਰੀ ਕਰਦਾ ਹੈ।