ਕਿਸਾਨਾਂ, ਬੇਲਰ ਐਸੋਸੀਏਸ਼ਨ, ਪਰਾਲੀ ਵਰਤਣ ਵਾਲੇ ਉਦਯੋਗਾਂ, ਕੰਬਾਇਨ ਮਾਲਕਾਂ ਤੇ ਨਿਰਮਾਤਾਵਾਂ ਨਾਲ ਚਰਚਾ
ਰਘਵੀਰ ਹੈਪੀ , ਬਰਨਾਲਾ, 4 ਅਕਤੂਬਰ 2022
ਬਰਨਾਲਾ ਜ਼ਿਲ੍ਹੇ ਅੰਦਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿੱਚ ਉਪਲਬਧ ਸੀ.ਆਰ.ਐਮ. ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵਿਓਂਤਬੰਦੀ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਇਸ ਬਾਰੇ ਹੋਈ ਬੈਠਕ ਵਿੱਚ ਬੇਲਰ ਐਸੋਸੀਏਸ਼ਨ, ਕੰਬਾਇਨ ਮਾਲਕ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ।
ਬੈਠਕ ਦੌਰਾਨ ਟਰਾਈਡੈਂਟ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਆਪਣੇ ਧੌਲਾ ਪਲਾਂਟ ਦੇ ਆਸ ਪਾਸ ਦੇ ਕਰੀਬ 10 ਤੋਂ 12 ਪਿੰਡਾਂ ਦੀ ਪਰਾਲੀ ਫੈਕਟਰੀ ‘ਚ ਇਸਤੇਮਾਲ ਕਰਨਗੇ। ਡਬਲਿਊ ਆਰ ਐਮ ਬਾਈਚਾਮ ਪਲਾਂਟ ਭੀਖੀ, ਜ਼ਿਲ੍ਹਾ ਮਾਨਸਾ ਵਿਖੇ ਸਥਿਤ ਪਰਾਲੀ ਪ੍ਰਬੰਧਨ ਪਲਾਂਟ ਦੇ ਨੁਮਾਇੰਦਿਆਂ ਨੇ ਯਕੀਨ ਦਵਾਇਆ ਕਿ ਉਹਨਾਂ ਵਲੋਂ ਪੱਖੋਕੇ, ਰਾਜ਼ੀਆਂ ਅਤੇ ਅਸਪਾਲ ਪਿੰਡਾਂ ਦੀ ਪਰਾਲੀ ਇਸਤੇਮਾਲ ਕੀਤੀ ਜਾਵੇਗੀ।
ਇਸੇ ਤਰ੍ਹਾਂ ਬੇਲਰ ਮਾਲਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਬੇਲਰ ਮਾਲਕ ਆਪਣੇ ਬੇਲਰ ਅਤੇ ਉਹਨਾਂ ਦੇ ਨਾਲ ਨਾਲ ਲੋੜੀਂਦੇ ਟਰੈਕਟਰ ਟਰਾਲੀਆਂ ਵੱਖ ਵੱਖ ਪਿੰਡਾਂ ‘ਚ ਕੰਮ ਕਰਨ ਲਈ ਤਿਆਰ ਰੱਖਣ। ਉਨ੍ਹਾਂ ਨੇ ਇਸ ਮੌਕੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ।
ਇਸ ਬੈਠਕ ‘ਚ ਮੁੱਖ ਖੇਤੀਬਾੜੀ ਅਫਸਰ ਵਰਿੰਦਰ, ਸਂਗਰੂਰ ਆਰ ਐਨ ਜੀ ਬਾਇਓਮਾਸ ਪਲਾਂਟ ਤੋਂ, ਸੈੱਲ ਲਿਮਿਟਿਡ ਜੈਤੋ ਤੋਂ, ਵੱਖ ਵੱਖ ਬੇਲਰ ਮਾਲਕ ਆਦਿ ਮੌਜੂਦ ਸਨ।